Sunday, December 22, 2024

ਅੰਮ੍ਰਿਤਸਰ ਦੇ ਪ੍ਰੋਜੈਕਟਾਂ ਲਈ ਔਜਲਾ ਵਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ

ਕਿਹਾ ਦੋ ਪ੍ਰਮੁੱਖ ਨਾਲੇ ਢੱਕਣ ਲਈ ਪੁਰੀ ਵੱਲੋਂ ਫੰਡ ਰਲੀਜ਼ ਕਰਨ ਦਾ ਭਰੋਸਾ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਕੇਂਦਰੀ ਹਾਊਸਿੰਗ, ਸ਼ਹਿਰੀ ਵਿਕਾਸ ਤੇ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਅੰਮ੍ਰਿਤਸਰ ਦੇ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।ਮੰਤਰੀ ਹਰਦੀਪ ਪੁਰੀ ਨੇ ਮੈਂਬਰ ਪਾਰਲੀਮੈਂਟ ਔਜਲਾ ਨੂੰ ਅੰਮ੍ਰਿਤਸਰ ਦੇ ਵਿਕਾਸ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਉਂਦੇ ਹੋਏ ਪ੍ਰੋਜੈਕਟਾਂ ਦੀ ਇਕ ਵਿਸਥਾਰ ਪੂਰਵਕ ਰਿਪੋਰਟ ਬਣਾ ਕੇ ਦੇਣ ਲਈ ਆਖਿਆ ਤਾਂ ਜੋ ਲੋੜੀਂਦੇ ਫੰਡ ਤੁਰੰਤ ਰਲੀਜ਼ ਕੀਤੇ ਜਾ ਸਕਣ।
                     ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਹੈ ਉਨ੍ਹਾਂ ਨੇ ਬੀਤੇ ਦਿਨੀਂ ਲੋਕ ਸਭਾ ਵਿਚ ਅੰਮ੍ਰਿਤਸਰ ਦੇ ਦੋ ਪ੍ਰਮੁੱਖ ਨਾਲੇ ਢੱਕਣ ਸਬੰਧੀ ਮੁੱਦਾ ਉਠਾਇਆ ਸੀ, ਕਿਉਂਕਿ ਇਨ੍ਹਾਂ ਦੀ ਗੰਦਗੀ ਨਾਲ ਹਵਾ ਤੇ ਪਾਣੀ ਦੋਵੇਂ ਪ੍ਰਦੂਸ਼ਿਤ ਹੋ ਰਹੇ ਹਨ ਅਤੇ ਨਾਲੇ ਦੇ ਆਸ-ਪਾਸ ਰਹਿਣ ਵਾਲੇ ਲੋਕ ਕਈ ਗੰਭੀਰ ਬਿਮਾਰੀਆਂ ਨਾਲ ਪੀੜਤ ਹੋ ਚੁੱਕੇ ਹਨ।ਬੱਚਿਆਂ ਦਾ ਡੀ.ਐਨ.ਏ ਪ੍ਰਭਾਵਿਤ ਹੋ ਰਿਹਾ ਹੈ।ਇਨ੍ਹਾਂ ਮੁਸ਼ਕਲਾਂ ਤੋਂ ਖਹਿੜਾ ਛੁਡਾਉਣ ਲਈ ਨਾਲੇ ਢੱਕਣਾ ਸਮੇਂ ਦੀ ਲੋੜ ਹੈ, ਜਿਸ ਨੂੰ ਵੇਖਦੇ ਹੋਏ ਉਨ੍ਹਾਂ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਇਨ੍ਹਾਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।ਹਰਦੀਪ ਪੁਰੀ ਨੇ ਕਿਹਾ ਕਿ ਨਾਲਿਆਂ ਨੂੰ ਢੱਕਣ ਲਈ ਅੰਤਰਰਾਸ਼ਟਰੀ ਪੱਧਰ ਦੀ ਤਕਨੀਕ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਵੀ ਪੇਸ਼ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿਠਿਆ ਜਾ ਸਕੇ।
                    ਔਜਲਾ ਨੇ ਕਿਹਾ ਕਿ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਪਹਿਲਾਂ ਹੀ ਜਾਇਕਾ ਦੇ ਪ੍ਰੋਜੈਕਟ ਅਧੀਨ ਕਰ ਦਿੱਤਾ ਗਿਆ ਹੈ। ਫੈਕਟਰੀਆਂ ਦਾ ਗੰਦਾ ਪਾਣੀ ਜੋ ਦੋਵੇਂ ਨਾਲਿਆਂ ਵਿੱਚ ਆਉਣ ਕਾਰਨ ਇਕ ਵੱਡੀ ਸਮੱਸਿਆ ਬਣੀ ਹੋਈ ਹੈ ਇਸ ਤੋਂ ਨਿਜ਼ਾਤ ਪਾਉਣ ਲਈ ਇਸ ਨੂੰ ਹਾਈ-ਟੈਕ ਤਰੀਕੇ ਨਾਲ ਢੱਕਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਤੁਰੰਤ ਹੀ ਇਸ ਸਬੰਧੀ ਨਗਰ ਨਿਗਮ, ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ, ਡਰੇਨੇਜ ਵਿਭਾਗ, ਵਾਟਰ ਸਪਲਾਈ ਸੀਵਰੇਜ ਬੋਰਡ, ਪ੍ਰਦੂਸ਼ਣ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਤੋਂ ਇਲਾਵਾ ਸਬੰਧਤ ਮਹਿਕਮਿਆਂ ਦੀ ਤੁਰੰਤ ਇੱਕ ਮੀਟਿੰਗ ਬੁਲਾ ਰਹੇ ਹਨ, ਜਿਸ ਵਿਚ ਸਾਰੇ ਮਹਿਕਮਿਆਂ ਦਾ ਆਪਸ ਵਿਚ ਤਾਲਮੇਲ ਬਿਠਾ ਕੇ ਇੱਕ ਸਾਂਝੀ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾਵੇਗੀ।ਉਨ੍ਹਾਂ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਘਰੇਲੂ ਫਲਾਈਟਾਂ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ ਵੀ ਉਠਾਇਆ।ਇਸ ਸੰਬੰਧੀ ਹਰਦੀਪ ਪੁਰੀ ਨੇ ਮਸਲੇ ਦੇ ਹੱਲ ਲਈ ਜਲਦ ਹੀ ਇਕ ਮੀਟਿੰਗ ਬੁਲਾਉਣ ਦਾ ਵਿਸ਼ਵਾਸ ਦਿਵਾਇਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …