ਸਮਰਾਲਾ, 2 ਜੁਲਾਈ (ਇੰਦਰਜੀਤ ਸਿੰਘ ਕੰਗ) – ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਪਿਛਲੇ ਲਗਭਗ 12-13 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ‘ਤੇ ਠੇਕਾ
ਅਧਾਰਿਤ ਨੌਕਰੀ ਕਰ ਰਹੇ ਨਰੇਗਾ ਮੁਲਾਜਮਾਂ ਨੇ ਸੇਵਾਵਾਂ ਰੈਗੂਲਰ ਕਰਾਉਣ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ।ਅੱਜ ਇੱਥੇ ਬਲਾਕ ਸਮਰਾਲਾ ਦੇ ਮਗਨਰੇਗਾ ਕਰਮਚਾਰੀਆਂ ਦੀ ਇੱਕ ਹੰਗਾਮੀ ਮੀਟਿੰਗ ਬਲਾਕ ਪ੍ਰਧਾਨ ਨਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ।ਉਨ੍ਹਾਂ ਬੀ.ਡੀ.ਪੀ.ਓ ਸਮਰਾਲਾ ਪਰਮਬੀਰ ਕੌਰ ਬਰਾੜ ਨੂੰ ਕੰਮ ਬੰਦ ਕਰਨ ਸਬੰਧੀ ਨੋਟਿਸ ਦਿੱਤਾ।
ਇਸ ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿਚ ਆਗੂਆਂ ਨੇ ਕਿਹਾ ਹੈ ਕਿ ਨਰੇਗਾ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਅਪਣਾਏ ਜਾਂਦੇ ਮਾਪਦੰਡਾਂ ਦੇ ਅਧਾਰ ‘ਤੇ ਹੋਈ ਸੀ। ਕਈ ਵਿਭਾਗਾਂ ਦੇ ਮੁਲਾਜਮ ਇਨ੍ਹਾਂ ਮਾਪਦੰਡਾਂ ਦੇ ਅਧਾਰ ‘ਤੇ ਰੈਗੂਲਰ ਕੀਤੇ ਜਾ ਚੁੱਕੇ ਹਨ।ਮੌਜੂਦਾ ਸਰਕਾਰ ਨੇ ਜਦੋਂ ਸਹੁੰ ਚੁੱਕੀ ਸੀ ਤਾਂ ਠੇਕਾ ਮੁਲਾਜ਼ਮਾਂ ਦੀ ਚੰਡੀਗੜ੍ਹ ਵਿਖੇ ਚੱਲ ਰਹੀ ਹੜਤਾਲ ਉਸ ਸਮੇਂ ਮੁੱਖ ਮੰਤਰੀ ਦੇ ਓ.ਐਸ.ਡੀ ਸੰਦੀਪ ਸੰਧੂ ਨੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਭਰੋਸੇ ਨਾਲ ਖਤਮ ਕਰਵਾਈ ਸੀ।ਪ੍ਰੰਤੂ ਅੱਜ ਸਾਢੇ ਚਾਰ ਸਾਲ ਬੀਤ ਜਾਣ ‘ਤੇ ਵੀ ਸਰਕਾਰ ਨੇ ਠੇਕਾ ਮੁਲਾਜਮਾਂ ਨੂੰ ਪੱਕੇ ਨਹੀਂ ਕੀਤਾ।
ਆਗੂਆਂ ਨੇ ਦੋਸ਼ ਲਗਾਇਆ ਕਿ 19-20 ਜੂਨ ਪੰਜਾਬ ਵਿੱਚ ਲਾਏ ਤਿੰਨ ਜਗ੍ਹਾ ਧਰਨਿਆਂ ਦੌਰਾਨ ਕਾਦੀਆਂ ਵਿਖੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੀ ਰਿਹਾਇਸ਼ ‘ਤੇ ਯੂਨੀਅਨ ਨਾਲ ਮੀਟਿੰਗ ਵਿੱਚ ਇਹ ਮੰਨਿਆ ਕਿ ਪਾਰਦਰਸ਼ੀ ਢੰਗ ਨਾਲ ਭਰਤੀ ਹੋਏ ਠੇਕਾ ਮੁਲਾਜਮ ਨੂੰ ਜਲਦੀ ਰੈਗੂਲਰ ਕੀਤਾ ਜਾਵੇਗਾ।ਪਰ ਨਰੇਗਾ ਮੁਲਾਜਮਾਂ ਦੀ ਗੱਲ ਆਈ ਤਾਂ ਉਨ੍ਹਾਂ ਕਿਹਾ ਕਿ ਤੁਹਾਡਾ ਕੁੱਝ ਨਹੀਂ ਹੋ ਰਿਹਾ।ਇਸ ਦੇ ਰੋਸ ਵਜੋਂ ਅੱਜ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੂਬਾ ਕਮੇਟੀ ਦੇ ਸੱਦੇ ‘ਤੇ 9 ਜੁਲਾਈ ਤੋਂ ਪੰਜਾਬ ਭਰ ਦੇ ਨਰੇਗਾ ਤਹਿਤ ਹੋਣ ਵਾਲੇ ਹਰ ਤਰ੍ਹਾਂ ਦੇ ਵਿਕਾਸ ਕਾਰਜ਼ ਅਤੇ ਦਫਤਰੀ ਕੰਮ ਮੁਕੰਮਲ ਬੰਦ ਕੀਤੇ ਜਾਣਗੇ।ਨਰੇਗਾ ਮਜਦੂਰਾਂ ਨੂੰ ਨਾਲ ਲੈ ਕੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਪਿੰਡਾਂ ਵਿੱਚ ਘੇਰਿਆ ਜਾਵੇਗਾ।
15 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਪਟਿਆਲਾ ਦਾ ‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ’ ਦੇ ਬੈਨਰ ਹੇਠ ਪਰਿਵਾਰਾਂ ਸਮੇਤ ਘਿਰਾਓ ਕੀਤਾ ਜਾਵੇਗਾ।ਆਗੂਆਂ ਨੇ ਕਿਹਾ ਕਿ ਉਹ ਚੱਲ ਰਹੇ ਕਿਸਾਨੀ ਸੰਘਰਸ਼, ਪੇ ਸਕੇਲ ਦੀ ਲੜਾਈ ਲੜ ਰਹੇ ਰੈਗੂਲਰ ਮੁਲਾਜਮਾਂ ਅਤੇ ਕੱਚੇ ਮੁਲਾਜਮਾਂ ਦੇ ਸੰਘਰਸ਼ ਦਾ ਲਗਾਤਾਰ ਸਮਰਥਨ ਕਰਦੇ ਰਹਿਣਗੇ।
ਇਸ ਮੀਟਿੰਗ ਵਿੱਚ ਲਖਵਿੰਦਰ ਸਿੰਘ ਏ.ਪੀ.ਓ, ਇੰਦਰਪ੍ਰੀਤ ਕੌਰ ਅਕਾਊਂਟੈਂਟ, ਹਰਜਿੰਦਰ ਸਿੰਘ ਸੀ.ਏ, ਪ੍ਰਭਜੋਤ ਸਿੰਘ, ਪ੍ਰਗਟ ਸਿੰਘ, ਤੇਜਿੰਦਰ ਸਿੰਘ ਅਤੇ ਦਲਵੀਰ ਸਿੰਘ ਜੀ.ਆਰ.ਐਸ ਹਾਜ਼ਰ ਸਨ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media