Thursday, November 21, 2024

ਗੁਰਬਾਣੀ ਵਿਆਕਰਣ ਤੇ ਟੀਕਾਕਾਰੀ ਦੀ ਸਿਰਮੌਰ ਹਸਤੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ

            ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਕਰਣ ਅਤੇ ਟੀਕਾਕਾਰੀ ਦੀ ਸਿਰਮੌਰ ਹਸਤੀ ਹੋ ਚੁੱਕੇ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਕਰਣ ਅਤੇ ਟੀਕਾਕਾਰੀ ਦੇ ਖੋਜਾਰਥੀ ਉਨ੍ਹਾਂ ਦੀ ਅਗਵਾਈ ਕਬੂਲਦੇ ਰਹੇ ਅਤੇ ਉਨ੍ਹਾਂ ਦੀ ਇਸ ਵਿਸ਼ੇ ਸਬੰਧੀ ਵਿਸ਼ਾਲ ਗਿਆਨ-ਸੀਮਾ ਜਾਣ ਕੇ ਅਸਚਰਜ਼ ਰਹਿੰਦੇ ਸਨ।ਆਪ ਜੀ ਨੇ ਲੰਮਾ ਸਮਾਂ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਖਡੂਰ ਸਾਹਿਬ ਵਿਖੇ ਗੁਰਬਾਣੀ ਸੰਥਿਆ ਕੇਂਦਰ ਦੇ ਨਿਗਰਾਨ ਵਜੋਂ ਸੇਵਾਵਾਂ ਪ੍ਰਦਾਨ ਕੀਤੀਆਂ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੀ ਵਿਆਖਿਆ ਅਤੇ ਟੀਕਾਕਾਰੀ ਸੰਸਥਾ ਵਿੱਚ ਆਨਰੇਰੀ ਵਿਜਿਟਿੰਗ ਪ੍ਰੋਫੈਸਰ ਵਜੋਂ ਸਿੱਖਿਆਰਥੀਆਂ ਦੀ ਉਤਮ ਰਹਿਨੁਮਾਈ ਕਰਦੇ ਰਹੇ।
                    ਆਪ ਜੀ ਦਾ ਜਨਮ ਪਿਤਾ ਸ੍ਰ. ਨਾਹਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ 23 ਅਪਰੈਲ 1940 ਨੂੰ ਪਿੰਡ ਤਲਵੰਡੀ ਖੁਰਦ ਜਿਲ੍ਹਾ ਲੁਧਿਆਣਾ ਵਿਖੇ ਹੋਇਆ।ਪਰਿਵਾਰਕ ਮਾਹੌਲ ਦੇ ਫਲਸਰੂਪ ਆਪ ਜੀ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਦੇ ਮਾਲਕ ਸਨ।ਨਿੱਕੀ ਉਮਰੇ ਆਪ ਜੀ ਨੇ ਪਿੰਡ ਦੇ ਉਦਾਸੀ ਸਾਧੂ ਭਗਤ ਸਰੂਪ ਦਾਸ ਦੇ ਲੜ ਲੱਗ ਕੇ ਗੁਰਮੁੱਖੀ ਅੱਖਰ ਗਿਆਨ ਹਾਸਲ ਕੀਤਾ।ਉਨ੍ਹਾਂ ਪਾਸੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈ ਕੇ ਗੁਰਬਾਣੀ ਦੇ ਪਾਠੀ ਬਣ ਗਏ।ਉਪਰੰਤ ਸੰਨ 1956 ਵਿੱਚ ਪਿੰਡ ਮਲਕ ਵਿਖੇ ਦਮਦਮੀ ਟਕਸਾਲ ਦੇ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਵਾਲੇ ਦੇ ਜਥੇ ਵਿੱਚ ਸ਼ਾਮਲ ਹੋ ਗਏ ਅਤੇ ਕਈ ਸਾਲ ਜਥੇ ਦੇ ਧਾਰਮਿਕ ਕਾਰਜ਼ਾਂ ਵਿੱਚ ਸਰਗਰਮ ਰਹੇ।ਇਥੇ ਉਨ੍ਹਾਂ ਨੇ ਗੁਰਬਾਣੀ ਦੇ ਟਕਸਾਲੀ ਉਚਾਰਨ ਅਤੇ ਵਿਸ਼ਰਾਮ ਲਾਉਣ ਦੀ ਜੁਗਤਿ ਅਨੁਸਾਰ ਗੁਰਬਾਣੀ ਦੀ ਸੰਥਿਆ ਲਈ।ਆਪ ਜੀ ਨੇ ਦਸਮ ਗ੍ਰੰਥ, ਗੁਰਪ੍ਰਤਾਪ ਸੂਰਜ ਗ੍ਰੰਥ, ਭਾਈ ਗੁਰਦਾਸ ਦੀਆਂ ਵਾਰਾਂ, ਕਬਿੱਤ ਸਵੱਈਏ ਅਤੇ ਜਨਮ ਸਾਖੀਆਂ ਆਦਿ ਗ੍ਰੰਥਾਂ ਦਾ ਅਧਿਐਨ ਕੀਤਾ।
                  ਵੇਦਾਂਤੀ ਜੀ ਇੱਕ ਸ਼ਰਧਾਵਾਨ ਅਤੇ ਨਿਸਚੇ ਵਾਲੇ ਖੋਜੀ ਵਜੋਂ ਸਮਰਪਣ ਭਾਵਨਾ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਭਾਸ਼ਾਵਾਂ ਅਤੇ ਬੋਲੀਆਂ ਦੇ ਅਮੀਰ ਖ਼ਜਾਨੇ ਦੀ ਨਿਰੰਤਰ ਖੋਜ਼ ਵਿੱਚ ਜੁਟੇ ਰਹਿੰਦੇ।ਗੁਰਬਾਣੀ ਦੀਆਂ ਲਗਾਂ-ਮਾਤਰਾਂ ਅਨੁਸਾਰ ਬਾਣੀ ਦਾ ਸ਼ੁੱਧ ਉਚਾਰਣ ਕਰਨ ਅਤੇ ਗੁਰਬਾਣੀ ਵਿਆਕਰਣ ਮੁਤਾਬਕ ਢੁੱਕਵੀਂ ਅਰਥਾਵਲੀ ਲਈ ਇਨ੍ਹਾਂ ਨੇ ਆਪਣਾ ਜੀਵਨ ਗੁਰਮਤਿ ਦੇ ਲੇਖੇ ਲਾਇਆ ਹੋਇਆ ਸੀ।
                   ਇੰਗਲੈਂਡ, ਪਾਕਿਸਤਾਨ, ਨੇਪਾਲ, ਅਮਰੀਕਾ ਕਨੇਡਾ ਅਤੇ ਦੇਸ਼ ਵਿਦੇਸ਼ ਵਿਚੋਂ ਹਾਸਲ ਹੋਈਆਂ ਸੈਂਕੜੇ ਹੱਥ ਲਿਖਤ ਬੀੜਾਂ ਦਾ ਬਹੁਤ ਡੂੰਘਾਈ, ਬਾਰੀਕੀ ਅਤੇ ਮਿਹਨਤ ਨਾਲ ਅਧਿਐਨ ਕੀਤਾ ਅਤੇ ਭਾਸ਼ਾਈ ਦ੍ਰਿਸ਼ਟੀ ਤੋਂ ਮਹੱਤਵਪੂਰਨ ਸਿੱਟੇ ਕੱਢੇ।400 ਤੋਂ ਵੱਧ ਬੀੜਾਂ ਦੀ ਡਿਜ਼ੀਟਲ ਵੀਡੀਓ ਤਿਆਰ ਕੀਤੀ ਅਤੇ ਹੱਥ ਲਿਖਤ ਸਰੂਪਾਂ ਦੀ ਆਧੁਨਿਕ ਤਕਨੀਕ ਨਾਲ ਸੰਭਾਲ ਕੀਤੀ।ਕੁੱਝ ਸਹਿਯੋਗੀਆਂ ਸਮੇਤ ਆਪ ਜੀ ਨੇ ਇੰਗਲੈਂਡ ਦੀ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਕੰਪਿਊਟਰ ਵਿਧੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਖੌਤੀ ਪੁਰਾਤਨ ਬੀੜ ਦੀ ਸਾਜ਼ਿਸ਼ ਦਾ ਪੜਦਾ ਫਾਸ਼ ਕੀਤਾ ਤੇ ਕਰਤਾਰਪੁਰੀ ਬੀੜ ਬਾਰੇ ਸੰਭਾਵਿਤ ਵਿਵਾਦ ਨੂੰ ਮੂਲੋਂ ਖਤਮ ਕਰ ਦਿੱਤਾ।ਪੁਰਾਤਨ ਗ੍ਰੰਥਾਂ ਦੀ ਛਪਾਈ ਸਮੇਂ ਹੋਈਆਂ ਉਕਾਈਆਂ ਦੀ ਸੁਧਾਈ ਦਾ ਕਾਰਜ਼ ਭਾਈ ਜੋਗਿੰਦਰ ਸਿੰਘ ਤਲਵਾੜਾ ਦੇ ਸਹਿਯੋਗ ਨਾਲ ਕੀਤਾ।ਵੇਦਾਂਤੀ ਜੀ ਹੱਥ ਲਿਖਤ ਬੀੜਾਂ ਲਈ ਵਰਤੇ ਕਾਗਜ਼, ਅੱਖਰਾਂ ਦੀ ਬਣਾਵਟ, ਲਗਾਂ-ਮਾਤਰਾਂ ਲਾਉਣ ਦੀ ਵਿਧੀ ਅਤੇ ਵਰਤੀ ਸਿਆਹੀ ਆਦਿ ਦੀ ਘੋਖ ਉਪਰੰਤ ਸੰਨ-ਸੰਮਤ ਦਾ ਨਿਰਣਾ ਕਰਨ ਦੇ ਮਾਹਿਰ ਸਨ।ਆਪ ਜੀ ਨੇ ਪੂਰੀ ਲਗਨ, ਸਿਰੜ ਅਤੇ ਸਿਦਕ ਨਾਲ ਪੁਰਾਤਨ ਬੀੜਾਂ ਦੀ ਖੋਜ਼ ਕਰਕੇ, ਗੁਰਬਾਣੀ ਵਿਆਕਰਨ ਨੂੰ ਸਮਝ ਕੇ ਮਹੱਤਵਪੂਰਨ ਸਿੱਟੇ ਕੱਢ ਕੇ ਲਾਮਿਸਾਲ ਕਾਰਜ਼ ਕੀਤਾ।
                   ਆਪ ਜੀ ਨੇ ਵੇਦਾਂਤ ਦੇ ਗ੍ਰੰਥ ਸਾਰਕੁਤਾਵਲੀ, ਭਾਰਵਸਿਮਰਤ, ਵਿਚਾਰਮਾਲਾ, ਅਧਿਆਤਮ ਪ੍ਰਕਾਸ਼, ਵਿਚਾਰ ਸਾਗਰ, ਵੈਰਾਗ ਸੁੱਤਕ, ਪ੍ਰਬੋਧ ਚੰਦਰ ਨਾਟਕ ਆਦਿ ਗ੍ਰੰਥਾਂ ਦਾ ਅਧਿਐਨ ਵੀ ਕੀਤਾ।ਵੇਦਾਂਤ ਗ੍ਰੰਥਾਂ ਦੇ ਡੂੰਘੇ ਅਧਿਐਨ ਵਿੱਚ ਰੁਚੀ ਕਾਰਨ ਹੀ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲਿਆਂ ਨੇ ਆਪ ਦੇ ਨਾਮ ਨਾਲ ਵੇਦਾਂਤੀ ਜੋੜ ਦਿੱਤਾ।ਸੰਤ ਭਿੰਡਰਾਂਵਾਲਿਆਂ ਦੇ ਜਥੇ ਵਿੱਚ ਹੀ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਆਪ ਜੀ ਦੇ ਗੁਰਭਾਈ ਸਨ। ਸੰਨ 1964 ਵਿੱਚ ਆਪ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਪਿਪਲੀ ਸਾਹਿਬ ਅੰਮ੍ਰਿਤਸਰ ਵਿਖੇ ਗ੍ਰੰਥੀ ਵਜੋਂ ਸੇਵਾ ਆਰੰਭ ਕੀਤੀ।ਸੰਨ 1967 ਵਿੱਚ ਆਪ ਜੀ ਨੇ ਬੀਬੀ ਅਮਰਜੀਤ ਕੌਰ ਨਾਲ ਅਨੰਦ ਕਾਰਜ਼ ਕਰਕੇ ਗ੍ਰਹਿਸਥੀ ਜੀਵਨ ਧਾਰਨ ਕਰ ਲਿਆ।ਸੰਨ 1987 ਵਿੱਚ ਆਪ ਜੀ ਦੇ ਗ੍ਰਹਿ ਵਿਖੇ ਬੇਟੀ ਅਮਨਦੀਪ ਕੌਰ ਦਾ ਜਨਮ ਹੋਇਆ, ਜੋ ਵਰਤਮਾਨ ਸਮੇਂ ਪਤੀ ਸ੍ਰ. ਜਰਨੈਲ ਸਿੰਘ ਨਾਲ ਡੈਨਮਾਰਕ ਦੇਸ਼ ਵਿੱਚ ਰਹਿੰਦੇ ਹਨ।ਸੰਨ 1979 ਵਿੱਚ ਆਪ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਤੌਰ ਅਰਦਾਸੀਆ ਸੇਵਾ ਸਾਂਭੀ ਅਤੇ ਪਦ-ਛੇਦ ਬੀੜ ਤਿਆਰ ਕਰਨ ਲਈ “ਪਦ-ਛੇਦ ਵਿਚਾਰ ਕਮੇਟੀ” ਵਿੱਚ ਆਪ ਜੀ ਨੇ ਵਿਸ਼ੇਸ਼ ਜਿੰਮੇਵਾਰੀ ਨਿਭਾਈ।ਆਪ ਜੀ ਦੀ ਰਹਿਨੁਮਾਈ ਹੇਠ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਮੁੰਬਈ, ਲੁਧਿਆਣਾ, ਦਮਦਮਾ ਸਾਹਿਬ ਆਦਿ ਪ੍ਰਮੁੱਖ ਸ਼ਹਿਰਾਂ ਵਿੱਚ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਅਰਥ-ਬੋਧ ਸਬੰਧੀ, “ਪਾਠ-ਬੋਧ ਸਮਾਗਮ” ਆਯੋਜਿਤ ਕੀਤੇ।17-5-1979 ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਅਤੇ 29 ਮਈ 2000 ਨੂੰ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪੇ ਗਏ।ਇਹ ਸੇਵਾ 5 ਅਗਸਤ 2008 ਤੱਕ ਜਾਰੀ ਰਹੀ।
                 ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦਿਆਂ ਆਪ ਜੀ ਨੇ ਭਰੂਣ ਹੱਤਿਆ ਵਿਰੋਧੀ ਹੁਕਮਨਾਮਾ ਜਾਰੀ ਕੀਤਾ। ਕੁੱਝ ਡੇਰਿਆਂ ਨਾਲ ਸੰਪਰਕ ਖ਼ਤਮ ਕਰਨ ਅਤੇ ਨਾਨਕਸ਼ਾਹੀ ਕੈਲੰਡਰ 2003 ਆਦਿ ਮਸਲਿਆਂ ਸਬੰਧੀ ਅਹਿਮ ਫੈਸਲੇ ਲਏ। ਜੂਨ 1984 ਦਾ ਬਲਿਊ ਸਟਾਰ ਅਪਰੇਸ਼ਨ ਦਾ ਕਹਿਰ ਆਪ ਜੀ ਨੇ ਪਰਿਵਾਰ ਸਮੇਤ ਹੰਢਾਇਆ।
            ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੇ ਆਤਮ-ਗਿਆਨ ਨਿਰਦੇਸ਼ਕ, ਮਹਾਨ ਵਿਦਵਾਨ ਅਤੇ ਗਹਿਰੇ ਖੋਜ਼ੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਮਾਤਲੋਕ ਦੀ ਯਾਤਰਾ ਸੰਪੂਰਨ ਕਰਕੇ ਪੰਦਰਾਂ ਮਈ ਨੂੰ ਪਰਮ-ਜੋਤਿ ਵਿੱਚ ਅਭੇਦ ਹੋ ਗਏ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਸਮੇਤ ਦੇਸ਼ ਵਿਦੇਸ਼ ਦੀਆਂ ਰਾਜਨੀਤਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਨੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟਾਇਆ ਹੈ।
              ਆਪ ਜੀ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸੰਗਰਾਣਾ ਸਾਹਿਬ (ਨਜ਼ਦੀਕ ਪਿੰਡ ਚੱਬਾ ਜਿਲ੍ਹਾ ਅੰਮ੍ਰਿਤਸਰ) ਵਿਖੇ ਮਿਤੀ 24 ਮਈ 2021 ਨੂੰ ਦੁਪਹਿਰੇ 11.00 ਵਜੇ ਤੋਂ 1.30 ਤੱਕ ਹੋਏਗੀ। 23052021

(24 ਮਈ 2021 ਨੂੰ ਅੰਤਿਮ ਅਰਦਾਸ ‘ਤੇ ਵਿਸ਼ੇਸ਼)

ਪ੍ਰਿੰ. ਕੁਲਵੰਤ ਸਿੰਘ ਅਣਖੀ
ਅੰਮ੍ਰਿਤਸਰ।
ਮੋ – 98158 40755

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …