ਮੈਡੀਕਲ ਕਾਲਜ ਵਿਖੇ ਲੈਵਲ-2 ਤੇ ਲੈਵਲ-3 ਵਾਰਡਾਂ ਦਾ ਕੀਤਾ ਨਿਰੀਖਣ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ) – ਕੇਂਦਰ ਸਰਕਾਰ ਵੱਲੋਂ ਭੇਜੀ ਗਈ ਡਾਕਟਰਾਂ ਦੀ ਦੋ ਮੈਂਬਰੀ ਮਾਹਿਰ ਟੀਮ ਵੱਲੋਂ ਕੋਵਿਡ ਮਹਾਮਾਰੀ ਦਾ ਫੈਲਾਅ ਰੋਕਣ ਲਈ
ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਮੈਡੀਕਲ ਕਾਲਜ ਵਿਖੇ ਲੈਵਲ-2 ਅਤੇ ਲੈਵਲ -3 ਅਤੇ ਵੀ.ਡੀ.ਆਰ.ਐਲ ਲੈਬ ਦਾ ਨਰੀਖਣ ਵੀ ਕੀਤਾ।ਇਸ ਉਪਰੰਤ ਡਾਕਟਰਾਂ ਦੀ ਟੀਮ ਵੱਲੋਂ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੇਂਦਰੀ ਟੀਮ ਦੇ ਡਾਕਟਰ ਆਰ.ਐਨ ਸਿਨਹਾ ਡਾਇਰੈਕਟਰ ਆਲ ਇੰਡੀਆ ਇੰਸਟੀਚਿਊਟ ਆਫ ਪਬਲਿਕ ਹੈਲਥ ਅਤੇ ਡਾਕਟਰ ਆਸ਼ੂਤੋਸ਼ ਪ੍ਰੋਫੈਸਰ ਹੈਡ ਪੀ.ਜੀ.ਆਈ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਮਹਾਮਾਰੀ ਤੋਂ ਬਚਾਉਣ ਲਈ ਚੁੱਕੇ ਗਏ ਪ੍ਰਭਾਵਸ਼ਾਲੀ ਕਦਮਾਂ ਦੀ ਸਮੀਖਿਆ ਕੀਤੀ।ਉਨ੍ਹਾਂ ਜ਼ਿਲ੍ਹੇ ਵਿਚ ਮੌਜ਼ੂਦਾ ਕੋਵਿਡ ਦੀ ਸਥਿਤੀ, ਸੈਂਪਲਿੰਗ, ਸੰਪਰਕ ਟਰੇਸਿੰਗ, ਟੀਕਾਕਰਨ, ਹਸਪਤਾਲਾਂ ਵਿਚ ਦਾਖ਼ਲ ਵੱਖ-ਵੱਖ ਲੈਵਲਾਂ ਦੇ ਮਰੀਜ਼ਾਂ ਦੀ ਸਥਿਤੀ, ਹਸਪਤਾਲਾਂ ਵਿਚ ਬੈਡਾਂ ਦੀ ਸਥਿਤੀ, ਐਂਬੂਲੈਂਸਾਂ ਦੀ ਉਪਲੱਬਧਤਾ, ਹੋਮ ਆਈਸੋਲੇਸ਼ਨ, ਕੰਟੇਨਮੈਂਨ ਜ਼ੋਨਾਂ, ਆਈ.ਈ.ਸੀ ਮੁਹਿੰਮ, ਡਾਟਾ ਐਂਟਰੀ ਅਤੇ ਹੋਰਨਾਂ ਪ੍ਰਬੰਧਾਂ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਅਤੇ ਕੀਤੇ ਗਏ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਡਾਕਟਰਾਂ ਦੀ ਟੀਮ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮਾਈਕਰੋ ਕੰਟੋਨਮੈਂਟ ਜੋਨਾਂ ਵੱਲ ਵਿਸ਼ੇਸ਼ ਧਿਆਨ ਦੀ ਲੋੜ ਤੇ ਜ਼ੋਰ ਵੀ ਦਿੱਤਾ ਗਿਆ।
ਡਾ. ਸਿਨਹਾ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਬਿਨਾਂ ਮਾਸਕ ਵਾਲੇ ਵਿਅਕਤੀਆਂ ਦੀ ਕਰਵਾਈ ਜਾ ਰਹੀ ਸੈਂਪਲਿੰਗ ਦੇ ਕੰਮ ਦੀ ਸ਼ਲਾਘਾ ਕੀਤੀ। ਡਾਕਟਰ ਆਸ਼ੂਤੋਸ਼ ਨੇ ਕਿਹਾ ਕਿ ਜੋ ਵੀ ਵਿਅਕਤੀ ਕਰੋਨਾ ਮਰੀਜ਼ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਹੋਮ ਕੁਆਰਨਟੀਨ ਕਰਵਾਇਆ ਜਾਵੇ ਅਤੇ ਕੰਟੋਨਮੇਂਟ ਜੋਨਾਂ ਵਿੱਚ 100 ਫੀਸਦੀ ਸੈਂਪਲਿੰਗ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਵਿਡ ਦੀ ਦੂਜੀ ਲਹਿਰ ਬੇਹੱਦ ਤੇਜ਼ੀ ਨਾਲ ਵਧ ਰਹੀ ਹੈ ਇਸ ਦਾ ਮੁੱਖ ਕਾਰਨ ਲੋਕਾਂ ਵੱਲੋਂ ਲਾਪਰਵਾਹੀ ਕਰਨਾ ਹੈ।ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸੈਂਪਲਿੰਗ ਅਤੇ ਟੀਕਾਕਰਨ ਰਾਹੀਂ ਇਸ ਦਾ ਫੈਲਾਅ ਰੋਕਣ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ।ਖਹਿਰਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 3 ਮੋਬਾਇਲ ਵੈਨਾਂ ਵੀ ਟੀਕਾਕਰਨ ਲਈ ਚਲਾਈਆਂ ਜਾ ਰਹੀਆਂ ਹਨ।ਪੰਜਾਬ ਸਰਕਾਰ ਵੱਲੋਂ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ 30 ਅਪ੍ਰੈਲ ਤੱਕ ਸਰਕਾਰੀ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਹਨ।ਇਸੇ ਤਰ੍ਹਾਂ ਵਿਆਹ, ਅੰਤਮ ਰਸਮਾਂ ਮੌਕੇ ਇਨਡੋਰ 50 ਤੇ ਆਉਟ ਡੋਰ 100 ਵਿਅਕਤੀਆਂ ਦੇ ਇਕੱਠ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਵੀ ਲਗਾਇਆ ਜਾ ਰਿਹਾ ਹੈ।
ਡਾਕਟਰਾਂ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਅਤੇ ਐਸ.ਐਸ.ਪੀ ਦਿਹਾਤੀ ਧਰੁਵ ਦਹੀਆ ਨੇ ਦੱਸਿਆ ਕਿ ਪੁਲਿਸ ਵੱਲੋਂ ਚੌਂਕਾਂ ਵਿੱਚ ਨਾਕੇ ਲਗਾ ਕੇ ਮਾਸਕ ਦੀ ਵਰਤੋਂ ਨਾ ਕਰਨ ਵਾਲਿਆਂ ਦਾ ਮੌਕੇ ‘ਤੇ ਟੈਸਟ ਵੀ ਕਰਵਾਇਆ ਜਾ ਰਿਹਾ ਹੈ।
ਸਿਵਲ ਸਰਜਨ ਡਾ.ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸੈਂਪਲਿੰਗ, ਸੰਪਰਕ ਟਰੇਸਿੰਗ ਅਤੇ ਟੀਕਾਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 210 ਥਾਵਾਂ ’ਤੇ ਟੀਕਾਕਰਨ ਤੋਂ ਇਲਾਵਾ ਮੋਬਾਈਲ ਟੀਮਾਂ ਵੱਲੋਂ ਰੋਜ਼ਾਨਾ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾ ਕੇ ਵੀ ਕੋਵਿਡ ਰੋਕੂ ਟੀਕੇ ਲਗਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰੋਜਾਨਾ 6000 ਦੇ ਕਰੀਬ ਲੋਕਾਂ ਦੇ ਕੋਵਿਡ-19 ਟੈਸਟ ਕੀਤੇ ਜਾ ਰਹੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਬੀਰ ਸਿੰਘ ਮੁੱਧਲ, ਵਧੀਕ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਰਜਤ ਓਬਰਾਏ, ਮੁੱਖ ਪ੍ਰਸਾਸ਼ਕ ਸ੍ਰੀਮਤੀ ਪਲਵੀ ਚੌਧਰੀ, ਸਹਾਇਕ ਕਮਿਸ਼ਨਰ ਅਨਮਜੋਤ ਕੌਰ, ਪ੍ਰਿੰਸੀਪਲ ਮੈਡੀਕਲ ਕਾਲਜ ਰਾਜੀਵ ਦੇਵਗਨ, ਡਾ: ਕਰਨ ਮਹਿਰਾ ਤੋਂ ਇਲਾਵਾ ਹੋਰ ਸਿਹਤ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media