Wednesday, April 15, 2026

ਐਚ.ਡੀ.ਐਫ.ਸੀ ਬੈਂਕ ਨੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਨੂੰ ਦਾਨ ਕੀਤੀ ਵਿਸ਼ੇਸ਼ ਬੱਸ

ਖੂਨ ਦਾਨੀਆਂ ਤੱਕ ਪਹੁੰਚ ਕਰੇਗੀ ਮੋਬਾਇਲ ਬੱਸ – ਬੀਬੀ ਜਗੀਰ ਕੌਰ

ਅੰਮ੍ਰਿਤਸਰ, 17 ਮਈ (ਗੁਰਪ੍ਰੀਤ ਸਿੰਘ) – ਐਚ.ਡੀ.ਐਫ.ਸੀ ਬੈਂਕ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਥਾਨਕ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੀ ਦੇਖ-ਰੇਖ ਹੇਠ ਖੂਨਦਾਨ ਕੈਂਪ ਲਗਾਉਣ ਲਈ ਆਧੁਨਿਕ ਸਹੂਲਤਾਂ ਵਾਲੀ ਇਕ ਵਿਸ਼ੇਸ਼ ਬੱਸ ਦਾਨ ਦਿੱਤੀ ਹੈ।
            ਮੋਬਾਇਲ ਖੂਨਦਾਨ ਕੈਂਪ ਲਗਾਉਣ ਲਈ ਇਸ ਬੱਸ ਨੂੰ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਅਹੁੱਦੇਦਾਰਾਂ ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇ ਰਿਹਾ ਹੈ। ਕੋਰੋਨਾ ਦੇ ਦੌਰ ‘ਚ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਕੋਰੋਨਾ ਮਰੀਜ਼ਾਂ ਨੂੰ ਸਮਰਪਿਤ ਕੀਤਾ ਗਿਆ ਹੈ, ਉਥੇ ਹੀ ਪੰਜਾਬ ‘ਚ ਵੱਖ-ਵੱਖ ਥਾਵਾਂ ’ਤੇ ਵਾਰਡ ਤਿਆਰ ਕਰਕੇ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਅਜਿਹੇ ਵਿਚ ਖੂਨ ਦੀ ਲੋੜ ਮਰੀਜ਼ਾਂ ਨੂੰ ਅਕਸਰ ਬਣੀ ਰਹਿੰਦੀ ਹੈ, ਜਿਸ ਦੀ ਪੂਰਤੀ ਲਈ ਸ਼੍ਰੋਮਣੀ ਕਮੇਟੀ ਦੇ ਮੈਡੀਕਲ ਕਾਲਜ ਵਿਚ ਬਲੱਡ ਬੈਂਕ ਦਾ ਪ੍ਰਬੰਧ ਹੈ। ਬਹੁਤ ਸਾਰੇ ਖੂਨਦਾਨੀ ਮਾਨਵਤਾ ਦੀ ਭਲਾਈ ਲਈ ਤੱਤਪਰ ਰਹਿੰਦੇ ਹਨ, ਪਰੰਤੂ ਕੋਰੋਨਾ ਦੇ ਮੌਜੂਦਾ ਸੰਕਟਮਈ ਦੌਰ ਅੰਦਰ ਲੋਕਾਂ ਦਾ ਹਸਪਤਾਲ ਵਿਖੇ ਆ ਕੇ ਖੂਨਦਾਨ ਕਰਨਾ ਮੁਸ਼ਕਲ ਹੈ।
                ਇਸ ਲਈ ਐਚ.ਡੀ.ਐਫ.ਸੀ ਬੈਂਕ ਵੱਲੋਂ ਦਾਨ ਦਿੱਤੀ ਗਈ ਬੱਸ ਸ਼੍ਰੋਮਣੀ ਕਮੇਟੀ ਨੇ ਖੂਨਦਾਨ ਕੈਂਪ ਲਗਾਉਣ ਲਈ ਤਿਆਰ ਕਰਵਾਈ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਾਲ ਲੋੜਵੰਦਾਂ ਨੂੰ ਖੂਨ ਦੀ ਕਿਲੱਤ ਤੋਂ ਰਾਹਤ ਮਿਲੇਗੀ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਆਲਮਗੀਰ ਲੁਧਿਆਣਾ ਵਿਖੇ ਹੁਣ ਤੱਕ ਕਰੀਬ 150 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ।ਅਗਲੇ ਦਿਨਾਂ ‘ਚ ਆਦਮਪੁਰ, ਸੰਗਰੂਰ, ਰੋਪੜ ਤੇ ਫਿਰੋਜ਼ਪੁਰ ਵਿਖੇ ਵੀ ਅਜਿਹੇ ਹੀ ਕੋਵਿਡ ਕੇਅਰ ਕੇਂਦਰ ਖੋਲ੍ਹੇ ਜਾਣਗੇ।
                ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਅੰਤ੍ਰਿੰਗ ਮੈਂਬਰ ਸਤਵਿੰਦਰ ਸਿੰਘ ਟੌਹੜਾ, ਅਜਮੇਰ ਸਿੰਘ ਖੇੜਾ, ਭੁਪਿੰਦਰ ਸਿੰਘ ਭਲਵਾਨ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਹਰਪਾਲ ਸਿੰਘ ਜੱਲ੍ਹਾ, ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਮਨਜੀਤ ਸਿੰਘ ਉੱਪਲ, ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ. ਕਵੀਪਾਲ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸਿਮਰਜੀਤ ਸਿੰਘ, ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ, ਓ.ਐਸ.ਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਮਲਕੀਤ ਸਿੰਘ ਬਹਿੜਵਾਲ ਆਦਿ ਮੌਜ਼ੂਦ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …