ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਅੱਕੇ ਲੋਕ ਬਦਲਵੇਂ ਰਾਹ ਦੀ ਭਾਲ ‘ਚ
ਧੂਰੀ, 9 ਅਪ੍ਰੈਲ (ਪ੍ਰਵੀਨ ਗਰਗ) – ਆਮ ਆਦਮੀ ਪਾਰਟੀ ਦੇ ਸੱਦੇ ‘ਤੇ ਪੰਜਾਬ ਵਿੱਚ ਵਿੱਢੀ ਗਈ ਲੋਕ ਜਾਗਰੂਕਤਾ ਮੁਹਿੰਮ ਦੇ ਚੱਲਦਿਆਂ ਲੋਕਾਂ ਨੂੰ ਭਾਰੀ ਬਿਜ਼ਲੀ ਬਿੱਲਾਂ ਤੋਂ ਛੁਟਕਾਰਾ ਦਿਵਾਉਣ ਦੇ ਮਕਸਦ ਨਾਲ ਆਪ ਆਗੂਆਂ ਵੱਲੋਂ ਧੂਰੀ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਪਾਰ ਵਿੰਗ ਦੇ ਜੁਆਇੰਟ ਸਕੱਤਰ ਐਸ.ਐਸ ਚੱਠਾ ਅਤੇ ਜ਼ਿਲਾ੍ਹ ਆਗੂ ਅਮਰਦੀਪ ਸਿੰਘ ਧਾਂਦਰਾ ਦੀ ਅਗਵਾਈ ਹੇਠ ਬਿਜ਼ਲੀ ਬਿਲ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਸਮੇਂ ਕੈਪਟਨ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।
ਐਸ.ਐਸ ਚੱਠਾ ਨੇ ਕਿਹਾ ਕਿ ਅੱਜ ਕੇਂਦਰ ਦੀ ਭਾਜਪਾ ਸਰਕਾਰ ਨੇ ਮਜਦੂਰ-ਕਿਸਾਨ ਮਾਰੂ ਨੀਤੀਆਂ ਬਣਾ ਕੇ ਪੰਜਾਬ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਕੰਗਾਲ ਬਣਾਉਣ ਦਾ ਏਜੰਡਾ ਬਣਾਇਆ ਹੋਇਆ ਹੈ।ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਮਾਰ ਹੇਠ ਆਏ ਵਪਾਰੀਆਂ ‘ਤੇ 2400 ਰੁਪਏ ਸੂਬਾ ਡਿਵੈਲਪਮੈਂਟ ਟੈਕਸ ਲਗਾ ਕੇ ਅਤੇ ਪ੍ਰਾਪਰਟੀ ਟੈਕਸਾਂ ਵਿੱਚ 5% ਦਾ ਵਾਧਾ ਕਰਕੇ ਆਮ ਲੋਕਾਂ ‘ਤੇ ਵਾਧੂ ਬੋਝ ਪਾਇਆ ਹੈ।ਅੱਜ ਪੰਜਾਬ ਦੇ ਲੋਕ ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਖਰੀਦਣ ਲਈ ਮਜ਼ਬੂਰ ਹਨ ਅਤੇ ਕੈਪਟਨ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਤੋਂ ਪੰਜਾਬ ਦੇ ਲੋਕ ਭਲੀ-ਭਾਂਤ ਜਾਣੂ ਹੋ ਚੁੱਕੇ ਹਨ।ਉਹਨਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਅੱਕੇ ਲੋਕ ਬਦਲਵੇਂ ਰਾਹ ਦੀ ਭਾਲ ਵਿੱਚ ਹਨ।ਧੂਰੀ ਸ਼ਹਿਰ ‘ਚ ਅਵਾਰਾ ਪਸ਼ੂਆਂ ਦੀ ਭਰਮਾਰ ਹੈ, ਜਦੋਂਕਿ ਸਰਕਾਰ ਗਊ ਸੈਸ ਦੇ ਨਾਂ ‘ਤੇ ਕਰੋੜਾਂ ਰੁਪਏ ਇਕੱਠਾ ਕਰ ਚੁੱਕੀ ਹੈ।ਜ਼ਿਲਾ੍ਹ ਆਗੂ ਅਮਰਦੀਪ ਸਿੰਘ ਧਾਂਦਰਾ ਨੇ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਨਤੀਜੇ ਅਕਾਲੀ ਦਲ (ਬ) ਅਤੇ ਕਾਂਗਰਸ ਨੂੰ ਹੈਰਾਨ ਕਰ ਦੇਣਗੇ, ਕਿਉਂਕਿ ਸੂਬੇ ਦੇ ਲੋਕ ਆਪ ਦੀ ਸਰਕਾਰ ਬਣਾਉਣ ਦਾ ਮਨ ਬਣਾਈ ਬੈਠੇ ਹਨ ਅਤੇ ਆਪ ਦੀ ਸਰਕਾਰ ਬਣਨ ਉਪਰੰਤ ਪੰਜਾਬ ਦੇ ਲੋਕਾਂ ਨੂੰ ਜਿੱਥੇ ਮੁਫਤ ਬਿਜ਼ਲੀ ਮੁਹੱਈਆ ਕਰਵਾਈ ਜਾਵੇਗੀ, ਉਥੇ ਹੀ ਪੜ੍ਹਾਈ ਅਤੇ ਸਿਹਤ ਸਹੂਲਤਾਂ ਪੱਖੋਂ ਵੀ ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਇਆ ਜਾਵੇਗਾ।
ਇਸ ਮੌਕੇ ਪ੍ਰੀਤ ਧੂਰੀ, ਸੰਜੀਵ ਕੁਮਾਰ, ਭਿੰਦਰ ਪੰਨੂ ਅਤੇ ਬਿੱਕਰ ਸਿੰਘ ਆਦਿ ਹਾਜ਼ਰ ਸਨ।