ਖੰਨਾ ਪੇਪਰ ਮਿੱਲ ਨੇ ਜ਼ਿਲਾ ਪ੍ਰਸ਼ਾਸ਼ਨ ਨੂੰ ਮੈਡੀਕਲ ਉਪਰਕਨ ਅਤੇ ਖੇਡਾਂ ਦਾ ਸਮਾਨ ਕੀਤਾ ਭੇਟ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਖੰਨਾ ਪੇਪਰ ਮਿੱਲ ਵਲੋਂ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਉਂਦੇ ਹੋਏ ਜ਼ਿਲਾ ਪ੍ਰਸ਼ਾਸ਼ਨ ਨੂੰ ਅੱਜ ਖੇਡਾਂ ਦਾ ਸਾਮਾਨ ਅਤੇ
ਡਾਕਟਰੀ ਉਪਕਰਨ ਮੁਹੱਈਆ ਕਰਵਾਏ ਗਏ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਖੰਨਾ ਪੇਪਰ ਮਿੱਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਖੰਨਾ ਪੇਪਰ ਮਿੱਲ ਵਲੋਂ ਰੈਡ ਕਰਾਸ ਦੀ ਕਾਫੀ ਸਹਾਇਤਾ ਕੀਤੀ ਗਈ ਹੈ।ਅੱਜ ਵੀ ਖੰਨਾ ਪੇਪਰ ਮਿੱਲ ਵਲੋਂ ਰਣਜੀਤ ਐਵੀਨਿਊ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸੈਟੇਲਾਈਟ ਹਸਪਤਾਲ ਨੂੰ ਮੈਡੀਕਲ ਉਪਕਰਨ ਮੁਹੱਈਆ ਕਰਵਾਏ ਗਏ ਹਨ।ਜਿਨ੍ਹਾਂ ਵਿਚ ਮਾਸਕ, ਹੈਂਡਫ੍ਰੀ ਸੈਨੇਟਾਈਜ਼ਰ, ਆਕਸੋਮੀਟਰ, ਆਕਸੀਜਨ ਸਲੰਡਰ, ਗਲਵਜ਼ ਆਦਿ ਹੋਰ ਮੈਡੀਕਲ ਸਹਾਇਤਾ ਲਈ ਵਰਤਿਆ ਜਾਂਦਾ ਸਮਾਨ ਦਿੱਤਾ ਗਿਆ ਹੈ।
ਖਹਿਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਖੰਨਾ ਪੇਪਰ ਮਿੱਲ ਵਲੋਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।ਖੰਨਾ ਪੇਪਰ ਮਿੱਲ ਵਲੋਂ ਗਾਂਧੀ ਗਰਾਉਂਡ ਨੂੰ ਕ੍ਰਿਕੇਟ ਬਾਲਿੰਗ ਮਸ਼ੀਨ ਅਤੇ ਹੋਰ ਖੇਡਾਂ ਦਾ ਸਾਮਾਨ ਵੀ ਜ਼ਿਲਾ ਪ੍ਰਸ਼ਾਸ਼ਨ ਰਾਹੀਂ ਮੁਹੱਈਆ ਕਰਵਾਇਆ ਗਿਆ ਹੈ।ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਖੰਨਾ ਪੇਪਰ ਮਿੱਲ ਵਲੋਂ ਕੋਵਿਡ 19 ਮਹਾਂਮਾਰੀ ਦੌਰਾਨ ਵੀ ਲੋੜਵੰਦ ਲੋਕਾਂ ਦੀ ਮਦਦ ਕੀਤੀ ਗਈ ਹੈ।
ਖੰਨਾ ਪੇਪਰ ਮਿੱਲ ਦੇ ਡਾਇਰੈਕਟਰ ਸੁਨੀਤ ਕੋਛੜ ਨੇ ਕਿਹਾ ਕਿ ਉਨਾਂ ਦੀ ਕੰਪਨੀ ਵਲੋਂ ਮਦਾਦ ਚੈਰੀਟੇਬਲ ਫਾਉਂਡੇਸ਼ਨ ਦੀ 2011 ਵਿੱਚ ਸਥਾਪਨਾ ਕੀਤੀ ਗਈ ਸੀ।ਜਿਸ ਵਲੋਂ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਜਾਂਦਾ ਹੈ।ਕੋਛੜ ਨੇ ਦੱਸਿਆ ਕਿ ਉਨਾਂ ਦੀ ਸੰਸਥਾ ਵਲੋਂ ਪੇਂਡੂ ਖੇਤਰਾਂ ਲਈ ਡਸਟਬਿਨ, ਕੂੜਾ ਚੁੱਕਣ ਵਾਲੀਆਂ ਗੱਡੀਆਂ ਅਤੇ ਗਰੀਨ ਡਰਾਇਵ ਮੁਹਿੰਮ ਤਹਿਤ ਪੌਦੇ ਵੀ ਲਗਵਾਏ ਗਏ ਹਨ।ਸੰਸਥਾ ਵਲੋਂ ਜੰਮੂ ਕਸ਼ਮੀਰ ਰਾਹਤ ਫੰਡ, ਜੋੜਾ ਫਾਟਕ ਦੁਰਘਟਨਾ ਸਮੇਂ ਲੋੜਵੰਦ ਲੋਕਾਂ ਅਤੇ ਨਿਸ਼ਕਾਮ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ।
Punjab Post Daily Online Newspaper & Print Media