ਸਮਰਾਲਾ, 2 ਜੁਲਾਈ (ਇੰਦਰਜੀਤ ਸਿੰਘ ਕੰਗ) – ਜਦੋਂ ਕੋਈ ਵਿਅਕਤੀ ਆਪਣੇ ਜੀਵਨ ਦੀ ਬਹਾਰ ਦਾ ਇੱਕ ਵਰ੍ਹਾ ਪੂਰਾ ਕਰ ਲੈਂਦਾ ਹੈ ਤਾਂ ਉਸ ਮੌਕੇ ਉਹ ਆਪਣਾ
ਜਨਮ ਦਿਨ ਵਖੋ ਵੱਖਰੇ ਢੰਗ ਨਾਲ ਮਨਾਉਂਦਾ ਹੈ।ਕਈ ਵਿਅਕਤੀ ਆਪਣੇ ਜਨਮ ਦਿਨ ਮੌਕੇ ਆਪਣੇ ਜਨਮ ਦਿਨ ਦੀ ਖੁਸ਼ੀ ਦੂਜਿਆਂ ਨਾਲ ਇਸ ਤਰ੍ਹਾਂ ਸਾਂਝੀ ਕਰਦੇ ਹਨ ਕਿ ਦਿਲ ਅਸ਼-ਅਸ਼ ਕਰ ਉਠਦਾ ਹੈ।
ਅਜਿਹੀ ਹੀ ਸਖਸ਼ੀਅਤ ਹਨ ਸਮਰਾਲਾ ਵਾਸੀ ਬਾਬਾ ਜਸਪਾਲ ਸਿੰਘ ਬੇਦੀ, ਜੋ ਆਪਣਾ ਜਨਮ ਦਿਨ ਝੁੱਗੀ ਝੌਪੜੀ ਵਾਲੇ, ਗਰੀਬਾਂ ਜਾਂ ਲੋੜਵੰਦਾਂ ਦੀ ਸਹਾਇਤਾ ਕਰਕੇ ਮਨਾਉਂਦੇ ਹਨ।ਉਨ੍ਹਾਂ ਆਪਣਾ ਸਾਰਾ ਜੀਵਨ ਗੁਰਸਿੱਖੀ ਕਾਰਜਾਂ ਵਿੱਚ ਲਗਾਇਆ ਹੈ।ਬਾਬਾ ਜਸਪਾਲ ਸਿੰਘ ਬੇਦੀ ਨੇ ਅੱਜ ਆਪਣਾ 85ਵਾਂ ਜਨਮ ਦਿਨ ਇਥੋਂ ਨੇੜਲੇ ਪਿੰਡ ਦਿਆਲਪੁਰਾ ਦੀ ਨਿਵੇਕਲੀ ਗੁਰਸਿੱਖ ਜੋੜੀ ਸੁਖਦੀਪ ਸਿੰਘ ਅਤੇ ਗੁਰਮੀਤ ਕੌਰ ਨਾਲ ਮਿਲ ਕੇ ਮਨਾਇਆ।ਬਾਬਾ ਜਸਪਾਲ ਸਿੰਘ ਨੇ ਪੰਜਾਬ ਦੀ ਇਸ ਮਾਣਮੱਤੀ ਧੀ ਦੇ ਜਜਬੇ ਨੂੰ ਸਮਝਦਿਆਂ ਆਪਣੇ ਜਨਮ ਦਿਨ ਮੌਕੇ ਦੋਨਾਂ ਪਤੀ ਪਤਨੀ ਨੂੰ ਇੱਕ ਵੱਡ ਅਕਾਰੀ ਤਸਵੀਰ, ਸਿਰੋਪਾ ਅਤੇ 2100 ਰੁਪਏ ਸ਼ਗਨ ਅਤੇ ਧਾਰਮਿਕ ਪੁਸਤਕਾਂ ਦਾ ਇੱਕ ਸੈਟ ਭੇਟ ਕੀਤਾ ਅਤੇ ਹਮੇਸ਼ਾਂ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਅਸ਼ੀਰਵਾਦ ਵੀ ਦਿੱਤਾ।
ਇਸ ਜੋੜੀ ਦੀ ਖਾਸੀਅਤ ਇਹ ਹੈ ਕਿ ਵਿਆਹ ਤੋਂ ਕਰੀਬ ਇੱਕ ਮਹੀਨੇ ਬਾਅਦ ਹੀ ਸੁਖਦੀਪ ਸਿੰਘ ਦੀ ਇੱਕ ਭਿਆਨਕ ਹਾਦਸੇ ਵਿੱਚ ਸੱਜੀ ਲੱਤ ਕੱਟੀ ਗਈ ਸੀ, ਉਹ ਬਿਲਕੁੱਲ ਨਕਾਰਾ ਹੋ ਗਿਆ ਸੀ।ਗੁਰਮੀਤ ਕੌਰ ਦੇ ਅਜੇ ਵਿਆਹ ਵਾਲੇ ਚਾਅ ਵੀ ਪੂਰੇ ਨਹੀਂ ਸੀ ਹੋਏ ਕਿ ਉਸ ‘ਤੇ ਇਹ ਦੁੱਖਾਂ ਦਾ ਪਹਾੜ ਡਿੱਗ ਪਿਆ।ਸ਼ਰੀਕਾਂ ਦੇ ਤਾਅਨੇ, ਮਾਪਿਆਂ ਦੁਆਰਾ ਹੋਰ ਜਗ੍ਹਾ ਵਿਆਹ ਕਰਨ ਦੀਆਂ ਵਿਉਤਾਂ ਹੋਣ ਲੱਗੀਆਂ, ਪ੍ਰੰਤੂ ਗੁਰਮੀਤ ਕੌਰ ਨੇ ਆਪਣੇ ਹਠ ਅਤੇ ਆਪਣੇ ਪਤੀ ਨਾਲ ਵਿਆਹ ਮੌਕੇ ਕੀਤੇ ਕੌਲ ਕਰਾਰਾਂ ਨੂੰ ਮੰਨਦੇ ਹੋਏ ਆਪਣੇ ਨਕਾਰਾ ਹੋਏ ਪਤੀ ਦਾ ਸਾਥ ਦੇਣਾ ਉਚਿਤ ਸਮਝਿਆ।ਹੁਣ ਕਰੀਬ ਇਸ ਜੋੜੀ ਦੇ ਵਿਆਹ ਨੂੰ 24 ਸਾਲ ਹੋ ਚੁੱਕੇ ਹਨ ਅਤੇ ਦੋ ਜਵਾਨ ਬੇਟੇ ਵੀ ਹਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media