ਅੰਮ੍ਰਿਤਸਰ, 4 ਮਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਅਤੇ ਵਿਦਿਅਕ ਅਦਾਰਿਆਂ ਦੇ ਵਿੱਤੀ ਕੰਮ ਕਾਜ ਨੂੰ ਪਾਰਦਰਸ਼ੀ ਢੰਗ ਨਾਲ ਆਡਿਟ ਕਰਨ ਲਈ 24 ਕੰਪਨੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਇਹ ਸੀਏ ਫਰਮਾਂ ਗੁਰਦੁਆਰਿਆਂ ਅਤੇ ਵਿਦਿਅਕ ਅਦਾਰਿਆਂ ਦਾ ਇੰਟਰਨਲ ਆਡਿਟ ਕਰਨ ਲਈ ਜਿਲ੍ਹਾ ਪੱਧਰ ’ਤੇ ਕਾਰਜਸ਼ੀਲ ਹੋਣਗੀਆਂ।ਫਿਲਹਾਲ ਇਹ ਸੇਵਾਵਾਂ ਵਿੱਤੀ ਸਾਲ 2021-22 ਲਈ ਲਈਆਂ ਜਾ ਰਹੀਆਂ ਹਨ, ਜਿਸ ਲਈ ਕਰੀਬ 49 ਲੱਖ ਰੁਪਏ ਸਾਲਾਨਾ ਭੁਗਤਾਨ ਕੀਤਾ ਜਾਵੇਗਾ।ਹਰ ਫਰਮ ਨੂੰ ਮਹੀਨੇ ਦੀ 10 ਤਰੀਕ ਤੱਕ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਆਪਣੀ ਰਿਪੋਰਟ ਦੇਣੀ ਲਾਜ਼ਮੀ ਹੋਵੇਗੀ।ਉਨ੍ਹਾਂ ਕਿਹਾ ਕਿ ਵਿੱਤੀ ਪਾਰਦਰਸ਼ਤਾ ਲਈ ਸੰਸਥਾ ਦਾ ਕੰਮਕਾਜ਼ ਮਾਹਿਰ ਸੀ.ਏ ਤੋਂ ਕਰਵਾਇਆ ਜਾਣਾ ਜ਼ਰੂਰੀ ਹੈ।ਇਸ ਵਾਸਤੇ ਸਬ ਕਮੇਟੀ ਨੇ ਬਕਾਇਦਾ ਇੰਟਰਵਿਊ ਰਾਹੀਂ ਸੀ.ਏ ਫਰਮਾਂ ਦੀ ਚੋਣ ਕੀਤੀ ਹੈ।ਉਨ੍ਹਾਂ ਦੱਸਿਆ ਕਿ ਹਰ ਫਰਮ ਸ਼੍ਰੋਮਣੀ ਕਮੇਟੀ ਵੱਲੋਂ ਬਕਾਇਦਾ ਤਿਆਰ ਕੀਤੇ ਗਏ ਨਿਯਮਾਂ ਤਹਿਤ ਕੰਮ ਕਰੇਗੀ।ਆਡਿਟ ਦੇ ਨਾਲ ਨਾਲ ਵਿਦਿਅਕ ਅਦਾਰਿਆਂ ਤੇ ਗੁਰਦੁਆਰਾ ਸਾਹਿਾਬਨ ਦੇ ਸਟਾਫ ਨੂੰ ਇਨ੍ਹਾਂ ਫਰਮਾਂ ਵੱਲੋਂ ਦੋਹਰਾ ਇੰਦਰਾਜ਼ ਅਤੇ ਕੰਪਿਊਟਰੀਕਰਨ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ।ਇਸ ਦੇ ਨਾਲ ਹੀ ਫਰਮਾਂ ਨੂੰ ਆਡਿਟ ਕਰਦੇ ਸਮੇਂ ਕਿਸੇ ਵੀ ਮਾਮਲੇ ਸਬੰਧੀ ਅਧਿਕਾਰਾਂ ਤੋਂ ਬਾਹਰ ਜਾ ਕੇ ਕੀਤੇ ਹੋਏ ਕੰਮ ਬਾਰੇ ਸ਼੍ਰੋਮਣੀ ਕਮੇਟੀ ਮੁੱਖ ਦਫਤਰ ਦੇ ਧਿਆਨ ਵਿੱਚ ਲਿਆਉਣਾ ਜ਼ਰੂਰੀ ਹੋਵੇਗਾ ਅਤੇ ਉਸ ਨੂੰ ਸੀ.ਏ ਫਰਮਾਂ ਮਹੀਨਾਵਾਰ ਆਪਣੀ ਰਿਪੋਰਟ ਵਿਚ ਵਿਸ਼ੇਸ਼ ਤੌਰ ’ਤੇ ਦਰਜ਼ ਕਰਕੇ ਵੀ ਭੇਜਣਗੀਆਂ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਡਾ ਮੰਤਵ ਗੁਰਦੁਆਰਾ ਪ੍ਰਬੰਧਾਂ ਨੂੰ ਹਰ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਸੰਗਤਾਂ ਸਾਹਮਣੇ ਪੇਸ਼ ਕਰਨਾ ਹੈ ਅਤੇ ਇਸੇ ਅਨੁਸਾਰ ਹੀ ਕਾਰਜ ਕੀਤੇ ਜਾ ਰਹੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …