Monday, July 28, 2025
Breaking News

ਸਰਕਾਰੀ ਸਕੂਲਾਂ ‘ਚ ਛੁੱਟੀਆਂ ਦੌਰਾਨ ਕਰਵਾਈਆਂ ਜਾਣਗੀਆਂ ਗਣਿਤ ਦੀਆਂ ਆਨਲਾਈਨ ਗਤੀਵਿਧੀਆਂ

ਅੰਮ੍ਰਿਤਸਰ, 27 ਮਈ (ਸੁਖਬੀਰ ਸਿੰਘ) – ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨਾਲ ਗਰਮੀਆਂ ਦੀਆਂ ਛੱਟੀਆਂ ਦੌਰਾਨ ਵੀ ਰਾਬਤਾ ਬਣਾਈ ਰੱਖਣ ਦੇ ਮਨੋਰਥ ਨਾਲ ਜਿੱਥੇ ਸਵੈ ਇੱਛਾ ਨਾਲ ਆਨਲਾਈਨ ਸਮਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਥੇ ਹੀ ਸਕੂਲ ਸਿੱਖਿਆ ਵਿਭਾਗ ਵੱਲੋਂ ਵੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਬਹੁਤ ਸਾਰੀਆਂ ਦਿਲਚਸਪ ਆਨਲਾਈਨ ਗਤੀਵਿਧੀਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ।ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ‘ਵਿਸ਼ੇਸ ਸਮਰ ਗਤੀਵਿਧੀਆਂ’ ਅਧੀਨ ਨਵੇਂ ਸੈਸ਼ਨ ਦੌਰਾਨ ਗਣਿਤ ਵਿਸ਼ੇ ਦੇ ਹੁਣ ਤੱਕ ਕੀਤੇ ਜਾ ਚੁੱਕੇ ਪਾਠਕ੍ਰਮ ਦੇ ਆਧਾਰ ‘ਤੇ ਮਨੋਰੰਜ਼ਕ ਅਤੇ ਸਿੱਖਿਆਦਾਇਕ ਆਨਲਾਈਨ ਗਤੀਵਿਧੀਆਂ ਸ਼ੁਰੂ ਕਰਨ ਦੀ ਯੋਜਨਾ ਉਲੀਕੀ ਗਈ ਹੈ।
                  ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿੰਦਰਬੀਰ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਭਗਵੰਤ ਸਿੰਘ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਦੇ ਸੰਪਰਕ ਵਿੱਚ ਰਹਿਣ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਦੇ ਮਨੋਰਥ ਨਾਲ ਵੱਖ-ਵੱਖ ਵਿਸ਼ਿਆਂ ਦੀਆਂ ਆਨਲਾਈਨ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।ਇਸੇ ਤਹਿਤ ਗਣਿਤ ਵਿਸ਼ੇ ਲਈ ਦੋ ਗਰੁੱਪਾਂ ਮਿਡਲ ਅਤੇ ਸੈਕੰਡਰੀ ਲਈ ਗਤੀਵਿਧੀਆਂ ਦੀ ਯੋਜਨਾ ਉਲੀਕੀ ਗਈ ਹੈ।
                ਇਹ ਗਤੀਵਿਧੀਆਂ 1 ਤੋਂ 23 ਜੂਨ ਤੱਕ ਚੱਲਣਗੀਆਂ।ਮਿਡਲ ਗਰੁੱਪ ਦੀਆਂ ਜਮਾਤਾਂ ਛੇਵੀਂ, ਸੱਤਵੀਂ ਅਤੇ ਅੱਠਵੀਂ ਲਈ ਕੁੱਲ 10 ਪ੍ਰਯੋਗੀ ਗਤੀਵਿਧੀਆਂ ਸੂਚੀਬੱਧ ਕੀਤੀਆਂ ਗਈਆਂ ਹਨ ਅਤੇ ਵਿਦਿਆਰਥੀ ਇਹਨਾਂ ਵਿੱਚੋਂ ਕੋਈ ਚਾਰ ਮਨਪਸੰਦ ਗਤੀਵਿਧੀਆਂ ਕਰਨਗੇ।ਇਸੇ ਤਰ੍ਹਾਂ ਸੈਕੰਡਰੀ ਗਰੁੱਪ ਦੀਆਂ ਨੌਵੀਂ ਅਤੇ ਦਸਵੀਂ ਜਮਾਤਾਂ ਲਈ ਕੁੱਲ 8 ਪ੍ਰਯੋਗੀ ਗਤੀਵਿਧੀਆਂ ਸੂਚੀਬੱਧ ਕੀਤੀਆਂ ਗਈਆਂ ਹਨ।ਵਿਦਿਆਰਥੀ ਆਪੋ ਆਪਣੀ ਦਿਲਚਸਪੀ ਅਨੁਸਾਰ ਕੋਈ ਚਾਰ ਕਿਰਿਆਵਾਂ ਕਰਨਗੇ।
                ਸਰਬਦੀਪ ਸਿੰਘ ਜਿਲ੍ਹਾ ਮੈਂਟਰ ਗਣਿਤ ਨੇ ਦੱਸਿਆ ਕਿ ਇਹਨਾਂ ਕਿਰਿਆਵਾਂ ਦਾ ਮਨੋਰਥ ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਕਰਵਾਏ ਜਾ ਚੁੱਕੇ ਪਾਠਕ੍ਰਮ ਦੀ ਦੁਹਰਾਈ ਅਤੇ ਛੁੱਟੀਆਂ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਾਲਮੇਲ ਬਣਾਈ ਰੱਖਣਾ ਹੈ।ਉਹਨਾਂ ਕਿਹਾ ਕਿ ਇਹਨਾਂ ਪਾਠਕ੍ਰਮ ਆਧਾਰਿਤ ਗਤੀਵਿਧੀਆਂ ਦੇ ਨਾਲ ਨਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਨਲਾਈਨ ਤਰੀਕੇ ਹੀ ਮੁਕਾਬਲਾ ਪ੍ਰੀਖਿਆਵਾਂ ਐਨ.ਐਮ.ਐਸ.ਐਸ ਅਤੇ ਐਨ.ਟੀ.ਐਸ.ਈ ਦੀ ਤਿਆਰੀ ਜਾਰੀ ਰੱਖਣ ਦੀ ਵੀ ਯੋਜਨਾ ਉਲੀਕੀ ਗਈ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …