ਮਨੋਹਰ ਲਾਲ ਖੱਟੜ ਨੇ 6 ਕਰੋੜ ਤੇ ਸਰਕਾਰੀ ਨੌਕਰੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ 2 ਕਰੋੜ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ ਬਿਊਰੋ) – ਟੋਕੀਓ ਉਲਿੰਪਕ ਵਿੱਚ ਜੈਵਲਿਨ ਥ੍ਰੋ ‘ਚ ਗੋਲਡ ਮੈਡਲ ਜਿੱਤ ਕੇ ਨੀਰਜ਼ ਚੋਪੜਾ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।ਟੋਕੀਓ ਉਲਿੰਪਕ ਵਿੱਚ ਇਹ ਭਾਰਤ ਦਾ ਪਹਿਲਾ ਗੋਲਡ ਮੈਡਲ ਹੈ।ਇਸ ਮੈਡਲ ਨਾਲ ਉਲਿੰਪਕ ਵਿੱਚ ਭਾਰਤ ਦੇ ਮੈਡਲਾਂ ਦੀ ਕੁੱਲ ਗਿਣਤੀ 7 ਹੋ ਗਈ ਹੈ।ਜਿਸ ਵਿੱਚ 1 ਗੋਲਡ 2 ਸਿਲਵਰ ਅਤੇ 4 ਕਾਂਸੀ ਦੇ ਮੈਡਲ ਸ਼ਾਮਲ ਹਨ।ਗੋਲਡ ਮੈਡਲ ਜਿੱਤਣ ਉਪਰੰਤ ਗੱਲਬਾਤ ਕਰਦਿਆਂ ਨੀਰਜ਼ ਚੋਪੜਾ ਨੇ ਐਥਲੈਟਿਕਸ ਵਿੱਚ ਹਾਸਲ ਕੀਤਾ ਇਹ ਗੋਲਡ ਮੈਡਲ ਫਲਾਈਂਗ ਸਿੱਖ ਸਵ: ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਹੈ।ਇਸ ਮੈਡਲ ਨਾਲ ਨਾਮਵਰ ਐਥਲੀਟ ਉਡਣਾ ਸਿੱਖ ਮਿਲਖਾ ਸਿੰਘ ਦਾ ਸੁਪਨਾ ਪੂਰਾ ਹੋਇਆ ਹੈ।
ਉਧਰ ਨੀਰਜ਼ ਚੋਪੜਾ ਵਲੋਂ ਇਹ ਗੋਲਡ ਮੈਡਲ ਹਾਸਲ ਕਰਨ ‘ਤੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ। ਨੀਰਜ਼ ਦੇ ਪਾਣੀਪਤ ਸਥਿਤ ਘਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ।ਉਸ ਦੇ ਪਰਿਵਾਰਕ ਮੈਂਬਰ, ਦੋਸਤ ਮਿੱਤਰ ਅਤੇ ਪਿੰਡ ਵਾਸੀ ਬੇਸਬਰੀ ਨਾਮ ਨੀਰਜ਼ ਦੀ ਉਡੀਕ ਕਰ ਰਹੇ ਹਨ।
ਇਸੇ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਨਾਇਡੂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਦੇਸ਼ ਪ੍ਰਧਾਨ ਕਾਂਗਰਸ ਪ੍ਰਧਾਨ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਖੇਡ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਨੀਰਜ਼ ਚੋਪੜਾ ਨੂੰ ਵਧਾਈ ਦਿੱਤੀ ਹੈ।ਸੂਚਨਾ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਸ਼ਾਨਦਾਰ ਜਿੱਤ ਦੀਆਂ ਮੁਬਾਰਕਾਂ ਦਿੰਦਿਆਂ ਨੀਰਜ਼ ਨੂੰ 6 ਕਰੋੜ ਨਕਦ ਅਤੇ ਸਰਕਾਰੀ ਨੌਕਰੀ ਦੇਣ, ਜਦਕਿ ਕੈਪਟਨ ਅਮਰਿੰਦਰ ਸਿੰਘ ਨੇ 2 ਕਰੋੜ ਪੰਜਾਬ ਸਰਕਾਰ ਵਲੋਂ ਦੇਣ ਦਾ ਐਲਾਨ ਕੀਤਾ ਹੈ।ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ਼ ਨੇ ਭੰਗੜੇ ਪਾ ਕੇ ਜਿੱਤ ਦੀ ਖੁਸ਼ੀ ਮਨਾਈ।