Friday, April 24, 2026

‘ਮਿਸ਼ਨ ਰੈਡ ਸਕਾਈ’ ਤਹਿਤ ਜੂਨ ਤੱਕ 110 ਤੋਂ ਜਿਆਦਾ ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ’ਤੇ ਵਿਸ਼ੇਸ਼

ਕਪੂਰਥਲਾ, 26 ਜੂਨ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਅੰਦਰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਸ਼ੁਰੂ ਕੀਤੇ ਗਏ ਓਟ ਕਲੀਨਿਕਾਂ ਰਾਹੀਂ ਠੀਕ ਹੋ ਰਹੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਜਿਲ੍ਹਾ ਪ੍ਰਸ਼ਾਸ਼ਨ ਕਪੂਰਥਲਾ ਵਲੋਂ ਕੀਤੇ ਗਏ ਯਤਨ ਮਿਸਾਲ ਬਣੇ ਹਨ, ਜਿਸ ਤਹਿਤ ‘ ਮਿਸ਼ਨ ਰੈਡ ਸਕਾਈ’ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਵਿਚ ਕਾਰਗਰ ਸਾਬਿਤ ਹੋਇਆ ਹੈ।
            ਕਪੂਰਥਲਾ ਪੰਜਾਬ ਦਾ ਪਹਿਲਾ ਅਜਿਹਾ ਜਿਲ੍ਹਾ ਸੀ, ਜਿੱਥੇ ਇਕ ਵਿਸ਼ੇਸ਼ ਪ੍ਰੋਗਰਾਮ ‘ਮਿਸ਼ਨ ਰੈਡ ਸਕਾਈ’ ਅਕਤੂਬਰ 2020 ਵਿਚ ਸ਼ੁਰੂ ਕੀਤਾ ਗਿਆ, ਜਿਸ ਦੀ ਸਫਲਤਾ ਪਿਛੋਂ ਇਸ ਨੂੰ ਸਾਰੇ ਸੂਬੇ ਵਿਚ ਜਨਵਰੀ 2021 ਵਿਚ ਲਾਗੂ ਕੀਤਾ ਗਿਆ।
                  ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਪੀ.ਸੀ.ਐਸ ਅਧਿਕਾਰੀ ਡਾ. ਚਾਰੂਮਿਤਾ ਨੂੰ ਨੋਡਲ ਅਫਸਰ ਤਾਇਨਾਤ ਕਰਨ ਦੇ ਨਾਲ-ਨਾਲ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ ਵੀ ਨਾਲ ਜੋੜਿਆ ਗਿਆ।
          ਇਸ ਤੋੋਂ ਇਲਾਵਾ ਮਾਨਸਿਕ ਸਿਹਤ ਤੇ ਨਸ਼ਾ ਛੁਡਾਊ ਮੁਹਿੰਮ ਦੇ ਨੋਡਲ ਅਫਸਰ ਡਾ. ਸੰਦੀਪ ਭੋਲਾ ਨੂੰ ਵੀ ਇਸ ਮੁਹਿੰਮ ਵਿਚ ਸ਼ਾਮਿਲ ਕੀਤਾ ਗਿਆ ਤਾਂ ਜੋ ਓਟ ਕਲੀਨਿਕਾਂ ਵਿਚ ਰਜਿਸਟਰਡ ਅਜਿਹੇ ਨੌਜਵਾਨਾਂ ਦੀ ਸ਼ਨਾਖਤ ਕੀਤੀ ਜਾ ਸਕੇ , ਜੋ ਕਿ ਪੜ੍ਹੇ ਲਿਖੇ ਹਨ ਅਤੇ ਨੌਕਰੀ ਲਈ ਯੋਗ ਹਨ।
                ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਸੰਬਰ 2021 ਤੱਕ 500 ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਤਹਿਤ ਜੂਨ ਦੇ ਸ਼ੁਰੂ ਤੱਕ ਲਗਭਗ 110 ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਚੁੱਕਾ ਹੈ, ਜਿਨ੍ਹਾਂ ਨੂੰ 6000 ਤੋਂ 13000 ਰੁਪੈ ਤੱਕ ਤਨਖਾਹ ਮਿਲਦੀ ਹੈ।
              ਮਿਸ਼ਨ ਰੈਡ ਸਕਾਈ ਦੀ ਨੋਡਲ ਅਫਸਰ ਡਾ. ਚਾਰੂਮਿਤਾ ਦੱਸਦੇ ਹਨ ਕਿ ਓਟ ਕਲੀਨਿਕਾਂ ਵਿਚੋਂ ਨਸ਼ਾ ਛੱਡ ਰਹੇ ਤੇ ਪੜ੍ਹੇ ਲਿਖੇ ਨੌਜਵਾਨਾਂ ਦੀ ਪਹਿਚਾਣ ਬਹੁਤ ਅਹਿਮ ਪੜਾਅ ਹੈ, ਕਿਉਂਕਿ ਜਿਲ੍ਹੇ ਵਿੱਚ ਚੱਲ ਰਹੇ 10 ਓਟ ਕਲੀਨਿਕਾਂ ਕੋਲ 5700 ਦੇ ਕਰੀਬ ਨੌਜਵਾਨ ਰਜਿਸਟਰਡ ਹਨ। ਉਨ੍ਹਾਂ ਦੱਸਿਆ ਕਿ 500 ਨੌਜਵਾਨਾਂ ਨੂੰ ਰੁਜ਼ਗਾਰ ਦੇ ਟੀਚੇ ਲਈ 50 ਵੱਖ-ਵੱਖ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ, ਜਿਨ੍ਹਾਂ ਵਿਚੋਂ ਹਰੇਕ ਨੂੰ 10-10 ਨੌਜਵਾਨਾਂ ਦੇ ਮੁੜ ਵਸੇਬੇੇ ਦਾ ਟੀਚਾ ਦਿੱਤਾ ਗਿਆ।
               ਹੁਣ ਤੱਕ ਵੱਖ-ਵੱਖ ਨਾਮੀ ਕੰਪਨੀਆਂ ਏਸ਼ੀਅਨ ਟਾਇਰਜ਼, ਜੁਮੈਟੋ, ਗਲੇਕਸੀ ਐਜੂਟੈਕ, ਪ੍ਰਾਇਮ ਸਿਨੇਮਾ ਵਿਖੇ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ।
ਮੈਂਟਲ ਹੈਲਥ ਐਂਡ ਡੀ-ਅਡਿਕਸ਼ਨ ਦੇ ਨੋਡਲ ਅਫਸਰ ਡਾ. ਸੰਦੀਪ ਭੋਲਾ ਨੇ ਦੱਸਿਆ ਕਿ ਨੌਜਵਾਨਾਂ ਨਸ਼ਾ ਛੱਡ ਕੇ ਨੌਕਰੀ ਵਿਚ ਲੱਗੇ ਨੌਜਵਾਨਾਂ ਦੀ ਕਾਊਂਸਲਿੰਗ ਵੀ ਲਗਾਤਾਰ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨਾਲ ਟੈਲੀਫੋਨ ਰਾਹੀਂ ਰਾਬਤਾ ਰੱਖ ਕੇ ਉਨ੍ਹਾਂ ਦੀ ਮਾਨਸਿਕ ਸਿਹਤ ਬਾਰੇ ਜਾਂਚ ਕੀਤੀ ਜਾਂਦੀ ਹੈ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …