ਸਿੱੱਖਿਆ ਮੰਤਰੀ ਤੋਂ ਸੈਕੰਡਰੀ ਸਕੂਲਾਂ ਵਿੱਚ ਪ੍ਰੀ ਨਰਸਰੀ ਤੋਂ ਜਮਾਤਾਂ ਸ਼ੁਰੂ ਕਰਨ ਦਾ ਫ਼ੈਸਲਾ ਰੱਦ ਕਰਨ ਦੀ ਮੰਗ
ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ) – ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਨਿੱਜੀਕਰਨ ਅਤੇ ਵਪਾਰੀਕਰਨ ਪੱਖੀ, ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਪੰਜਾਬ ਵਿੱਚ ਪ੍ਰੀ ਨਰਸਰੀ ਤੋਂ ਬਾਰ੍ਹਵੀਂ ਜਮਾਤਾਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ‘ਚ ਚਲਾ ਕੇ “ਕੰਪਲੈਕਸ ਸਕੂਲ” ਦਾ ਏਜੰਡਾ ਲਾਗੂ ਕਰਨ ਨੂੰ ਸਿੱਖਿਆ ਵਿਭਾਗ ਦੀ ਅਕਾਰ ਘਟਾਈ, ਪ੍ਰਾਇਮਰੀ ਸਿੱਖਿਆਤੰਤਰ ਲਈ ਕੁੱਲ ਤਬਾਹੀ ਅਤੇ ਜਨਤਕ ਸਿੱਖਿਆ ਦੇ ਖਾਤਮੇ ਦੀ ਸਾਜਿਸ਼ ਕਰਾਰ ਦਿੱਤਾ ਹੈ।
ਜਿਲ੍ਹਾ ਪੱਧਰੀ ਰੋਸ ਧਰਨੇ ਦੌਰਾਨ ਮੋਰਚੇ ਦੇ ਜ਼ਿਲ੍ਹਾ ਕਨਵੀਨਰਾਂ ਅਸ਼ਵਨੀ ਅਵਸਥੀ, ਗੁਰਦੀਪ ਸਿੰਘ ਬਾਜਵਾ, ਬਲਜਿੰਦਰ ਸਿੰਘ ਵਡਾਲੀ, ਬਿਕਰਮਜੀਤ ਸਿੰਘ ਸ਼ਾਹ, ਮਲਕੀਤ ਸਿੰਘ ਕਦਗਿੱਲ ਤੇ ਨਵਦੀਪ ਸਿੰਘ ਦੀ ਅਗਵਾਈ ‘ਚ ਸਿੱਖਿਆ ਮੰਤਰੀ ਨੂੰ `ਮੰਗ ਪੱਤਰ` ਭੇਜਦਿਆਂ ਉਕਤ ਫ਼ੈਸਲਿਆਂ `ਤੇ ਫੌਰੀ ਰੋਕ ਲਗਾਉਣ ਅਤੇ ਗੱਲਬਾਤ ਦੀ ਜ਼ਮਹੂਰੀ ਪ੍ਰਕਿਰਿਆ ਰਾਹੀਂ ਸਾਰੇ ਮਸਲੇ ਹੱਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ।ਅਜਿਹਾ ਨਾ ਹੋਣ ‘ਤੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ।
ਜਰਮਨਜੀਤ ਸਿੰਘ, ਸੁਖਵਿੰਦਰ ਸਿੰਘ ਮਾਨ, ਸੁੱਚਾ ਸਿੰਘ ਟਰਪਈ, ਗੁਰਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲਾਂ ਨੂੰ ਚੋਣਵੇਂ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮਰਜ (ਮਿਲਾ) ਕੇ ਜਨਤਕ ਸਿੱਖਿਆ ਅਤੇ ਰੁੁਜ਼ਗਾਰ ਦੇ ਉਜਾੜੇ ਦੀ ਗਰੰਟੀ ਕਰਦੀ ਰਾਸ਼ਟਰੀ ਸਿੱਖਿਆ ਨੀਤੀ ਪੰਜਾਬ ਸਰਕਾਰ ਅਤੇ ਇਸ ਦੇ ਸਿੱਖਿਆ ਸਕੱਤਰ ਵੱਲੋਂ ਤੇਜ਼ੀ ਨਾਲ ਲਾਗੂ ਕੀਤੀ ਜਾ ਰਹੀ ਹੈ।ਜਿਸ ਨੂੰ ਕਿਸੇ ਵੀ ਕੀਮਤ `ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਪੰਜਾਬ ਭਰ ਦੇ ਅਧਿਆਪਕਾਂ ਅਤੇ ਸੂਝਵਾਨ ਲੋਕਾਂ ਨੂੰ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ 1 ਜੂਨ ਨੂੰ ਸੰਗਰੂਰ ਵਿਖੇ ਹੋਣ ਜਾ ਰਹੇ ਵਿਸ਼ਾਲ ਸੂਬਾਈ ਧਰਨੇ ਵਿੱਚ ਭਰਵਾਂ ਯੋਗਦਾਨ ਪਾਉਣ ਦਾ ਸੱਦਾ ਦਿੱਤਾ।