ਸਮਰਾਲਾ, 16 ਜੂਨ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ:) ਸਮਰਾਲਾ ਦੀ ਲੋਕ ਪੱਖੀ ਪ੍ਰਤੀਬੱਧ ਸਾਹਿਤਕਾਰ ਹਮਦਰਦਵੀਰ ਨੌਸ਼ਹਿਰਵੀ ਨੂੰ ਸਮਰਪਿਤ
ਵਿਸ਼ੇਸ਼ ਇਕੱਤਰਤਾ ਸਥਾਨਕ ਕਿੰਡਰਗਾਰਟਨ ਸੀਨੀ: ਸੈਕੰ: ਸਕੂਲ ਵਿਖੇ ਲੇਖਕ ਮੰਚ ਦੇ ਪ੍ਰਧਾਨ ਮਾ. ਤਰਲੋਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੇ ਆਰੰਭ ਵਿੱਚ ਮੰਚ ਦੇ ਦੋ ਅਹੁੱਦੇਦਾਰਾਂ ਦੇ ਵਿਛੜੇ ਨੇੜਲੇ ਰਿਸ਼ਤੇਦਾਰਾਂ ਕ੍ਰਮਵਾਰ ਆਜ਼ਾਦ ਵਿਸਮਾਦ ਦੇ ਫੁੱਫੜ ਤੇ ਕਰਮਜੀਤ ਬਾਸੀ ਦੇ ਸਹੁਰਾ ਸਾਹਿਬ ਦੀ ਦੁੱਖਦਾਈ ਮੌਤ ‘ਤੇ ਸ਼ੋਕ ਮਤਾ ਪਾਸ ਕੀਤਾ ਗਿਆ।ਲੇਖਕ ਮੰਚ ਦੇ ਜਨਰਲ ਸਕੱਤਰ ਸੁਰਜੀਤ ਵਿਸ਼ਦ ਦੀ ਸੁੱਘੜ ਮੰਚ ਸੰਚਾਲਨਾ ਹੇਠ ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਜੋ ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ, ਨੂੰ ਬੜੇ ਅਦਬ ਨਾਲ ਯਾਦ ਕੀਤਾ ਗਿਆ।
ਮੰਚ ਦੇ ਸਰਪ੍ਰਸਤ ਪ੍ਰਿੰ. (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ “ਪ੍ਰੋ. ਬੂਟਾ ਸਿੰਘ ਪੰਨੂ ਬਨਾਮ ਹਮਦਰਦਵੀਰ ਨੌਸ਼ਹਿਰਵੀ: ਪ੍ਰਤੀਬੱਧਤਾ ਤੇ ਲੇਖਣ’’ ਵਿਸ਼ੇ ਦੇ ਜਾਣਕਾਰੀ ਭਰਪੂਰ ਸੰਵਾਦ ਰਚਾਇਆ।ਮੰਚ ਦੇ ਸੀਨੀ: ਮੀਤ ਪ੍ਰਧਾਨ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ ਨੇ ਪ੍ਰੋ. ਸਾਹਿਬ ਦੇ ਜੀਵਨ ਦਾ ਬਹੁਪੱਖੀ ਅਧਿਐਨ ਨੂੰ ਅਪਣੇ ਪਰਚੇ “ਮਿੱਤਰਾਂ ਦੇ ਫੁਲਕੇ ਨੂੰ…..’’ ਵਿੱਚ ਬੜੀ ਖੂਬਸੂਰਤੀ ਨਾਲ ਦਰਜ਼ ਕੀਤਾ।ਸੁਰਜੀਤ ਵਿਸ਼ਦ ਹੁਰਾਂ “ਦਰਦਾਂ ਵਿੱਚ ਬਹੁੜਦਾ -ਹਮਦਰਦਵੀਰ’’ ਰਾਹੀਂ, ਉਹਨਾਂ ਦੇ ਲੋੜਵੰਦ ਸੱਜਣਾਂ ਦੇ ਕੰਮ ਆਉਣ ਦੀ ਭਾਵਨਾ ਨੂੰ ਉਜ਼ਾਗਰ ਕੀਤਾ।ਸੂਰੀਆ ਕਾਂਤ ਵਰਮਾ ਨੇ ਹਮਦਰਦਵੀਰ ਦੀਆਂ ਪੁਸਤਕਾਂ ਦੇ ਹਵਾਲੇ ਨਾਲ ਰਚੀ ਇੱਕ ਕਵਿਤਾ ਪੇਸ਼ ਕੀਤੀ।ਹਮਦਰਦਵੀਰ ਜੀ ਦੇ ਨਜ਼ਦੀਕੀ ਰਹੇ ਡਾ. ਹਰਜਿੰਦਰਪਾਲ ਸਿੰਘ ਨੇ ਨਿੱਜੀ ਜ਼ਿੰਦਗੀ ‘ਚੋਂ ਉਦਾਹਰਣਾਂ ਦੇ ਕੇ ਉਹਨਾਂ ਦੀ ਸਖਸ਼ੀਅਤ ਨੂੰ ਬਿਆਨ ਕੀਤਾ।
ਅਗਲੇ ਭਾਗ ਵਿੱਚ ਜਸਵੰਤ ਸਿੰਘ ਕੰਵਲ ਹੁਰਾਂ ਦੇ ਬਹੁਤ ਨੇੜੇ ਵਿੱਚਰੇ ਐਡਵੋਕੇਟ ਪਰਮਿੰਦਰ ਸਿੰਘ ਗਰੇਵਾਲ ਦੀਆਂ ਰੌਚਿਕ ਯਾਦਾਂ ਨੂੰ ਸਜੀਵ ਕਰਦਾ ਚੈਪਟਰ ਸੀ “ਜਸਵੰਤ ਸਿੰਘ ਕੰਵਲ ਦਾ ਅੰਞਾਣਾ ਯਾਰ : ਪਰਮਿੰਦਰ ਸਿੰਘ’’- ਐਡਵੋਕੇਟ ਪਰਮਿੰਦਰ ਸਿੰਘ ਹੁਰਾਂ ਕੰਵਲ ਜੀ ਨਾਲ ਅਪਣੀ 16 ਸਾਲ ਦੀ ਉਮਰ ਤੋਂ ਲੈ ਕੇ ਉਹਨਾਂ ਦੇ ਅੰਤਿਮ ਛਿਣਾਂ ਤੱਕ ਨਿਭਾਈ ਸੰਗਤ ਦਾ ਬਹੁਤ ਰਸ ਭਰਪੂਰ ਵਖਿਆਨ ਕੀਤਾ।
ਕਵੀ ਦਰਬਾਰ ਦੌਰਾਨ ਹਰਬੰਸ ਮਾਲਵਾ, ਬਲਵੰਤ ਸਿੰਘ ਮਾਂਗਟ, ਅਵਤਾਰ ਸਿੰਘ ਓਟਾਲ, ਕੇਵਲ ਸਿੰਘ ਮੰਜਾਲੀਆਂ, ਮਾ. ਤਰਲੋਚਨ ਸਿੰਘ, ਕਸ਼ਮੀਰ ਸਿੰਘ ਕਸ਼ਮੀਰ, ਸੂਰੀਆ ਕਾਂਤ ਵਰਮਾ, ਕਰਮ ਸਿੰਘ ਮਾਛੀਵਾੜਾ ਤੇ ਰਾਜਦੀਪ ਦਿੱਗਪਾਲ ਨੇ ਆਪੋ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ, ਜਿਹਨਾਂ ਦੀ ਭਰਪੂਰ ਪ੍ਰਸੰਸਾ ਤੇ ਨਾਲ ਦੀ ਨਾਲ ਸੁਝਾਅ ਆਤਮਕ ਆਲੋਚਨਾ ਵੀ ਹੋਈ।ਚਰਚਾ ਵਿੱਚ ਹੋਰਨਾਂ ਤੋਂ ਇਲਾਵਾ ਸੰਜੀਦਾ ਚਿੰਤਕ ਗੁਰਭਗਤ ਸਿੰਘ ਗਿੱਲ, ਉਘੇ ਰੰਗਕਰਮੀ ਤੇ ਫਿਲਮਸਾਜ਼ ਇੰਦਰਜੀਤ ਦੇਵਗਨ ਤੇ ਲਖਵੀਰ ਸਿੰਘ ਬਲਾਲਾ ਨੇ ਵੀ ਹਿੱਸਾ ਲਿਆ।
ਅੰਤ ‘ਚ ਹਾਜ਼ਰ ਲੇਖਕਾਂ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਬੁਲਿਟਨ “ਪੰਜਾਬੀ ਲੇਖਕ’’ ਦਾ 95 ਵਾਂ ਅੰਕ ਵੀ ਵੰਡਿਆ ਗਿਆ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media