
ਅੰਮ੍ਰਿਤਸਰ, 3 ਨਵੰਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਵਿੱਢੀ ਗਈ ‘ਸਵੱਛ ਭਾਰਤ ਮੁਹਿੰਮ’ ਤਹਿਤ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਸਟਾਫ਼ ਤੇ ਕਾਲਜ ਵਿਦਿਆਰਥੀਆਂ ਨੇ ਝਾੜੂ ਫ਼ੇਰਿਆ। ਸ: ਛੀਨਾ ਨੇ ਇਸ ਮੌਕੇ ਕਿਹਾ ਕਿ ਸ੍ਰੀ ਮੋਦੀ ਦਾ ਭਾਰਤ ਨੂੰ ਸਾਫ਼-ਸੁੱਥਰਾ ਤੇ ਸੋਹਣਾ ਭਾਰਤ ਦਾ ਜੋ ਸੁਪਨਾ ਵੇਖਿਆ ਗਿਆ ਹੈ, ਉਸੇ ਮੰਤਵ ਨੂੰ ਮੁੱਖ ਰੱਖਦੇ ਹੋਏ ਅੱਜ ਪ੍ਰਿੰ: ਡਾ. ਢਿੱਲੋਂ, ਸਟਾਫ਼ ਤੇ ਸਮੂੰਹ ਵਿਦਿਆਰਥੀਆਂ ਵੱਲੋਂ ਸਫ਼ਾਈ ਮੁਹਿੰਮ ਵਿੱਚ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਵਿਦਿਆਰਥੀਆਂ ਦੁਆਰਾ ਵਿਖਾਏ ਗਏ ਮੁਹਿੰਮ ਸਬੰਧੀ ਜੋਸ਼ ਦੀ ਤਾਰੀਫ਼ ਕਰਦਿਆ ਕਿਹਾ ਜੇਕਰ ਅਸੀ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁੱਥਰਾ ਤੇ ਕੂੜੇ ਕਰਕਟ ਤੋਂ ਰਹਿਤ ਰੱਖਾਂਗੇ ਤਾਂ ਹੀ ਅਸੀ ਸ਼ੁੱਧ ਤੇ ਸੁੰਦਰ ਵਾਤਾਵਰਣ ਹਾਸਲ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਜਿੱਥੇ ਸੂਬਾ ਵਿਕਾਸ ਵਜੋਂ ਤਰੱਕੀ ਵੱਲ ਕਦਮ ਵਧਾ ਰਿਹਾ ਹੈ, ਠੀਕ ਉਸੇ ਤਰ੍ਹਾਂ ਹਰੇਕ ਇਨਸਾਨ ਦਾ ਫ਼ਰਜ ਬਣਦਾ ਹੈ ਕਿ ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਂਦਿਆ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਵਸੇਲ੍ਹਾ ਨਾ ਹੋ ਕੇ ਉਸਦੇ ਵਿਕਾਸ ਤੇ ਉਨਤੀ ਲਈ ਤੱਤਪਰ ਰਹੇ। ਸਫ਼ਾਈ ਮੁਹਿੰਮ ਦੇ ਇਸ ਦੌਰ ਦੌਰਾਨ ਸਮੂੰਹ ਕਾਲਜ ਸਟਾਫ਼ ਤੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ. ਢਿੱਲੋਂ ਦੀ ਰਹਿਨੁਮਾਈ ਹੇਠ ਸਵੱਛ ਭਾਰਤ ਮੁਹਿੰਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਵੀ ਕੱਢੀ। ਜਿਸ ਵਿੱਚ ਵਿਦਿਆਰਥੀਆਂ ਨੇ ਆਮ ਲੋਕਾਂ ਨੂੰ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੀ ਭੂਮਿਕਾ ਸਬੰਧੀ ਜਾਗ੍ਰਿਤ ਕੀਤਾ। ਰੈਲੀ ਦੌਰਾਨ ਕਾਲਜ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ ਮੌਜੂਦ ਸਨ।
Punjab Post Daily Online Newspaper & Print Media