ਆਗੂਆਂ ਨੇ ਕਿਹਾ ਕਿ ਪ੍ਰਾਇਮਰੀ ਸਮੇਤ ਸਾਰੀਆਂ ਬਦਲੀਆਂ ਨੂੰ ਬਿਨਾਂ ਸ਼ਰਤ ਲਾਗੂ ਕੀਤਾ ਜਾਵੇ ਅਤੇ ਤੀਜਾ ਰਾਊਂਡ ਵੀ ਜਲਦ ਸ਼ੁਰੂ ਕੀਤਾ ਜਾਵੇ।ਸਕੂਲਾਂ ਵਿੱਚ ਖਾਲੀ ਸਾਰੀਆਂ ਅਸਾਮੀਆਂ ਬਿਨਾ ਦੇਰੀ ਭਰੀਆਂ ਜਾਣ।ਮਿਡਲ ਸਕੂਲਾਂ ਦੀ ਸੁਤੰਤਰ ਹੋਂਦ ਤੇ ਅਸਾਮੀਆਂ ਖਤਮ ਕਰਨ ਦਾ ਫੈਸਲਾ ਵਾਪਿਸ ਲਿਆ ਜਾਵੇ, ਅਧਿਆਪਕਾਂ ਦੀਆਂ ਰਹਿੰਦੀਆਂ ਵਿਕਟੇਮਾਈਜੇਸ਼ਨਾਂ ਅਤੇ 75 ਫੀਸਦੀ ਕੋਟਾ ਬਹਾਲ ਰੱਖਦਿਆਂ ਸਾਰੇ ਕਾਡਰ ਦੀਆਂ ਪੈਡਿੰਗ ਪ੍ਰਮੋਸ਼ਨਾਂ ਤੁਰੰਤ ਕੀਤੀਆ ਜਾਣ।ਬੀ.ਪੀ.ਈ.ਓ ਦਫਤਰਾਂ ਵਿੱਚ ਸ਼ਿਫਟ ਕੀਤੇ 228 ਪੀ.ਟੀ.ਆਈ ਅਧਿਆਪਕ ਮਿਡਲ ਸਕੂਲ ਵਿੱਚ ਵਾਪਸ ਭੇਜੇ ਜਾਣ ਅਤੇ ਪ੍ਰਾਇਮਰੀ ਹੈਡ ਟੀਚਰਾਂ ਦੀਆਂ ਖਤਮ ਕੀਤੀਆਂ 1904 ਪੋਸਟਾਂ ਬਹਾਲ ਕੀਤੀਆ ਜਾਣ। ਕਰੋਨਾ ਦੀ ਲਾਗ ਤੋਂ ਬਚਾਅ ਲਈ ਨਿਰਧਾਰਿਤ ਪ੍ਰਬੰਧਾਂ ਤਹਿਤ ਸਾਰੀਆਂ ਜਮਾਤਾਂ ਲਈ ਸਕੂਲ ਜਲਦ ਖੋਲੇ ਜਾਣ। ਕੋਵਿਡ ਤੋਂ ਗ੍ਰਸਤ ਅਧਿਆਪਕਾਂ ਲਈ 30 ਦਿਨਾਂ ਦੀ ਤਨਖਾਹ ਸਹਿਤ ਛੁੱਟੀ ਦੇਣ ਸਬੰਧੀ ਸਪੱਸ਼ਟਤਾ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ।
ਸਾਂਝਾ ਅਧਿਆਪਕ ਮੋਰਚੇ ਦੇ ਆਗੂਆਂ ਨੇ ਸਮੂਹ ਕੱਚੇ ਅਧਿਆਪਕਾਂ, ਓ.ਡੀ.ਐਲ ਅਧਿਆਪਕਾਂ, ਨਾਨ ਟੀਚਿੰਗ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਰੈਗੂਲਰ ਕਰੲਨ ਦੀ ਮੰਗ ਕੀਤੀ।ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਡੀ.ਏ ਦੀਆਂ ਕਿਸ਼ਤਾਂ ਜਾਰੀ ਕਰਨ ਅਤੇ 1 ਜਨਵਰੀ 2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਮੰਗਲ ਟਾਂਡਾ, ਲਖਵਿੰਦਰ ਸਿੰਘ, ਗੁਰਦੇਵ ਸਿੰਘ ਬਾਸਰਕੇ, ਹਰਜਾਨੇ ਸਿੰਘ ਬੱਲ, ਨਿਰਮਲ ਸਿੰਘ, ਬਲਦੇਵ ਮੰਨਣ, ਮੁਨੀਸ਼ ਪੀਟਰ, ਮਨਪ੍ਰੀਤ ਰਈਆ, ਕੇਵਲ ਸਿੰਘ, ਸੁਖਵਿੰਦਰ ਬਿੱਟਾ, ਰਾਕੇਸ਼ ਕੁਮਾਰ, ਅਵਤਾਰਜੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਸੋਹੀਆਂ, ਪਰਮਿੰਦਰ ਸਿੰਘ, ਹਰਵਿੰਦਰ ਸਿੰਘ ਸੁਲਤਾਨਵਿੰਡ, ਨਿਰਮਲ ਭੋਮਾ, ਕਪਿਲ ਮੀਤ ਸਿੰਘ, ਯਾਦਵਿੰਦਰ ਸਿੰਘ, ਕੁਲਦੀਪ ਕੁਮਾਰ, ਵਿਜੇ ਕੁਮਾਰ ਕੁਲਦੀਪ ਸਿੰਘ ਤੋਲਾ ਨੰਗਲ ਆਦਿ ਹਾਜ਼ਰ ਸਨ।