Monday, December 23, 2024

400 ਸਾਲਾ ਸ਼ਤਾਬਦੀ ਸਬੰਧੀ 29, 30 ਅਪ੍ਰੈਲ ਤੇ 1 ਮਈ ਨੂੰ ਹੋਣਗੇ ਸਮਾਗਮ- ਬੀਬੀ ਜਗੀਰ ਕੌਰ

ਯੂ.ਐਨ.ਓ ਦੀ ਤਰਜ਼ ’ਤੇ ਵਿਸ਼ਵ ਸ਼ਾਂਤੀ ਕੇਂਦਰ ਸਥਾਪਤ ਕਰਨ ਦਾ ਪ੍ਰਧਾਨ ਮੰਤਰੀ ਨੂੰ ਦਿੱਤਾ ਸੁਝਾਅ

ਅੰਮ੍ਰਿਤਸਰ, 15 ਅਪ੍ਰੈਲ (ਗੁਰਪ੍ਰੀਤ ਸਿੰਘ) – ਸਿੱਖ ਇਤਿਹਾਸ ਨਾਲ ਸਬੰਧਤ ਆਉਂਦੀਆਂ ਸ਼ਤਾਬਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ  ਸਹਿਯੋਗ ਨਾਲ ਸ਼ਰਧਾ ਸਹਿਤ ਖਾਲਸਈ ਜਾਹੋ-ਜਲਾਲ ਨਾਲ ਮਨਾਈਆਂ ਜਾਂਦੀਆਂ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਵੀ ਸ਼੍ਰੋਮਣੀ ਕਮੇਟੀ ਵੱਲੋਂ ਖਾਲਸਈ ਜਾਹੋ-ਜਲਾਲ ਨਾਲ ਮਨਾਈ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 29,30 ਅਪ੍ਰੈਲ ਅਤੇ 1 ਮਈ ਨੂੰ ਸ਼ਤਾਬਦੀ ਸਮਾਗਮ ਹੋਣਗੇ।
                 ਬੀਬੀ ਜਗੀਰ ਕੌਰ ਨੇ ਪਿਛਲੇ ਦਿਨੀਂ ਸ਼ਤਾਬਦੀ ਸਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਹੋਈ ਮੀਟਿੰਗ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਦੇ ਮੁੱਖੀ ਹੋਣ ਦੇ ਨਾਤੇ ਕੁਝ ਸੁਝਾਅ ਦਿੱਤੇ ਹਨ।ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਤਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਤੋਂ ਸ਼ੁਰੂ ਹੁੰਦੀ ਹੈ।ਗੁਰੂ ਨਾਨਕ ਸਾਹਿਬ ਤੋਂ ਬਾਅਦ ਨੌਵੇਂ ਪਾਤਸ਼ਾਹ ਨੇ ਲੰਬੀ ਯਾਤਰਾ ਕੀਤੀ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕੀਤੀ ਹੈ ਕਿ ਗੁਰੂ ਸਾਹਿਬ ਨਾਲ ਸਬੰਧਤ ਅਸਥਾਨਾਂ ’ਤੇ ਯਾਦਗਾਰਾਂ ਸਥਾਪਤ ਕੀਤੀਆਂ ਜਾਣ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਧਰਮ ਦੀ ਅਜ਼ਾਦੀ, ਸੈਹੋਂਦ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਸੀ। ਇਸ ਲਈ ਨੌਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਕੋਈ ਢੁੱਕਵੀਂ ਯਾਦਗਾਰ ਉਸਾਰੀ ਜਾਵੇ ਜੋ ਦੁਨੀਆਂ ’ਚ ਮਿਸਾਲ ਹੋਵੇ, ਜਿਸ ਤੋਂ ਆਉਣ ਵਾਲੀਆਂ ਪੀੜੀਆਂ ਸੇਧ ਪ੍ਰਾਪਤ ਕਰ ਸਕਣ।ਉਨ੍ਹਾਂ ਭਾਰਤ ਸਰਕਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ’ਤੇ ਯੂ.ਐਨ.ਓ ਦੀ ਤਰਜ਼ ’ਤੇ ਇੱਕ ਵਿਸ਼ਵ ਪੱਧਰ ਦਾ ਵਿਸ਼ਵ ਸ਼ਾਂਤੀ ਕੇਂਦਰ ਸਥਾਪਤ ਕਰਨ ਦਾ ਸੁਝਾਅ ਵੀ ਦਿੱਤਾ ਤਾਂ ਜੋ ਵਿਸ਼ਵ ਨੂੰ ਸਾਂਝੀਵਾਲਤਾ ਵੱਲ ਮੋੜਿਆ ਜਾ ਸਕੇ।ਪ੍ਰਧਾਨ ਮੰਤਰੀ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਇੱਕ ਪਾਠ (ਚੈਪਟਰ) ਪੂਰੇ ਭਾਰਤ ਦੇ ਸਕੂਲ ਬੋਰਡ, ਖਾਸ ਤੌਰ ’ਤੇ ਐਨ.ਸੀ.ਈ.ਆਰ.ਟੀ ਵਿਚ ਸ਼ਾਮਲ ਕਰਵਾਉਣ ਲਈ ਕਿਹਾ ਗਿਆ।
                 ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਚੈਪਟਰਾਂ ਵਿਚ ਪਾਏ ਜਾਂਦੇ ਮਤਭੇਦਾਂ ਤੋਂ ਬਚਣ ਲਈ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਇਨ੍ਹਾਂ ਦੀ ਘੋਖ ਕਰਨ ਵਾਲੀ ਕਮੇਟੀ ਵਿਚ ਹਮੇਸ਼ਾਂ ਲਈ ਸ਼ਾਮਲ ਕੀਤਾ ਜਾਵੇ ਤਾਂ ਜੋ ਸਿੱਖ ਫਲਸਫੇ ਅਤੇ ਇਤਿਹਾਸ ਦੀ ਸਪੱਸ਼ਟ ਜਾਣਕਾਰੀ ਵਿਦਿਆਰਥੀਆਂ ਤੱਕ ਪਹੁੰਚਾਈ ਜਾਵੇ।ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਅਨੁਵਾਦ ਭਾਰਤ ਦੀਆਂ ਸਾਰੀਆਂ ਭਸ਼ਾਵਾਂ ਵਿਚ ਕਰਵਾਉਣ ਦੀ ਅਪੀਲ ਵੀ ਕੀਤੀ।ਨੌਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਮਨੁੱਖੀ ਹੱਕਾਂ ਦਾ ਇੱਕ ਦਿਨ ਐਲਾਨ ਕਰਨ ਅਤੇ ਇਸ ਬਾਰੇ ਯੂ.ਐਨ.ਓ. ਨੂੰ ਵਿਸ਼ਵ ਪੱਧਰ ’ਤੇ ਮਾਨਤਾ ਲਈ ਲਿਖਿਆ ਜਾਵੇ।ਉਨ੍ਹਾਂ ਕਿਹਾ ਕਿ ਲੋਕਾਂ ਤੇ ਲੋਕ ਨੁਮਾਇੰਦਿਆਂ ਤੱਕ ਗੱਲ ਪਹੁੰਚਾਉਣ ਲਈ ਯੂ.ਐਨ.ਓ. ਵਿਚ ਸਿੱਖ ਨੁਮਾਇੰਦਾ ਸ਼ਾਮਲ ਕਰਨ ਲਈ ਯਤਨ ਕੀਤੇ ਜਾਣ ਬਾਰੇ ਵੀ ਅਪੀਲ ਕੀਤੀ।ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕੋਵਿਡ ਕਾਰਨ ਕਰਤਾਰਪੁਰ ਸਾਹਿਬ ਦਾ ਬੰਦ ਹੋਇਆ ਲਾਂਘਾ ਦੁਬਾਰਾ ਖੋਲਣ ਦੀ ਅਪੀਲ ਵੀ ਕੀਤੀ।
               ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਰਕਾਰ ਨੂੰ ਨੌਵੇਂ ਪਾਤਸ਼ਾਹ ਜੀ ਦੀ ਪ੍ਰਕਾਸ਼ ਸ਼ਤਾਬਦੀ ਸਬੰਧੀ ਸਿੱਕਾ, ਇਨਵੈਲਪ, ਡਾਕ ਟਿਕਟ ਜਾਰੀ ਕਰਨ ਲਈ ਕਿਹਾ ਗਿਆ ਸੀ, ਜਿਸ ਸਬੰਧੀ ਡਿਜ਼ਾਈਨ ਭੇਜ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਸਿੱਖ ਮਸਲਿਆਂ ਸਬੰਧੀ ਜਲਦ ਹੀ ਇਕ ਵਫਦ ਦੇ ਰੂਪ ਵਿਚ ਪ੍ਰਧਾਨ ਮੰਤਰੀ ਜੀ ਨਾਲ ਮੁਲਾਕਾਤ ਕੀਤੀ ਜਾਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …