Monday, May 12, 2025
Breaking News

ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾਵੇ- ਬੀਬੀ ਜਗੀਰ ਕੌਰ

ਸ੍ਰੀ ਗੁਰੂ ਰਾਮਦਾਸ ਸਰਾਂ ਦੇ ਨਵ ਨਿਰਮਾਣ ਵਿਚ ਅੜਿੱਕਾ ਠੀਕ ਨਹੀਂ- ਬੀਬੀ ਜਗੀਰ ਕੌਰ

ਅੰਮ੍ਰਿਤਸਰ, 30 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣਾਏ ਜਾ ਰਹੇ ਜੋੜਾ ਘਰ ਅਤੇ ਵਾਹਣ ਸਟੈਂਡ ਲਈ ਖੁਦਾਈ ਸਮੇਂ ਨਿਕਲੀ ਇਮਾਰਤ ਬਾਰੇ ਪੁਰਾਤਤਵ ਵਿਭਾਗ ਵੱਲੋਂ ਆਪਣੀ ਰਿਪੋਰਟ ਦੇ ਦਿੱਤੀ ਗਈ ਹੈ।ਪਰ ਸ਼੍ਰੋਮਣੀ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਹੋਰ ਜਾਣਕਾਰੀ ਲਈ ਕਿਹਾ ਹੈ।ਇਸ ਦੇ ਨਾਲ ਹੀ ਇਮਾਰਤ ਦੀ ਬਾਰੇ ਖੋਜ਼ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਕਾਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਭਾਵੇਂ ਪੁਰਾਤਤਵ ਵਿਭਾਗ ਦੇ ਮਾਹਿਰਾਂ ਨੇ ਇਮਾਰਤ ਦੇ ਇਤਿਹਾਸਕ ਨਾ ਹੋ ਕੇ ਵਿਰਾਸਤੀ ਹੋਣ ਦਾ ਜ਼ਿਕਰ ਕੀਤਾ ਹੈ, ਪਰ ਫਿਰ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਾਹੀਂ ਟੂਰਿਜ਼ਮ ਵਿਭਾਗ ਨੂੰ ਲਿਖਿਆ ਜਾ ਚੁੱਕਾ ਹੈ, ਤਾਂ ਜੋ ਇਸ ਦੀ ਸਾਂਭ-ਸੰਭਾਲ ਬਾਰੇ ਸਹੀ ਕਦਮ ਚੁੱਕੇ ਜਾ ਸਕੇ।
                   ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਗਲਿਆਰਾ ਯੋਜਨਾ ਸਮੇਂ ਬਹੁਤ ਸਾਰੀਆਂ ਅਜਿਹੀਆਂ ਹੀ ਇਮਾਰਤਾਂ ਹੇਠਾਂ ਦੱਬ ਦਿੱਤੀਆਂ ਗਈਆਂ ਹੋਣਗੀਆਂ।ਗਲਿਆਰੇ ਦੀ ਮੌਜ਼ੂਦਾ ਸਥਿਤੀ ਵੀ ਬਹੁਤੀ ਚੰਗੀ ਨਹੀਂ ਹੈ ਅਤੇ ਸਾਂਭ-ਸੰਭਾਲ ਦੇ ਅਣਦੇਖੀ ਕਾਰਨ ਇਥੇ ਵੱਡੀ ਪੱਧਰ ’ਤੇ ਗੰਦਗੀ ਫੈਲ ਰਹੀ ਹੈ।ਸ਼੍ਰੋਮਣੀ ਕਮੇਟੀ ਗਲਿਆਰੇ ਦੀ ਦੇਖ ਭਾਲ ਕਰਨ ਲਈ ਤਿਆਰ ਹੈ ਅਤੇ ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਦੇਣ ਲਈ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਹੈ।ਇਸ ਦੇ ਨਾਲ ਹੀ ਵਿਰਾਸਤੀ ਮਾਰਗ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਸ਼੍ਰੋਮਣੀ ਕਮੇਟੀ ਚੁੱਕਣ ਨੂੰ ਤਿਆਰ ਹੈ ਅਤੇ ਇਸ ਬਾਰੇ ਵੀ ਕਾਰਵਾਈ ਅੱਗੇ ਤੋਰੀ ਜਾਵੇਗੀ।
                      ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਪੁੱਜਦੀਆਂ ਸੰਗਤਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਨਵੀਆਂ ਸਰਾਵਾਂ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ, ਪਰ ਦੁੱਖ ਦੀ ਗੱਲ ਹੈ ਕਿ ਕੁੱਝ ਲੋਕ ਜਾਣਬੁਝ ਕੇ ਅੜਿੱਕਾ ਬਣ ਰਹੇ ਹਨ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਨਵ-ਨਿਰਮਾਣ ਲਈ ਯੋਜਨਾ ਤਿਆਰ ਕੀਤੀ ਗਈ ਹੈ, ਕਿਉਂਕਿ ਇਥੇ 232 ਕਮਰੇ ਅਤੇ 18 ਹਾਲ ਹੋਣ ਦੇ ਬਾਵਜੂਦ ਵੀ ਸੰਗਤਾਂ ਇਥੇ ਰਹਿਣ ਨੂੰ ਤਿਆਰ ਨਹੀਂ।ਮੌਜੂਦਾ ਸਮੇਂ ਇਸ ਸਰਾਂ ਦੇ 125 ਕਮਰੇ ਅਤੇ 3 ਹਾਲ ਹੀ ਵਰਤੋਂ ਵਿਚ ਆ ਰਹੇ ਹਨ ਅਤੇ ਬਾਕੀਆਂ ਦੀ ਹਾਲਤ ਰਹਿਣਯੋਗ ਨਹੀਂ ਹੈ।ਇਥੇ ਸ਼੍ਰੋਮਣੀ ਕਮੇਟੀ ਵੱਲੋਂ 800 ਕਮਰੇ ਤਿਆਰ ਕਰਨ ਦੀ ਯੋਜਨਾ ਹੈ।ਇਸ ਦੀ ਬਾਹਰੀ ਦਿੱਖ ਨੂੰ ਹੂਬਹੂ ਰੱਖਦਿਆਂ ਨੂੰ ਨਿਰਮਾਣ ਕੀਤਾ ਜਾਣਾ ਹੈ।ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਵੱਲੋਂ ਇਸ ਦੇ 1984 ਨਾਲ ਸਬੰਧਤ ਹੋਣ ਦਾ ਜ਼ਿਕਰ ਕਰਕੇ ਨਵ-ਨਿਰਮਾਣ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ 1984 ਦੇ ਘੱਲੂਘਾਰੇ ਨਾਲ ਤਾਂ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਆਲੇ-ਦੁਆਲੇ ਨਾਲ ਹੀ ਸਬੰਧ ਹੈ।ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਦੀ ਮੌਲਿਕਤਾ ਨੂੰ ਖ਼ਤਮ ਕੀਤੇ ਬਗੈਰ ਹੀ ਸੇਵਾ ਕਰਵਾਈ ਜਾਣੀ ਹੈ, ਜਿਸ ਵਿਚ ਕਿਸੇ ਨੂੰ ਵੀ ਸੰਗਤ ਅੰਦਰ ਦੁਬਿਧਾ ਨਹੀਂ ਪੈਦਾ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਕਾਲੀ ਬਾਗ ਵਾਲੀ ਜਗ੍ਹਾ ’ਤੇ ਵੀ 1000 ਕਮਰਿਆਂ ਲਈ 4 ਬਲਾਕ ਤਿਆਰ ਕਰਨ ਦੀ ਯੋਜਨਾ ਹੈ।
                 ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਓ.ਐਸ.ਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ ਆਦਿ ਹਾਜ਼ਰ ਸਨ।

Check Also

ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …