Wednesday, August 26, 2026

ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਵੰਡੀ 22 ਲੱਖ ਦੀ ਵਜ਼ੀਫ਼ਾ ਰਾਸ਼ੀ

ਨੌਜੁਆਨੀ ਨੂੰ ਸਿੱਖ ਰਹਿਣੀ ‘ਚ ਪ੍ਰਪੱਕ ਕਰਨਾ ਹੈ ਧਾਰਮਿਕ ਪ੍ਰੀਖਿਆ ਦਾ ਮੰਤਵ – ਬੀਬੀ ਜਗੀਰ ਕੌਰ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਸੈਸ਼ਨ 2019-20 ਦੀ ਧਾਰਮਿਕ ਪ੍ਰੀਖਿਆ ਦੇ 990 ਵਿਦਿਆਰਥੀਆਂ ਨੂੰ ਅੱਜ 22 ਲੱਖ ਰੁਪਏ ਦੇ ਕਰੀਬ ਵਜ਼ੀਫ਼ਾ ਰਾਸ਼ੀ ਵੰਡੀ ਗਈ।ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਯੋਜਿਤ ਕੀਤੇ ਗਏ ਵਜ਼ੀਫ਼ਾ ਵੰਡ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਦੇ ਚੈੱਕ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
                      ਆਪਣੇ ਸੰਬੋਧਨ ‘ਚ ਉਨਾਂ ਕਿਹਾ ਕਿ ਬੱਚੇ ਅਤੇ ਨੌਜੁਆਨ ਕੌਮ ਦਾ ਭਵਿੱਖ ਹਨ ਅਤੇ ਇਨ੍ਹਾਂ ਦਾ ਧਰਮ ਪ੍ਰਤੀ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ।ਜੇਕਰ ਇਹ ਸਿੱਖੀ ਦੀਆਂ ਕਦਰਾਂ-ਕੀਮਤਾਂ ਅਤੇ ਸਿੱਖ-ਸੱਭਿਆਚਾਰ ਤੋਂ ਜਾਣੂ ਹੋਣਗੇ ਤਾਂ ਨਿਰਸੰਦੇਹ ਕੌਮ ਦੀ ਚੜ੍ਹਦੀ ਕਲਾ ਰਹੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਬੀਤੇ ਲੰਮੇ ਅਰਸੇ ਤੋਂ ਧਾਰਮਿਕ ਪ੍ਰੀਖਿਆ ਆਯੋਜਿਤ ਕੀਤੀ ਜਾਂਦੀ ਹੈ, ਜਿਸ ਵਿਚ ਹਰ ਸਾਲ ਸਕੂਲਾਂ, ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀਆਂ ਹਿੱਸਾ ਲੈਂਦੇ ਹਨ। ਇਸ ਵਾਰ ਵੀ 50 ਹਜ਼ਾਰ ਦੇ ਲਗਭਗ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ਵਿਚ ਭਾਗ ਲਿਆ ਸੀ, ਜਿਨ੍ਹਾਂ ਵਿੱਚੋਂ 990 ਵਿਦਿਆਰਥੀਆਂ ਨੇ ਵਜ਼ੀਫ਼ਾ ਪ੍ਰਾਪਤ ਕੀਤਾ, ਜਦਕਿ 17 ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਮੈਰਿਟ ਵਿਚ ਸਥਾਨ ਬਣਾਇਆ। ਬੀਬੀ ਜਗੀਰ ਕੌਰ ਨੇ ਆਖਿਆ ਕਿ ਭਵਿੱਖ ਦੀਆਂ ਪੀੜ੍ਹੀਆਂ ਦਾ ਸਿੱਖ ਰਹਿਣੀ ਵਿਚ ਪ੍ਰਪੱਕ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਸ਼੍ਰੋਮਣੀ ਕਮੇਟੀ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਧਾਰਮਿਕ ਪ੍ਰੀਖਿਆ ਰਾਹੀਂ ਸਿੱਖੀ ਸਿਧਾਂਤਾਂ ਅਤੇ ਇਤਿਹਾਸ ਨਾਲ ਜੋੜ ਰਹੀ ਹੈ।ਧਾਰਮਿਕ ਪ੍ਰੀਖਿਆ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
                      ਵਜ਼ੀਫ਼ਾ ਵੰਡ ਸਮਾਰੋਹ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਅੰਤ੍ਰਿੰਗ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਚੂੰਘਾ, ਸਤਵਿੰਦਰ ਸਿੰਘ ਟੌਹੜਾ, ਭੁਪਿੰਦਰ ਸਿੰਘ ਭਲਵਾਨ, ਅਜਮੇਰ ਸਿੰਘ ਖੇੜਾ, ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਬਾਵਾ ਸਿੰਘ ਗੁਮਾਨਪੁਰਾ, ਬੀਬੀ ਕਿਰਨਜੋਤ ਕੌਰ, ਮੰਗਵਿੰਦਰ ਸਿੰਘ ਖਾਪੜਖੇੜੀ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸਿਮਰਜੀਤ ਸਿੰਘ ਕੰਗ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ, ਓ.ਐਸ.ਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਧਾਰਮਿਕ ਪ੍ਰੀਖਿਆ ਦੇ ਇੰਚਾਰਜ ਪ੍ਰੋਫੈਸਰ ਸੁਖਦੇਵ ਸਿੰਘ, ਕਰਤਾਰ ਸਿੰਘ, ਹੈਡ ਪ੍ਰਚਾਰਕ ਭਾਈ ਜਗਦੇਵ ਸਿੰਘ, ਪ੍ਰਚਾਰਕ ਬੀਬੀ ਹਰਪ੍ਰੀਤ ਕੌਰ, ਭਾਈ ਵਰਿਆਮ ਸਿੰਘ, ਪ੍ਰਿੰ: ਸਰਵਨ ਸਿੰਘ ਤੁਗਲਵਾਲ, ਮੈਨੇਜਰ ਨਰਿੰਦਰ ਸਿੰਘ ਆਦਿ ਮੌਜੂਦ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …