Saturday, March 21, 2026

ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਸੁਨੇਹਾ ਦੇ ਗਿਆ ਦੂਰਦਰਸ਼ਨ ‘ਤੇ ਪ੍ਰਸਾਰਿਤ ਪ੍ਰੋਗਰਾਮ ‘ਨਵੀਆਂ ਪੈੜਾਂ’

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) -ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਤੇ ਸਕੱੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਤਬਦੀਲੀਆਂ ਦੀਆਂ ਕੋਸਿਸ਼ਾਂ ਦੇ ਨਾਲ-ਨਾਲ ਇੰਨਾਂ ਤਬਦੀਲੀਆਂ ਦਾ ਸੁਨੇਹਾ ਸਮਾਜ ਤੱਕ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਜਿਥੇ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਅਧਿਆਪਕ ਖੁਦ ਘਰਾਂ, ਪਿੰਡਾਂ ਦੀਆਂ ਸੱਥਾਂ ਅਤੇ ਹੋਰ ਸਾਂਝੀਆਂ ਥਾਵਾਂ ‘ਤੇ ਜਾ ਕੇ ਸਰਕਾਰੀ ਸਕੂਲਾਂ ਦੇ ਅਤਿ-ਆਧੁਨਿਕ ਢਾਂਚੇ ਬਾਰੇ ਸੁਨੇਹਾ ਦੇ ਰਹੇ ਹਨ ਉਥੇ ਹੀ ਵਿਭਾਗ ਦੀ ਮੀਡੀਆ ਟੀਮ ਵਲੋਂ ਸੋਸ਼ਲ ਅਤੇ ਪ੍ਰਿੰਟ ਮੀਡੀਆ ਜ਼ਰੀਏ ਸਮਾਜ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸੇ ਲੜੀ ਤਹਿਤ ਵਿਭਾਗ ਵਲੋਂ ਦੂਰਦਰਸ਼ਨ ਤੋਂ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਪ੍ਰੋਗਰਾਮ ‘ਨਵੀਆਂ ਪੈੜਾਂ’ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਸੀ।ਅੱਜ ਪਲੇਠੇ ਪ੍ਰੋਗਰਾਮ ਦੌਰਾਨ ਹੀ ਸਿਖਿਆ ਵਿਭਾਗ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਸੁਨੇਹਾ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਰਿਹਾ।ਹਰ ਸ਼ਨੀਵਾਰ ਤੇ ਐਤਵਾਰ ਸ਼ਾਮ 3.30 ਤੋਂ 4.00 ਵਜੇ ਤੱਕ ‘ਨਵੀਆਂ ਪੈੜਾਂ’ ਰਾਹੀਂ ਜ਼ਿਲ਼੍ਹਾ ਵਾਰ ਸਰਕਾਰੀ ਸਕੂਲਾਂ ਦੀਆਂ ਆਕਰਸ਼ਿਤ ਇਮਾਰਤਾਂ, ਪੜਾਉਣ ਦੀਆਂ ਆਧੁਨਿਕ ਤਕਨੀਕਾਂ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਸਰਕਾਰੀ ਸਕੂਲਾਂ ਦਾ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾਇਆ ਕਰੇਗੀ।
                     ਇਸ ਸੰਬੰਧੀ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ, ਕੰਵਲਜੀਤ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਐ.ਸਿ) ਅੰਮ੍ਰਿਤਸਰ, ਰਜੇਸ਼ ਸ਼ਰਮਾ, ਹਰਭਗਵੰਤ ਸਿੰਘ ਤੇ ਸ਼੍ਰੀਮਤੀ ਰੇਖਾ ਮਹਾਜਨ ਨੇ ਦੱਸਿਆ ਕਿ ਸਮਾਰਟ ਸਕੂਲ ਮੁਹਿੰਮ ਅਧੀਨ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਆਕਰਸ਼ਕ ਗੇਟਾਂ ਅਤੇ ਚਾਰਦਿਵਾਰੀਆਂ ਨਾਲ ਦਿੱਖ ਸੰਵਾਰਨ ਦੇ ਨਾਲ ਨਾਲ ਸਕੂਲਾਂ ਦੀ ਇਮਾਰਤਾਂ ਅਤੇ ਜਮਾਤਾਂ ਦੇ ਕਮਰਿਆਂ ਨੂੰ ਸ਼ਿੰਗਾਰਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ਼ਾਂ ਵਿੱਚ ਰਸਮੀ ਤੇ ਕਿੱਤਾਮੁੱਖੀ ਸਿੱਖਿਆ ਲਈ ਪੜਾਉਣ ਦੇ ਆਧੁਨਿਕ ਸਾਧਨ ਪ੍ਰੋਜੈਕਟਰ, ਐਲ.ਸੀ.ਡੀ ਅਤੇ ਐਜੂਸੈਟ ਮੁਹੱਈਆ ਕਰਵਾਏ ਗਏ ਹਨ।ਸਿੱਖਿਆ ਅਧਿਕਾਰੀਆਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਲ ਕਰਨ ਵਾਲੇ ਸੈਂਕੜੇ ਵਿਦਿਆਰਥੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਾਰਨ ਉਪਰੰਤ ਨਿੱਜੀ ਤੇ ਸਰਕਾਰੀ ਖੇਤਰ ਵਿੱਚ ਸੇਵਾਵਾਂ ਨਿਭਾਅ ਰਹੇ ਹਨ।ਸਰਕਾਰ ਵਲੋਂ ਨਿਯੁੱਕਤ ਕੀਤੇ ਨਵੇਂ ਅਧਿਆਪਕਾਂ ਨੂੰ ਡਿਊਟੀ ਸੰਭਾਲਣ ਲਈ ਭੇਜਣ ਤੋਂ ਪਹਿਲਾਂ ਪ੍ਰਵੇਸ਼ ਸਿਖਲਾਈ ਜਰੀਏ ਸਰਕਾਰੀ ਸਕੂਲਾਂ ਵਿੱਚ ਚਲ ਰਹੇ ਵਿਦਿਅਕ ਤੇ ਬੁਨਿਆਦੀ ਢਾਂਚੇ ਸੰਬੰਧੀ ਜਾਣਕਾਰੀ ਦਿਤੀ ਜਾ ਰਹੀ ਹੈ।
                     ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਤੇ ਦਵਿੰਦਰ ਮੰਗੋਤਰਾ ਨੇ ਦੱਸਿਆ ਕਿ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਕੀਤੀ ਕਾਇਆ ਕਲਪ ਤੇ ਵਿਭਾਗ ਵਲੋਂ ਮੁਹੱਈਆ ਸਹੂਲਤਾਂ ਦੇ ਨਾਲ ਨਾਲ ਸਰਕਾਰੀ ਸਕੁਲਾਂ ਤੋਂ ਸਿੱਖਿਆ ਹਾਸਲ ਕਰ ਉਚ ਅਹੁੱਦਿਆਂ ਤੇ ਪੁੱਜੇ ਵਿਦਿਆਰਥੀਆਂ ਦੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾੳਣ ਲਈ ਵਿਭਾਗ ਵਲੋਂ ਦੂਰਦਰਸ਼ਨ ‘ਤੇ ਸ਼ੁਰੂ ਕੀਤਾ ਪ੍ਰੋਗਰਾਮ ‘ਨਵੀਆਂ ਪੈੜਾਂ’ ਨਵੇਂ ਦਿਸਹੱਦੇ ਕਾਇਮ ਕਰੇਗਾ।ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ ਜ਼ਿਲ਼੍ਹੇ ਦੇ ਸਕੂਲਾਂ ਅੰਦਰ ਸੂਬਾਈ ਮੀਡੀਆ ਟੀਮ ਵਲੋਂ ਸ਼ੂਟਿੰਗ ਕੀਤੀ ਜਾ ਰਹੀ ਹੈ ਜੋ ਜਲਦ ਹੀ ਦੂਰਦਰਸ਼ਨ ਦੇ ਪ੍ਰੋਗਰਾਮ ਜਰੀਏ ਦਰਸ਼ਕਾਂ ਦੇ ਰੂਬਰੂ ਕੀਤੀ ਜਾਵੇਗੀ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …