9 ਮਹੀਨਿਆਂ ਦੌਰਾਨ ਨਸ਼ੇ ਨੂੰ ਮਾਤ ਦੇਣ ਵਾਲੇ 103 ਨੌਜਵਾਨਾਂ ਨੂੰ ਮਿਲੀ ਨੌਕਰੀ
ਕਪੂਰਥਲਾ, 14 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਨਸ਼ੇ ਦੀ ਮਾਰ ਹੇਠ ਆਏ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢ ਕੇ ਮੁੱਖ ਧਾਰਾ ਵਿੱਚ

ਲਿਆਉਣ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ ਰੈਡ ਸਕਾਈ’ ਨੂੰ ਕਪੂਰਥਲਾ ਜਿਲ੍ਹੇ ਵਿਚ ਸ਼ਾਨਦਾਰ ਸਫਲਤਾ ਮਿਲੀ ਹੈ।
ਅਕਤੂਬਰ 2020 ਤੋਂ ਲੈ ਕੇ ਹੁਣ ਤੱਕ 103 ਅਜਿਹੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀ ਮਿਲੀ ਹੈ, ਜਿਨ੍ਹਾਂ ਨੇ ਨਸ਼ਾ ਛੱਡ ਕੇ ‘ਮਿਸ਼ਨ ਰੈਡ ਸਕਾਈ’ ਤਹਿਤ ਇੰਟਰਵਿਊ ਪੈਨਲਾਂ ਕੋਲ ਪੇਸ਼ ਹੋ ਕੇ ਇੰਟਰਵਿਊ ਦਿੱਤੀ ਤੇ ਨੌਕਰੀ ਪ੍ਰਾਪਤ ਕੀਤੀ।
ਸ੍ਰੀਮਤੀ ਉਪਲ ਨੇ ਕਿਹਾ ਕਿ ਅਕਤੂਬਰ 2020 ਵਿਚ ਸ਼ੁਰੂਆਤ ਵੇਲੇ ਅਜਿਹੇ ਨੌਜਵਾਨਾਂ ਦੀ ਪਛਾਣ ਕਰਨਾ ਤੇ ਫਿਰ ਉਨ੍ਹਾਂ ਨੂੰ ਓਟ ਕਲੀਨਿਕਾਂ ਨਾਲ ਜੋੜ ਕੇ ਨਸ਼ੇ ਦੀ ਮਾਰ ਤੋਂ ਬਚਾਉਣਾ ਮੁੱਖ ਮੰਤਵ ਸੀ, ਜਿਸ ਲਈ ਐਸ.ਡੀ.ਐਮ ਸੁਲਤਾਨਪੁਰ ਲੋਧੀ ਨੂੰ ਮਿਸ਼ਨ ਰੈਡ ਸਕਾਈ ਦੀ ਨੋਡਲ ਅਫਸਰ ਨਿਯੁੱਕਤ ਕੀਤਾ ਗਿਆ।
ਇਸ ਮਿਸ਼ਨ ਤਹਿਤ ਓਟ ਕਲੀਨਿਕਾਂ ਕੋਲ ਰਜਿਸਟਰਡ ਅਜਿਹੇ ਨੌਜਵਾਨਾਂ ਦੀ ਪਹਿਚਾਣ ਕੀਤੀ ਗਈ, ਜੋ ਕਿ ਪੜ੍ਹੇ ਲਿਖੇ ਸਨ ਅਤੇ ਨੌਕਰੀ ਕਰਨ ਦੇ ਯੋਗ ਸਨ।
ਕਪੂਰਥਲਾ ਜਿਲ੍ਹੇ ਵਿੱਚ ਜਿਹੜੇ 103 ਨੌਜਵਾਨਾਂ ਦੀ ਵੱਖ-ਵੱਖ ਕੰਪਨੀਆਂ ਲਈ ਚੋਣ ਕੀਤੀ ਗਈ ਹੈ, ਉਨ੍ਹਾਂ ਨੂੰ ਮਾਸਿਕ 6000 ਤੋਂ 13000 ਰੁਪੈ ਤੱਕ ਤਨਖਾਹ ਦਿੱਤੀ ਜਾਂਦੀ ਹੈ।ਕੰਮ ਅਨੁਸਾਰ ਇੰਸੈਂਟਿਵ ਅਲੱਗ ਦਿੱਤਾ ਜਾਂਦਾ ਹੈ।
ਅਕਤੂਬਰ ਤੇ ਨਵੰਬਰ 2020 ਦੌਰਾਨ 4-4 ਨੌਜਵਾਨਾਂ ਦੀ ਨੌਕਰੀ ਲਈ ਚੋਣ ਹੋਈ, ਜਦਕਿ ਦਸੰਬਰ ਤੇ ਜਨਵਰੀ ਵਿੱਚ ਕ੍ਰਮਵਾਰ 3 ਤੇ 9 ਨੌਜਵਾਨ ਨੌਕਰੀ ਲਈ ਚੁਣੇ ਗਏ।ਫਰਵਰੀ 2021 ਦੌਰਾਨ 23, ਮਾਰਚ ਦੌਰਾਨ 18 ਤੇ ਅਪ੍ਰੈਲ ਦੌਰਾਨ 8 , ਮਈ ਦੌਰਾਨ 16 ਤੇ ਜੂਨ ਵਿੱਚ ਹੁਣ ਤੱਕ 18 ਨੌਜਵਾਨਾਂ ਦੀ ਚੋਣ ਹੋਈ ਹੈ।
ਕਈ ਨਾਮੀ ਕੰਪਨੀਆਂ ਜਿਵੇਂ ਕਿ ਏਸ਼ੀਅਨ ਟਾਇਰਜ਼, ਜੁਮੈਟੋ, ਪ੍ਰਾਇਮ ਸਿਨੇਮਾ, ਗਲੈਕਸੀ ਐਜੂਟੈਕ, ਪੁਖਰਾਜ ਹੈਲਥ ਕੇਅਰ ਵਲੋਂ ਇਨਾਂ ਨੌਜਵਾਨਾਂ ਦੀ ਚੋਣ ਕੀਤੀ ਗਈ ਹੈ।ਜਿਲ੍ਹੇ ਵਿੱਚ ਇਸ ਸਾਰਥਿਕ ਮੁਹਿੰਮ ਤਹਿਤ ਅਗਲਾ ਕੈਂਪ 18 ਜੂਨ ਨੂੰ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ।
Punjab Post Daily Online Newspaper & Print Media