Sunday, September 27, 2026

ਕੋਰੋਨਾ ਦੌਰਾਨ ਸ਼੍ਰੋਮਣੀ ਕਮੇਟੀ ਆਨਲਾਈਨ ਵਿਧੀ ਰਾਹੀਂ ਕਰੇਗੀ ਧਰਮ ਪਚਾਰ

ਬੀਬੀ ਜਗੀਰ ਕੌਰ ਨੇ ਪ੍ਰਚਾਰਕਾਂ ਦੀ ਚਾਰ ਰੋਜ਼ਾ ਵਰਕਸ਼ਾਪ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 17 ਮਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਦੇ ਚੱਲਦਿਆਂ ਬਣੇ ਹਾਲਾਤ ਵਿਚ ਆਨਲਾਈਨ ਵਿਧੀ ਰਾਹੀਂ ਧਰਮ ਪ੍ਰਚਾਰ ਲਹਿਰ ਨੂੰ ਅੱਗੇ ਵਧਾਉਣ ਲਈ ਪ੍ਰਚਾਰਕਾਂ ਦੀ ਚਾਰ ਰੋਜ਼ਾ ਆਨਲਾਈਨ ਗੁਰਮਤਿ ਵਰਕਸ਼ਾਪ ਦੀ ਸ਼ੁਰੂਆਤ ਇਥੇ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਵਿਖੇ ਕੀਤੀ ਗਈ।ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਵਰਕਸ਼ਾਪ ਦੀ ਆਰੰਭਤਾ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਬਾਹਰਲੇ ਸੂਬਿਆਂ ਤੋਂ ਜੁੜੇ ਪ੍ਰਚਾਰਕਾਂ ਨੂੰ ਸੰਬੋਧਨ ਕੀਤਾ ਅਤੇ ਇੰਟਰਨੈੱਟ ਦੇ ਮਾਧਿਅਮ ਰਾਹੀਂ ਬੱਚਿਆਂ ਅਤੇ ਨੌਜੁਆਨਾਂ ਨੂੰ ਗੁਰਮਤਿ ਨਾਲ ਜੋੜਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਲਈ ਕਿਹਾ।ਉਨਾਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਵੱਡੇ ਇਕੱਠ ਕਰਕੇ ਜਾਂ ਸਕੂਲਾਂ ਕਾਲਜਾਂ ਤੱਕ ਪਹੁੰਚ ਕਰਕੇ ਧਰਮ ਪ੍ਰਚਾਰ ਕਰਨਾ ਸੰਭਵ ਨਹੀਂ ਹੈ, ਇਸ ਲਈ ਇੰਟਰਨੈਟ ਦੇ ਮਾਧਿਅਮ ਸੂਚਨਾ ਤਕਨੀਕ ਦੀ ਵਰਤੋਂ ਕਰਕੇ ਸੰਗਤ ਅਤੇ ਖ਼ਾਸਕਰ ਨੌਜੁਆਨੀ ਤੱਕ ਪਹੁੰਚ ਕੀਤੀ ਜਾਵੇ।
                   ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਧਰਮ ਪ੍ਰਚਾਰ ਕਮੇਟੀ ਅਤੇ ਵੱਖ-ਵੱਖ ਸਿੱਖ ਮਿਸ਼ਨਾਂ ਅੰਦਰ 250 ਪ੍ਰਚਾਰਕ, 39 ਢਾਡੀ ਜਥੇ ਅਤੇ 54 ਕਵੀਸ਼ਰ ਜਥੇ ਧਰਮ ਪ੍ਰਚਾਰ ਸੇਵਾ ਨਿਭਾਅ ਰਹੇ ਹਨ।ਇਸ ਸਬੰਧ ਵਿਚ ਪਹਿਲਾਂ ਪ੍ਰਚਾਰਕਾਂ ਅਤੇ ਢਾਡੀ ਕਵੀਸ਼ਰ ਜਥਿਆਂ ਦੇ ਚਾਰ-ਚਾਰ ਰੋਜ਼ਾ ਆਨਲਾਈਨ ਕੈਂਪ ਲਗਾਏ ਜਾ ਰਹੇ ਹਨ।ਬੀਤੇ ਸਾਲ ਵੀ ਆਨਲਾਈਨ ਧਰਮ ਪ੍ਰਚਾਰ ਲਹਿਰ ਕਾਫੀ ਪ੍ਰਭਾਵੀ ਰਹੀ ਸੀ।ਇਸ ਵਾਰ ਵੀ ਆਨਲਾਈਨ ਤਰੀਕੇ ਨਾਲ ਧਰਮ ਪ੍ਰਚਾਰ ਲਹਿਰ ਤਹਿਤ ਬੱਚਿਆਂ ਅਤੇ ਨੌਜੁਆਨਾਂ ਤੱਕ ਪਹੁੰਚ ਕੀਤੀ ਜਾਵੇਗੀ।ਇਸ ਤਹਿਤ ਨਿਤਨੇਮ ਦੀ ਸੰਥਿਆ ਦਿੱਤੀ ਜਾਵੇਗੀ ਅਤੇ ਗੁਰਬਾਣੀ ਕੰਠ, ਕਵਿਤਾ, ਕਇੱਜ, ਭਾਸ਼ਣ ਆਦਿ ਮੁਕਾਬਲੇ ਵੀ ਕਰਵਾਏ ਜਾਣਗੇ।
                     ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਹਰਪਾਲ ਸਿੰਘ ਜੱਲ੍ਹਾ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸਿਮਰਜੀਤ ਸਿੰਘ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ ਤੇ ਪਲਵਿੰਦਰ ਸਿੰਘ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਪ੍ਰਚਾਰਕ ਭਾਈ ਅਮਰ ਸਿੰਘ, ਭਾਈ ਵਰਿਆਮ ਸਿੰਘ, ਭਾਈ ਪ੍ਰਮਿੰਦਰ ਸਿੰਘ, ਭਾਈ ਹਰਪ੍ਰੀਤ ਸਿੰਘ ਵਡਾਲਾ, ਇੰਚਾਰਜ ਕਰਤਾਰ ਸਿੰਘ, ਬਹਾਲ ਸਿੰਘ ਆਦਿ ਮੌਜੂਦ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …