Thursday, September 19, 2024

ਸ਼੍ਰੋਮਣੀ ਕਮੇਟੀ ਵੱਲੋਂ ਲੜਕੀਆਂ ਦੀ ਖੇਡ ਅਕੈਡਮੀ ’ਚ ਦਾਖਲੇ ਸਬੰਧੀ ਮੁੜ ਟਰਾਇਲ

ਚਾਹਵਾਨ ਬੱਚੇ 15 ਤੇ 16 ਅਪ੍ਰੈਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਪੁੱਜਣ
ਅੰਮ੍ਰਿਤਸਰ, 7 ਅਪ੍ਰੈਲ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੜਕੀਆਂ ਲਈ ਸਥਾਪਿਤ ਕੀਤੀ ਜਾ ਰਹੀ ਖੇਡ ਅਕੈਡਮੀ ਲਈ ਪਿਛਲੇ ਦਿਨੀਂ 13, 14 ਮਾਰਚ 2021 ਨੂੰ ਪੀ.ਏ.ਪੀ ਗਰਾਊਂਡ ਜਲੰਧਰ ਵਿਖੇ ਬੱਚਿਆਂ ਦੇ ਟਰਾਇਲਾਂ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕੀਤਾ ਗਿਆ ਸੀ।ਇਸ ਸਬੰਧੀ ਤੇਜਿੰਦਰ ਸਿੰਘ ਪੱਡਾ ਮੀਤ ਸਕੱਤਰ ਖੇਡਾਂ ਨੇ ਜਾਣਕਾਰੀ ਦੇਂਦਿਆ ਦੱਸਿਆ ਕਿ ਇਸ ਮੌਕੇ ਟਰਾਇਲਾਂ ਸਮੇਂ ਬੱਚਿਆਂ ਨੇ ਸ਼ਮੂਲੀਅਤ ਕੀਤੀ ਸੀ, ਜਿਸ ਵਿਚ ਹਾਕੀ, ਬਾਸਕਟਬਾਲ ਅਤੇ ਐਥਲੈਟਿਕਸ ਲਈ ਟਰਾਇਲ ਦੇਣ ਪੁੱਜੀਆਂ ਲੜਕੀਆਂ ਵਿਚ ਭਾਰੀ ਉਤਸ਼ਾਹ ਸੀ। ਪਰੰਤੂ ਸਕੂਲਾਂ ਵਿਚ ਪੇਪਰ ਚੱਲ ਰਹੇ ਹੋਣ ਕਾਰਨ ਬਹੁਤੇ ਖਿਡਾਰੀ ਟਰਾਇਲ ਨਹੀਂ ਦੇ ਸਕੇ ਸਨ। ਉਨ੍ਹਾਂ ਕਿਹਾ ਕਿ ਜੋ ਖਿਡਾਰੀ ਉਸ ਸਮੇਂ ਟਰਾਇਲ ਦੇਣ ਨਹੀਂ ਪੁੱਜ ਸਕੇ ਸਨ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਆਦੇਸ਼ਾਂ ਅਨੁਸਾਰ ਉਨ੍ਹਾਂ ਲਈ 15-16 ਅਪ੍ਰੈਲ 2021 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗਰਾਊਂਡ ਵਿਖੇ ਮੁੜ ਟਰਾਇਲ ਰੱਖੇ ਗਏ ਹਨ।ਚਾਹਵਾਨ ਬੱਚੇ ਟਰਾਇਲ ਦੇਣ ਲਈ ਸਵੇਰੇ 8:00 ਵਜੇ ਦੋ ਫੋਟੋਆਂ, ਪਾਸ ਕੀਤੀ ਯੋਗਤਾ ਅਤੇ ਜਨਮ ਤਾਰੀਖ ਦਾ ਸਰਟੀਫਿਕੇਟ ਨਾਲ ਲੈ ਕੇ ਉਕਤ ਸਥਾਨ ’ਤੇ ਪੁੱਜਣ।
                    ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਲੜਕੀਆਂ ਦੀ ਅਕੈਡਮੀ ਲਈ ਸਲਾਹਕਾਰ ਵਜੋਂ ਵੱਖ-ਵੱਖ ਖੇਡਾਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੱਲਾਂ ਮਾਰਨ ਵਾਲੀਆਂ ਖਿਡਾਰਨਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਹਰ ਸਾਲ ਸਕੂਲਾਂ ਕਾਲਜਾਂ ਦੀਆਂ ਖ਼ਾਲਸਈ ਖੇਡਾਂ ਕਰਵਾਈਆਂ ਜਾਂਦੀਆਂ ਹਨ, ਉਥੇ ਹੀ ਹੁਣ ਲੜਕੀਆਂ ਲਈ ਵੱਖਰਾ ਡਾਇਰੈਕਟੋਰੇਟ ਖੇਡਾਂ ਸਥਾਪਤ ਕਰਕੇ ਅਕੈਡਮੀ ਬਣਾਈ ਜਾ ਰਹੀ ਹੈ, ਤਾਂ ਜੋ ਹੁਨਰਮੰਦ ਲੜਕੀਆਂ ਖੇਡਾਂ ਦੇ ਖੇਤਰ ਵਿਚ ਅੱਗੇ ਵੱਧ ਸਕਣ।ਸ਼੍ਰੋਮਣੀ ਕਮੇਟੀ ਵੱਲੋਂ ਲੜਕੀਆਂ ਦੀ ਖੇਡ ਅਕੈਡਮੀ ਲਈ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਅਤੇ ਚੰਗੇ ਕੋਚਾਂ ਦੁਆਰਾ ਖੇਡ ਸਿਖਲਾਈ ਦਿੱਤੀ ਜਾਵੇਗੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …