Sunday, December 22, 2024

ਦੁਬਈ ਪੁਲਿਸ ਵਲੋਂ ਕੋਰੋਨਾ ਸੰਕਟ ਦੌਰਾਨ ਨਿਭਾਈਆਂ ਸੇਵਾਵਾਂ ਬਦਲੇ ਡਾ. ਓਬਰਾਏ ਦਾ ਸਨਮਾਨ

ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ ਬਿਊਰੋ) – ਆਪਣੀ ਨਿੱਜੀ ਕਮਾਈ ਵਿਚੋਂ ਕਰੋੜਾਂ ਰੁਪਏ ਲੋੜਵੰਦਾਂ ਦੀ ਮਦਦ ਲਈ ਖਰਚਣ ਕਾਰਨ ਪੂਰੀ ਦੁਨੀਆਂ ਅੰਦਰ `ਰੱਬੀ ਫਰਿਸ਼ਤੇ` ਵਜੋਂ ਜਾਣੇ ਜਾਂਦੇ ਦੁਬਈ ਦੇ ਉਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਦੁਬਈ ਅੰਦਰ ਲੇਬਰ ਕੈਂਪਾਂ `ਚ ਰਹਿਣ ਵਾਲੇ ਕਾਮਿਆਂ ਨੂੰ ਕੋਰੋਨਾ ਵਾਇਰਸ ਸੰਬੰਧੀ ਜਾਗਰੂਕ ਕਰਨ ਅਤੇ ਲੋੜੀਂਦਾ ਸਾਮਾਨ ਵੰਡਣ ਦੀ ਜ਼ਿੰਮੇਵਾਰੀ ਨਿਭਾਉਣ ਤੇ ਉਨ੍ਹਾਂ ਨੂੰ ਦੁਬਈ ਪੁਲਿਸ ਵੱਲੋਂ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।
                        ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਦੁਬਈ ਦੇ ਪੁਲਿਸ ਹੈਡਕੁਆਰਟਰ `ਚ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਪੁਲਿਸ ਮੁਖੀ ਬ੍ਰਿਗੇਡੀਅਰ ਜਨਰਲ ਖਾਲਿਦ ਅਲੀ ਫਹਾਦ ਸੁਹੇਲ, ਲੈਫਟੀਨੈਂਟ ਕਰਨਲ ਖਾਲਿਦ ਅਤੇ ਉਨ੍ਹਾਂ ਦੇ ਸਟਾਫ ਵਲੋਂ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਓਬਰਾਏ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ।ਇਸ ਦੌਰਾਨ ਉਪਰੋਕਤ ਅਧਿਕਾਰੀਆਂ ਨੇ ਕਿਹਾ ਕਿ ਦੁਬਈ ‘ਚ ਕੋਰੋਨਾ ਮਾਹਾਂਮਾਰੀ ਦੌਰਾਨ ਪੈਦਾ ਹੋਏ ਹਾਲਾਤ ਦੌਰਾਨ ਡਾ.ਐਸ.ਪੀ ਸਿੰਘ ਓਬਰਾਏ ਵਲੋਂ ਲੇਬਰ ਕੈਂਪਾਂ ਅੰਦਰ ਜਾ ਕੇ ਕਾਮਿਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਲੋੜੀਂਦੇ ਮਾਸਕ, ਸੈਨੀਟਾਈਜ਼ਰ ਤੇ ਦਸਤਾਨੇ ਅਤੇ ਹੋਰ ਲੋੜੀਂਦਾ ਮਿਆਰੀ ਸਾਮਾਨ ਆਦਿ ਵੰਡਣ ਲਈ ਨਿਭਾਈ ਭੂਮਿਕਾ ਸ਼ਲਾਘਾਯੋਗ ਹੈ।
                     ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਦੇ ਔਖੇ ਸਮੇਂ `ਚ ਭਾਰਤੀਆਂ ਨੂੰ ਵਿਸ਼ੇਸ਼ ਸਾਲਮ ਜਹਾਜ਼ਾਂ ਰਾਹੀਂ ਦੁਬਈ ਤੋਂ ਉਨ੍ਹਾਂ ਦੇ ਘਰਾਂ ਨੂੰ ਭੇਜਣ ਤੋਂ ਇਲਾਵਾ ਵੱਖ-ਵੱਖ ਸਮੇਂ ਦੁਬਈ ਦੀਆਂ ਜੇਲ੍ਹਾਂ `ਚ ਫਸੇ ਲੋਕਾਂ ਦੀ ਵੱਡੀ ਮਦਦ ਕਰਨ ਅਤੇ ਅਰਬ ਦੇਸ਼ਾਂ ‘ਚ ਆਪਣੀ ਜਾਨ ਗਵਾਉਣ ਵਾਲੇ ਸੈਂਕੜੇ ਬਦਨਸੀਬ ਭਾਰਤੀ ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਉਣ ਦੀ ਵੱਡੀ ਸੇਵਾ ਨਿਭਾਅ ਰਹੇ ਡਾ. ਓਬਰਾਏ `ਤੇ ਜਿਥੇ ਭਾਰਤ ਵਾਸੀ ਫਖ਼ਰ ਮਹਿਸੂਸ ਕਰਦੇ ਹਨ ਉਥੇ ਹੀ ਦੁਬਈ ਵਾਸੀਆਂ ਨੂੰ ਵੀ ਇਨ੍ਹਾਂ `ਤੇ ਵੱਡਾ ਮਾਣ ਹੈ।
                         ਇਸ ਦੌਰਾਨ ਹੋਰਨਾਂ ਉਚ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਰਫੀਕ (ਐਮ.ਡੀ ਮਾਸਟਰ ਵਿਜ਼ਨ ਚੈਨਲ) ਵੀ ਉਚੇਚੇ ਤੌਰ `ਤੇ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …