ਸਿਹਤ ਵਿਭਾਗ 20 ਫੀਸਦੀ ਕੇਸ ਘਟਾਉਣ ’ਤੇ ਬ੍ਰਾਊਂਜ਼ ਮੈਡਲ ਨਾਲ ਸਨਮਾਨਿਤ
ਨਵਾਂਸ਼ਹਿਰ, 28 ਮਾਰਚ (ਪੰਜਾਬ ਪੋਸਟ ਬਿਊਰੋ) – ਤਪਦਿਕ (ਟੀ.ਬੀ) ਦੇ ਕੇਸਾਂ ਨੂੰ ਘਟਾਉਣ ਦੇ ਮਾਮਲੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਚੈਂਪੀਅਨ ਬਣ ਕੇ
ਉਭਰਿਆ ਹੈ।ਭਾਰਤ ਸਰਕਾਰ ਨੇ ਸ਼ਹੀਦ ਭਗਤ ਸਿੰਘ ਨਗਰ ਵਿਚ ਟੀ.ਬੀ ਕੇਸਾਂ ਨੂੰ ਘਟਾਉਣ ਲਈ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਨੂੰ ਬ੍ਰਾਊਂਜ਼ ਮੈਡਲ ਨਾਲ ਸਨਮਾਨਿਤ ਕੀਤਾ ਹੈ।ਇਹ ਸਨਮਾਨ ਨਵੀਂ ਦਿੱਲੀ ਵਿਖੇ 24 ਮਾਰਚ ਨੂੰ ਵਿਸ਼ਵ ਟੀ.ਬੀ ਦਿਵਸ ਮੌਕੇ ਕਰਵਾਏ ਗਏ ਰਾਸ਼ਟਰੀ ਪੱਧਰੀ ਸਮਾਗਮ ਵਿੱਚ ਦਿੱਤਾ ਗਿਆ।
ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਤਪਦਿਕ (ਟੀ.ਬੀ) ਦੀ ਬਿਮਾਰੀ ਨੂੰ ਸਾਲ 2025 ਤੱਕ ਖਤਮ ਕਰਨ ਦੇ ਟੀਚੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਨੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਜੋ ਕਿ ਸਾਡੇ ਲਈ ਬੇਹੱਦ ਮਾਣ ਵਾਲੀ ਗੱਲ ਹੈ।ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਭਵਿੱਖ ਵਿਚ ਵੀ ਇਸ ਬਿਮਾਰੀ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰਦਾ ਰਹੇਗਾ।
ਭਾਰਤ ਸਰਕਾਰ ਦੇਸ਼ ਵਿੱਚੋਂ ਟੀ.ਬੀ ਦੀ ਬਿਮਾਰੀ ਦੇ ਬੋਝ ਨੂੰ ਘਟਾਉਣ ਲਈ ਜ਼ਿਲ੍ਹਿਆਂ ਨੂੰ ਢੁੱਕਵੇਂ ਕਦਮ ਉਠਾਉਣ ਲਈ ਉਤਸ਼ਾਹਿਤ ਕਰ ਰਹੀ ਹੈ।ਡਾ. ਕਪੂਰ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਰਾਸ਼ਟਰੀ ਟੀ.ਬੀ ਖਾਤਮਾ ਪ੍ਰੋਗਰਾਮ (ਐਨ.ਟੀ.ਈ.ਪੀ) ਤਹਿਤ ਦੇਸ਼ ਵਿਚੋਂ ਟੀ.ਬੀ ਦੀ ਬਿਮਾਰੀ ਨੂੰ ਸਾਲ 2025 ਵਿਚ ਖਤਮ ਕਰਨ ਦਾ ਟੀਚਾ ਮਿਥਿਆ ਹੋਇਆ ਹੈ। ਭਾਰਤ ਵਿਚ ਅੰਦਾਜ਼ਨ 26 ਲੱਖ ਤੋਂ ਵੱਧ ਟੀ.ਬੀ ਦੇ ਸਰਗਰਮ ਮਰੀਜ਼ ਹਨ, ਜਿਨ੍ਹਾਂ ਵਿਚੋਂ ਹਰ ਸਾਲ ਪੰਜ ਲੱਖ ਟੀ.ਬੀ ਰੋਗੀਆਂ ਦੀ ਮੌਤ ਹੋ ਜਾਂਦੀ ਹੈ।ਤਪਦਿਕ (ਟੀ.ਬੀ) ਛੂਤ ਦੀ ਬਿਮਾਰੀ ਹੈ ਜੋ ਖੰਘਣ, ਛਿੱਕਣ ਤੇ ਹਵਾ ਰਾਹੀਂ ਇਕ ਤੋਂ ਦੂਜੇ ਵਿਅਕਤੀ ਵਿਚ ਬੜੀ ਤੇਜ਼ੀ ਨਾਲੀ ਫੈਲਦੀ ਹੈ।ਜੇ ਦੋ ਹਫਤਿਆਂ ਤੋਂ ਜ਼ਿਆਦਾ ਲੰਮੀ ਖੰਘ ਹੈ ਤਾਂ ਜਾਂਚ ਕਰਵਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਟੀ.ਬੀ ਲਾ-ਇਲਾਜ਼ ਨਹੀਂ ਹੈ।ਮਰੀਜ਼ਾਂ ਨੂੰ ਟੀ.ਬੀ ਦਾ ਇਲਾਜ਼ ਪੂਰਾ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ
ਇਥੇ ਵਰਣਨਯੋਗ ਹੈ ਕਿ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਨੇ ਸਾਲ 2015 ਦੇ ਮੁਕਾਬਲੇ ਸਾਲ 2020 ‘ਚ ਜ਼ਿਲ੍ਹੇ ਵਿਚੋਂ 20 ਫੀਸਦੀ ਕੇਸ ਘਟਾਉਣ ਦੇ “ਉਪ ਕੌਮੀ ਪ੍ਰਮਾਣੀਕਰਨ” ਦਾਅਵੇ ਅਧੀਨ ਬ੍ਰਾਊਂਜ਼ ਵਰਗ ਦੇ ਐਵਾਰਡ ‘ਤੇ ਆਪਣਾ ਹੱਕ ਜਤਾਇਆ ਸੀ, ਜਿਸ ਦੀ ਜਾਂਚ ਵਿਸ਼ਵ ਸਿਹਤ ਸੰਸਥਾ (ਡਬਲਿਊ.ਐਚ.ਓ), ਭਾਰਤੀ ਸਮਾਜਿਕ ਮੈਡੀਸਨ ਅਤੇ ਰੋਕਥਾਮ ਐਸੋਸੀਏਸ਼ਨ (ਆਈ.ਏ.ਪੀ.ਐੱਸ.ਐਮ) ਅਤੇ ਕੇਂਦਰ ਸਰਕਾਰ ਦੀ ਭਾਰਤੀ ਮੈਡੀਕਲ ਖੋਜ਼ ਕੌਂਸਲ (ਆਈ.ਸੀ.ਐਮ.ਆਰ) ਦੀ ਸਾਂਝੀ ਟੀਮ ਨੇ ਕੀਤੀ ਸੀ।ਭਾਰਤ ਸਰਕਾਰ ਨੇ 80 ਫੀਸਦੀ ਟੀ.ਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ 10 ਲੱਖ ਰੁਪਏ ਦੇਣ ਦੇ ਨਾਲ-ਨਾਲ ਟੀ.ਬੀ ਮੁਕਤ ਰੁਤਬੇ ਦਾ ਸਨਮਾਨ ਦੇਣ, 60 ਫੀਸਦੀ ਟੀ.ਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ ਗੋਲਡ ਵਰਗ ਦੇ ਤੌਰ ‘ਤੇ 5 ਲੱਖ ਰੁਪਏ ਦੇਣ, 40 ਫੀਸਦੀ ਟੀ.ਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ ਸਿਲਵਰ ਵਰਗ ਦੇ ਤੌਰ ‘ਤੇ 3 ਲੱਖ ਰੁਪਏ ਦੇਣ ਅਤੇ 20 ਫੀਸਦੀ ਟੀ.ਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ ਬਰਾਊਂਜ ਵਰਗ ਦੇ ਤੌਰ ‘ਤੇ 2 ਲੱਖ ਰੁਪਏ ਦਾ ਐਵਾਰਡ ਦੇਣ ਦਾ ਐਲਾਨ ਕੀਤਾ ਹੋਇਆ ਸੀ।
Punjab Post Daily Online Newspaper & Print Media