
ਅੰਮ੍ਰਿਤਸਰ, 8 ਨਵੰਬਰ (ਗੁਰਪ੍ਰੀਤ ਸਿੰਘ) – ਮਹਾਂਬਲੀ, ਕਥਨੀ-ਕਰਨੀ ਦੇ ਸੂਰੇ, ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 13 ਨਵੰਬਰ 2014 ਦਿਨ ਵੀਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਸ੍ਰੀ ਅੰਮ੍ਰਿਤਸਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।
ਇਥੋਂ ਜਾਰੀ ਪ੍ਰੈੱਸ ਨੋਟ ਵਿੱਚ ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ 13 ਨਵੰਬਰ 2014, ਵੀਰਵਾਰ ਨੂੰ ਅੰਮ੍ਰਿਤ ਵੇਲੇ 2 ਤੋਂ 5 ਵਜੇ ਤੀਕ ਸੰਗਤਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਗੀਆਂ। ਸਵੇਰੇ 5 ਤੋਂ 8 ਵਜੇ ਤੀਕ ਆਸਾ ਜੀ ਦੀ ਵਾਰ ਦਾ ਕੀਰਤਨ ਹੋਵੇਗਾ।ਸਵੇਰੇ 8:30 ਵਜੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪੈਣਗੇ ਤੇ 9:30 ਵਜੇ ਤੀਕ ਸ਼ਹੀਦੀ ਪ੍ਰਸੰਗ ਦੀ ਕਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ ਕਰਨਗੇ।ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜੇਗਾ, ਜਿਸ ਵਿੱਚ ਪੰਥ ਪ੍ਰਸਿੱਧ ਢਾਡੀ, ਕਵੀਸ਼ਰੀ ਜਥੇ ਅਤੇ ਪ੍ਰਚਾਰਕ ਬਾਬਾ ਜੀ ਦੀ ਲਾਸਾਨੀ ਸ਼ਹਾਦਤ ਸਬੰਧੀ ਪ੍ਰਸੰਗ/ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।
ਦੁਪਹਿਰ 12 ਤੋਂ 2 ਵਜੇ ਤੀਕ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਪੰਥ-ਪ੍ਰਸਿੱਧ ਕਵੀ ਆਪਣੀਆਂ ਕਵਿਤਾਵਾਂ ਰਾਹੀਂ ਬਾਬਾ ਜੀ ਦੇ ਜੀਵਨ ‘ਤੇ ਰੌਸ਼ਨੀ ਪਾਉਣਗੇ। ਸ਼ਾਮ 4 ਵਜੇ ਵਿਸ਼ੇਸ਼ ਗੁਰਮਤਿ ਸਮਾਗਮ ਅਰੰਭ ਹੋਵੇਗਾ। ਜਿਸ ਵਿੱਚ ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਜਗਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ, ਭਾਈ ਜੋਗਿੰਦਰ ਸਿੰਘ ਰਿਆੜ ਲੁਧਿਆਣਾ, ਭਾਈ ਅਮਰਜੀਤ ਸਿੰਘ ਤਾਨ ਪਟਿਆਲਾ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਨਰਿੰਜਣ ਸਿੰਘ ਜਵੱਦੀ ਕਲਾਂ ਲੁਧਿਆਣਾ, ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲੇ, ਬੀਬੀ ਬਲਜੀਤ ਕੌਰ ਖ਼ਾਲਸਾ ਤਲਵਾੜੇ ਵਾਲੇ, ਬੀਬਾ ਪਰਨੀਤ ਕੌਰ ਕਾਦੀਆਂ, ਭਾਈ ਗੁਰਮੁਖ ਸਿੰਘ ਵਲਟੋਹਾ ਦੇ ਢਾਡੀ ਜਥੇ ਅਤੇ ਭਾਈ ਚੰਨਣ ਸਿੰਘ ਚਮਨ ਹਰਿਗੋਬਿੰਦਪੁਰੀ ਕਵੀ ਧੁਰ ਕੀ ਬਾਣੀ ਦੇ ਕੀਰਤਨ, ਬੀਰ ਰਸੀ ਵਾਰਾਂ ਤੇ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸਮੁੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਗੁਰਮਤਿ ਸਮਾਗਮਾਂ ਸਮੇਂ ਪ੍ਰੀਵਾਰਾਂ ਸਮੇਤ ਗੁਰੂ ਘਰ ‘ਚ ਹਾਜ਼ਰੀਆਂ ਭਰ ਕੇ ਜੀਵਨ ਸਫ਼ਲਾ ਕਰਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media