ਕੇਂਦਰ ਪੰਜਾਬ ਦੇ ਕਿਸਾਨਾਂ ਨੂੰ ਕਰ ਰਿਹਾ ਹੈ ਬਦਨਾਮ
ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਤਿੰਨੇ ਮੈਡੀਕਲਾਂ ਕਾਲਜਾਂ ਵਿਚ ਰੋਜ਼ਾਨਾ 35 ਹਜ਼ਾਰ ਤੋ ਵੱਧ ਕਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਤਿੰਨਾਂ
ਮੈਡੀਕਲ ਕਾਲਜਾਂ ਵਿਚ 4000 ਤੋ ਵਧੇਰੇ ਬੈਡ ਹਨ ਅਤੇ 1500 ਬੈਡ ਕੋਰੋਨਾ ਮਰੀਜ਼ਾ ਲਈ ਰਾਖਵੇ ਰੱਖੋ ਹੋਏ ਹਨ।ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਇੰਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਰਕਟ ਹਾਊਸ ਵਿਖੇ ਕਰੋਨਾ ਮਹਾਮਾਰੀ ਨੂੰ ਲੈ ਕੇ ਕੀਤੀ ਗਈ ਰੀਵਿਊ ਮੀਟਿੰਗ ਦੋਰਾਨ ਕੀਤਾ।ਮੀਟਿੰਗ ਵਿਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਸਿਵਲ ਸਰਜਨ ਡਾ: ਚਰਨਜੀਤ ਸਿੰਘ, ਮੈਡੀਕਲ ਕਾਲਜ ਅੰਮ੍ਰਿਤਸਰ ਪ੍ਰਿੰਸੀਪਲ ਡਾ: ਰਾਜੀਵ ਦੇਵਗਨ, ਵਧੀਕ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਸਹਾਇਕ ਸਿਵਲ ਸਰਜਨ ਡਾ: ਅਮਰਜੀਤ ਸਿੰਘ ਤੇ ਡਾ: ਮਦਨ ਮੋਹਨ ਤੋਂ ਇਲਾਵਾ ਕਈ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੋਰਾਨ ਕਰੋਨਾ ਮਹਾਮਾਰੀ ਸਬੰਧੀ ਜਾਣਕਾਰੀ ਲੈਂਦੇ ਹੋਏ ਸੋਨੀ ਨੇ ਦੱਸਿਆ ਕਿ ਤਿੰਨਾਂ ਮੈਡੀਕਲ ਕਾਲਜ਼ਾਂ ਵਿਚ 35 ਫੀਸਦੀ ਦੇ ਕਰੀਬ ਬੈਡਾਂ ਕਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 65 ਫੀਸਦੀ ਦੇ ਕਰੀਬ ਬੈਡ ਖਾਲੀ ਪਏ ਹੋਏ ਹਨ।ਉਨਾਂ੍ਹ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ ਕੁੱਲ 4817738 ਕਰੋਨਾ ਦੇ ਟੈਸਟ ਕੀਤੇ ਜਾ ਚੁੱਕੇ ਹਨ, ਜਿੰਨਾਂ੍ਹ ਵਿਚੋਂ 146360 ਮਰੀਜ਼ ਪਾਜਟਿਵ ਪਾਏ ਗਏ ਹਨ ਅਤੇ 2119 ਵਿਅਕਤੀਆਂ ਦੀ ਮੌਤ ਹੋਈ ਹੈ।ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਲੈ ਕੇ ਸਾਰੇ ਹਸਪਤਾਲਾਂ ਵਿਚ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਚੁੱਕਾ ਹੈ।ਜ਼ਿਲੇ੍ਹ ਵਿਚ ਰੋਜ਼ਾਨਾਂ 5000 ਤੋ ਜਿਆਦਾ ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ ਅਤੇ ਜ਼ਿਲੇ੍ਹ ਦੇ 1.10 ਲੱਖ ਲੋਕਾਂ ਨੇ ਕਰੋਨਾ ਦੀ ਵੈਕਸੀਨ ਲਗਵਾ ਲਈ ਹੈ।ਸੋਨੀ ਨੇ ਸਬੰਧਤ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਹਸਪਤਾਲਾਂ ਵਿਚ ਆਕਸੀਜਨ ਦੇ ਬਫਰ ਸਟਾਕ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਆਪਾਤਕਾਲੀਨ ਸਥਿਤੀ ਦਾ ਮੁਕਾਬਲਾ ਕੀਤਾ ਜਾ ਸਕੇ। ਉਨਾਂ੍ਹ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਕੋਰੋਨਾਂ ਦੀ ਸੈਪਲਿੰਗ ਨੂੰ ਵਧਾਇਆ ਜਾਵੇ । ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵਲੋ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੋਨੀ ਨੇ ਕਿਹਾ ਕਿ ਕੁੱਝ ਰਾਜਨੀਤਿਕ ਦਲਾਂ ਵਲੋਂ ਲੋਕਾਂ ਦਾ ਧਿਆਨ ਨਾ ਰੱਖਦੇ ਹੋਏ ਵੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।ਉਨਾਂ੍ਹ ਕਿਹਾ ਕਿ ਇੰਨ੍ਹਾਂ ਰੈਲੀਆਂ ‘ਤੇ ਰੋਕ ਲਗਾਉਣ ਲਈ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਨਗੇ।ਇਕ ਸਵਾਲ ਦੇ ਜਵਾਬ ਵਿਚ ਸੋਨੀ ਨੇ ਕਿਹਾ ਕਿ ਕੇਦਰ ਸਰਕਾਰ ਵਲੋਂ ਪ੍ਰਵਾਸੀ ਮਜ਼ਦੂਰਾਂ ਸਬੰਧੀ ਲਿਖੇ ਪੱਤਰ ਵਿਚ ਕੇਂਦਰ ਜਾਣਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਿਹਾ ਹੈ ਤਾਂ ਜੇ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ।ਉਨਾਂ੍ਹ ਕਿਹਾ ਕਿ ਸਾਡੀ ਸਰਕਾਰ ਮਜ਼ਬੂਤੀ ਨਾਲ ਕਿਸਾਨਾਂ ਤੇ ਆੜਤੀਆਂ ਦੇ ਨਾਲ ਖੜੀ ਹੈ।
ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਖਹਿਰਾ ਨੇ ਦੱਸਿਆ ਕਿ ਪ੍ਰਸਾਸ਼ਨ ਵਲੋਂ ਲਗਾਤਾਰ ਲੋਕਾਂ ਨੂੰ ਮਾਸਕ ਪਾਉਣ ਲਈ ਕਿਹਾ ਜਾ ਰਿਹਾ ਹੈ ਅਤੇ ਹੈਰੀਟੇਜ਼ ਸਟਰੀਟ ਵਿਖੇ ਆ ਰਹੇ ਲੋਕਾਂ ਨੂੰ ਵੀ ਮਾਸਕ ਪਾਉਣ ਲਈ ਪ੍ਰੈਰਿਤ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵਿਚ ਜਿਥੇ ਮੁਲਾਜ਼ਮਾਂ ਦੀ ਗਿਣਤੀ ਜਿਆਦਾ ਹੈ, ਉਥੇ ਮੋਬਾਇਲ ਵੈਨਾਂ ਭੇਜ ਕੇ ਮੁਲਾਜ਼ਮਾਂ ਨੂੰ ਕਰੋਨਾ ਦਾ ਟੀਕਾ ਲਗਾਇਆ ਜਾ ਰਿਹਾ ਹੈ।
Punjab Post Daily Online Newspaper & Print Media