ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ‘ਚ ਗੁੰਮਨਾਮ ਤੇ ਸ਼ਹੀਦ ਹੋਏ ਲੋਕਾਂ ਪ੍ਰਤੀ ਦੱਸੀ ਸ਼ਰਧਾਂਜਲੀ
ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸ਼ਾਮ ਮੌਕੇ
ਭਾਵੁਕਤਾ ਭਰੇ ਪਲਾਂ ਦੌਰਾਨ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਦਾ ਉਦਘਾਟਨ ਕੀਤਾ, ਜੋ 13 ਅਪ੍ਰੈਲ 1919 ਦੇ ਕਤਲੇਆਮ ਵਿੱਚ ਸ਼ਹੀਦੀਆਂ ਪਾਉਣ ਵਾਲੇ ਜਾਣੇ-ਅਣਜਾਣੇ ਲੋਕਾਂ ਦੀ ਯਾਦ ‘ਚ ਸਥਾਪਤ ਕੀਤੀ ਗਈ ਹੈ।
ਸ਼ਹੀਦਾਂ ਦੇ ਪਰਿਵਾਰਾਂ ਦੀ ਮੌਜ਼ੂਦਗੀ ਵਿੱਚ ਮੁੱਖ ਮੰਤਰੀ ਨੇ ਪੰਜਾਬ ਦੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਬਣੀ ਯਾਦਗਾਰ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਖੂਨੀ ਸਾਕੇ ਵਾਲੇ ਇਸ ਸਥਾਨ ‘ਤੇ ਇਹ ਦੂਜੀ ਯਾਦਗਾਰ ਉਨ੍ਹਾਂ ਸਾਰੇ ਗੁੰਮਨਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਸਥਾਪਤ ਕੀਤੀ ਗਈ ਹੈ।ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।ਇਸੇ ਤਰ੍ਹਾਂ ਮੂਲ ਯਾਦਗਾਰ ਉਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਸਥਾਪਤ ਕੀਤੀ ਗਈ ਸੀ, ਜਿਨ੍ਹਾਂ ਨੂੰ ਇਸ ਸਾਕੇ ਵਿਚ ਸ਼ਹੀਦੀਆਂ ਪਾਉਣ ਵਾਲਿਆਂ ਵਜੋਂ ਜਾਣਿਆ ਜਾਂਦਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਦੁਖਾਂਤ ਵਿਚ ਜਾਨਾਂ ਗੁਆ ਚੁੱਕੇ ਲੋਕਾਂ ਦੀ ਸਹੀ ਗਿਣਤੀ ਕੋਈ ਨਹੀਂ ਜਾਣਦਾ, ਭਾਵੇਂ ਕਿ ਡਿਪਟੀ ਕਮਿਸ਼ਨਰ ਦਫ਼ਤਰ ਕੋਲ ਸਿਰਫ 488 ਵਿਅਕਤੀਆਂ ਦੇ ਨਾਂ ਹਨ, ਜੋ ਪੰਜਾਬ ਦੇ ਤਤਕਾਲੀ ਗਵਰਨਰ ਮਾਈਕਲ ਓ ਡਵਾਇਰ ਦੇ ਹੁਕਮਾਂ ‘ਤੇ ਜਨਰਲ ਡਾਇਰ ਦੀ ਅਗਵਾਈ ਵਿਚ ਬਰਤਾਨਵੀ ਸੈਨਿਕਾਂ ਵਲੋਂ ਕੀਤੀ ਗੋਲੀਬਾਰੀ ਵਿੱਚ ਸ਼ਹੀਦੀਆਂ ਪਾ ਗਏ ਸਨ।ਉਨ੍ਹਾਂ ਕਿਹਾ ਕਿ ਉਸ ਦਿਨ 1250 ਗੋਲੀਆਂ ਚੱਲੀਆਂ, ਜਿਸ ਕਰਕੇ ਅਸਲ ਵਿੱਚ ਗਿਣਤੀ ਹਜ਼ਾਰਾਂ ‘ਚ ਹੋਵੇਗੀ।
ਇਹ ਯਾਦਗਾਰ ਰਣਜੀਤ ਐਵਨਿਊ ਵਿਚ ਅੰਮ੍ਰਿਤ ਆਨੰਦ ਪਾਰਕ ਵਿਖੇ 3.5 ਕਰੋੜ ਰੁਪਏ ਦੀ ਲਾਗਤ ਨਾਲ 1.5 ਏਕੜ ਵਿੱਚ ਸਥਾਪਤ ਕੀਤੀ ਗਈ ਹੈ।ਇਸ ਸਮਾਰਕ ਦੇ ਨਿਰਮਾਣ ਵਾਲੀ ਜਗ੍ਹਾ ‘ਤੇ ਰਾਜ ਭਰ ਤੋਂ ਮਿੱਟੀ ਲਿਆਂਦੀ ਗਈ।ਜਿਸ ਨਾਲ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਵਿਚ ਸ਼ਹੀਦੀਆਂ ਪਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇ ਤੌਰ ‘ਤੇ ਇਸ ਪਵਿੱਤਰ ਸਥਾਨ ਦੀ ਹੇਠਲੀ ਥਾਂ ਨੂੰ ਭਰਿਆ ਗਿਆ।
ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਅਤੇ ਪੋਰਟ ਬਲੇਅਰ ਵਿਖੇ ਸੈਲੂਲਰ ਜੇਲ੍ਹ ਵਿਖੇ ਕੈਦ ਕੱਟਣ ਵਾਲੇ ਆਜ਼ਾਦੀ ਘੁਲਾਟੀਆਂ ‘ਤੇ ਖੋਜ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਇਤਿਹਾਸਕਾਰਾਂ ਅਤੇ ਖੋਜ ਵਿਦਵਾਨਾਂ ਦੀ ਵਿਸ਼ੇਸ਼ ਟੀਮ ਗਠਿਤ ਕੀਤੀ ਗਈ।ਉਨ੍ਹਾਂ ਕਿਹਾ ਕਿ ਇਕ ਵਾਰ ਖੋਜ ਮੁਕੰਮਲ ਹੋਣ ਉਤੇ ਹੋਰ ਸ਼ਹੀਦਾਂ ਦੇ ਨਾਵਾਂ ਬਾਰੇ ਪਤਾ ਲੱਗ ਸਕਦਾ ਹੈ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਸ਼ਹੀਦਾਂ ਦੇ ਹੋਰ ਨਾਂ ਦਰਜ਼ ਕਰਨ ਲਈ ਯਾਦਗਾਰਾਂ ਦੀਆਂ ਦੀਵਾਰਾਂ ਉਤੇ ਢੁਕਵੀਂ ਥਾਂ ਰੱਖੀ ਹੋਈ ਹੈ।ਮੌਜ਼ੂਦਾ ਸਮੇਂ ਇਸ ਯਾਦਗਾਰ ਦੀਆਂ ਕਾਲੀ ਅਤੇ ਸੁਰਮਈ ਗ੍ਰੇਨਾਈਟ ਪੱਥਰਾਂ ਵਾਲੀਆਂ ਦੀਵਾਰਾਂ ਉਤੇ ਸਰਕਾਰੀ ਤੌਰ ‘ਤੇ ਸ਼ਨਾਖਤ ਕੀਤੇ ਜਾ ਚੁੱਕੇ 488 ਸ਼ਹੀਦਾਂ ਦੇ ਨਾਂ ਉਕਰੇ ਹੋਏ ਹਨ।
ਇਹ ਯਾਦ ਕਰਦਿਆਂ ਕਿ ਉਨ੍ਹਾਂ ਨੇ 25 ਜਨਵਰੀ 2021 ਨੂੰ ਇਸ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਇਸ ਨੂੰ 15 ਅਗਸਤ 2021 ਤੱਕ ਪੂਰਾ ਕਰਨ ਦਾ ਵਾਅਦਾ ਕੀਤਾ ਸੀ। ਮੁੱਖ ਮੰਤਰੀ ਨੇ ਸੱਭਿਆਚਾਰਕ ਮਾਮਲਿਆਂ, ਆਰਕੀਟੈਕਚਰ ਅਤੇ ਲੋਕ ਨਿਰਮਾਣ ਵਿਭਾਗ ਨੂੰ ਪਾਰਕ ਦਾ ਡਿਜ਼਼ਾਈਨ ਤਿਆਰ ਕਰਨ ਅਤੇ ਨਿਰਧਾਰਤ ਸਮਾਂ-ਸੀਮਾ ਅੰਦਰ ਇਸ ਦੀ ਉਸਾਰੀ ਮੁਕੰਮਲ ਕਰਨ ਲਈ ਵਧਾਈ ਦਿੱਤੀ।
ਮੁੱਖ ਮੰਤਰੀ ਨੇ ਗੁੰਮਨਾਮ ਨਾਇਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਤਲੇਆਮ ਵਿੱਚ ਮਾਰੇ ਗਏ ਸ਼ਹੀਦਾਂ ਦੇ 29 ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨਾਲ ਗਰੁੱਪ ਫੋਟੋ ਵੀ ਖਿਚਵਾਈ।ਉਨ੍ਹਾਂ ਨੇ ਇਤਿਹਾਸਕ ਸਾਕੇ ਨੂੰ ਦਰਸਾਉਣ ਲਈ ਬੰਗਾਲੀ ਕਲਾਕਾਰ ਮੋਲੋਯ ਘੋਸ਼ ਦੁਆਰਾ ਤਿਆਰ ਕੀਤੇ ਗਏ ਚਿੱਤਰ ਦੀ ਸ਼ਲਾਘਾ ਕੀਤੀ।
ਉਦਘਾਟਨ ਕੀਤੇ ਗਏ ਨਵੇਂ ਸਮਾਰਕ ਵਿੱਚ ਉਪਰ ਵੱਲ ਵਧੇ ਹੋਏ ਚਿੱਟੇ ਪੱਥਰ ਦੇ ਪੰਜ ਥੰਮ੍ਹ ਸ਼ਾਮਲ ਹਨ। ਇਹ ਥੰਮ੍ਹ ਸ਼ਹੀਦਾਂ ਦੀ ਸਰਵਉਚ ਭਾਵਨਾ ਦਾ ਪ੍ਰਤੀਕ ਹਨ। ਪੰਜ ਥੰਮ੍ਹਾਂ ਦੀਆਂ ਵੱਖੋ-ਵੱਖਰੀਆਂAC ਉਚਾਈਆਂ ਸ਼ਹੀਦਾਂ ਦੇ ਵੱਖ-ਵੱਖ ਉਮਰ ਵਰਗਾਂ ਜਿਵੇਂ ਬੱਚਿਆਂ, ਨੌਜੁਆਨਾਂ, ਮੱਧ ਉਮਰ ਅਤੇ ਬਜ਼ੁਰਗਾਂ ਨਾਲ ਮੇਲ ਖਾਂਦੀਆਂ ਹਨ।ਇਹ ਹੱਥਾਂ ਦੀਆਂ ਪੰਜ ਉਂਗਲਾਂ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀ ਇਕਜੁੱਟਤਾ ਨੂੰ ਵੀ ਦਰਸਾਉਂਦੇ ਹਨ।ਪੱਥਰ ਦਾ ਚਿੱਟਾ ਰੰਗ ਉਨ੍ਹਾਂ ਦੀ ਕੁਰਬਾਨੀ ਦੀ ਸ਼ੁੱਧਤਾ ਦਾ ਪ੍ਰਤੀਕ ਹੈ।ਇੱਕ ਗੋਲਾਕਾਰ ਪਲੇਟਫਾਰਮ ਜਿਥੋਂ ਇਹ ਥੰਮ੍ਹ ਉਭਰਦੇ ਹਨ ਤੇ ਕੇਂਦਰੀ ਕਾਲਾ ਪੱਥਰ, ਸ਼ਹੀਦਾਂ ਦੀ ਕੁਰਬਾਨੀ ਨਾਲ ਪਏ ਖਲਾਅ ਨੂੰ ਦਰਸਾਉਂਦਾ ਹੈ।
ਇਸ ਮੌਕੇ ਡਾਕਟਰੀ ਸਿਖਿਆ ਤੇ ਖੋਜ਼ ਮੰਤਰੀ ਓਮ ਪ੍ਰਕਾਸ਼ ਸੋਨੀ, ਸੰਸਦ ਮੈਂਬਰ ਗੁਰਜੀਤ ਔਜਲਾ, ਵਿਧਾਇਕ ਡਾ. ਰਾਜ ਕੁਮਾਰ ਆਦਿ ਮੌਜ਼ੂਦ ਸਨ।
Punjab Post Daily Online Newspaper & Print Media