Wednesday, April 22, 2026

ਮੁੱਖ ਮੰਤਰੀ ਵਲੋਂ ਯੂਨੀਵਰਸਿਟੀ ਵਿਖੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਦੀ ਯਾਦ ‘ਚ ਚੇਅਰ ਤੇ ਹੋਰ ਪ੍ਰਾਜੈਕਟਾਂ ਦਾ ਉਦਘਾਟਨ

ਨਵੇਂ ਬਲਾਕ ਦਾ ਨੀਂਹ ਪੱਥਰ ਵੀ ਰੱਖਿਆ, ਸਰਕਾਰੀ ਮੈਡੀਕਲ ਕਾਲਜ ਵਿਖੇ ਕਰੋਨਾ ਯੋਧਿਆਂ ਨਾਲ ਕੀਤੀ ਗੱਲਬਾਤ

ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਦਾ ਦੋ ਰੋਜ਼ਾ ਦੌਰਾ ਸ਼ੁਰੂ ਕੀਤਾ।ਜਿਥੇ ਉਨ੍ਹਾਂ ਨੇ ਅੱਜ ਪਹਿਲੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਹਾਨ ਧਾਰਮਿਕ ਸ਼ਖਸੀਅਤ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਜੀ ਦੀ ਯਾਦ ਵਿਚ ਸਥਾਪਤ ਕੀਤੀ ਚੇਅਰ ਸਮੇਤ ਕਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ।ਉਹ ਭਲਕੇ ਆਜ਼ਾਦੀ ਦਿਹਾੜੇ ਮੌਕੇ ਇੱਥੇ ਹੋਣ ਵਾਲੇ ਰਾਜ ਪੱਧਰੀ ਸਮਾਗਮਾਂ ਦੀ ਅਗਵਾਈ ਕਰਨਗੇ।
                  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿਚ ਪਹੁੰਚਣ ਮੌਕੇ ਮੁੱਖ ਮੰਤਰੀ ਨੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਾ ਜੀ ਨੂੰ ਸਮਰਪਿਤ ਚੇਅਰ ਦਾ ਉਦਘਾਟਨ ਕੀਤਾ।ਇਹ ਚੇਅਰ ਮਹਾਨ ਧਾਰਮਿਕ ਸ਼ਖਸੀਅਤ ਤੇ ਉਘੇ ਸਿੱਖਿਆ ਸ਼ਾਸਤਰੀ ਦੀ ਯਾਦ ਵਿੱਚ ਸਥਾਪਤ ਕੀਤੀ ਗਈ ਹੈ ਅਤੇ ਮੌਜ਼ੂਦਾ ਵਿੱਤੀ ਸਾਲ ਵਿਚ ਸੂਬਾ ਸਰਕਾਰ ਨੇ ਇਕ ਕਰੋੜ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ।ਇਸ ਚੇਅਰ ਦੀ ਮੁੱਖੀ ਇਕ ਪ੍ਰੋਫੈਸਰ ਅਤੇ ਉਨ੍ਹਾਂ ਨਾਲ ਤਿੰਨ ਖਜ਼ ਸਹਾਇਕ ਵੀ ਹੋਣਗੇ।
                   ਕੈਪਟਨ ਅਮਰਿੰਦਰ ਸਿੰਘ ਨੇ 6.10 ਕਰੋੜ ਰੁਪਏ ਦੀ ਲਾਗਤ ਵਾਲੇ ਸਕੂਲ ਆਫ਼ ਐਜੂਕੇਸ਼ਨ, 2.45 ਕਰੋੜ ਰੁਪਏ ਦੀ ਲਾਗਤ ਵਾਲੇ ਜਨ ਸੰਚਾਰ ਵਿਭਾਗ, 3.30 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਹੋਟਲ ਮੈਨੇਜਮੈਂਟ ਅਤੇ ਸੈਰ ਸਪਾਟਾ ਦਾ ਉਦਘਾਟਨ ਕੀਤਾ।ਇਸੇ ਤਰ੍ਹਾਂ 3.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਗੋਲਡਨ ਜੁਬਲੀ ਸੈਂਟਰ ਫਾਰ ਇੰਟਰਪ੍ਰੀਨਿਊਰਸ਼ਿਪ ਐਂਡ ਇਨੋਵੇਸ਼ਨ ਅਤੇ 1.60 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸ਼ੂਟਿੰਗ ਰੇਂਜ ਦਾ ਨੀਂਹ ਪੱਥਰ ਵੀ ਰੱਖਿਆ।
                    ਮੁੱਖ ਮੰਤਰੀ ਨੇ ਕਿਹਾ ਕਿ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਨੂੰ ਸਮਰਪਿਤ ਚੇਅਰ ਮਹਾਨ ਸੰਤ ਸਖਸ਼ੀਅਤ ਦੇ ਜੀਵਨ ਅਤੇ ਫਿਲਾਸਫੀ ਉਤੇ ਡੂੰਘੀ ਖੋਜ਼ ਕਰਨ ਲਈ ਵਿਦਵਾਨਾਂ ਅਤੇ ਖੋਜਾਰਥੀਆਂ ਦੀ ਮਦਦ ਕਰੇਗੀ।ਉਨ੍ਹਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਇਸ ਚੇਅਰ ਵਲੋਂ ਕੀਤੀ ਖੋਜ ਯੂਨੀਵਰਸਿਟੀ ਦੀ ਲਾਇਬ੍ਰੇਰੀ ਤੱਕ ਹੀ ਮਹਿਦੂਦ ਨਹੀਂ ਰਹੇਗੀ ਸਗੋਂ ਇਨ੍ਹਾਂ ਨੂੰ ਕਿਤਾਬਾਂ ਵਜੋਂ ਪ੍ਰਕਾਸ਼ਿਤ ਕੀਤਾ ਜਾਵੇਗਾ ਤਾਂ ਕਿ ਦੁਨੀਆਂ ਨੂੰ ਸੰਤ ਜੀ ਦੇ ਯੋਗਦਾਨ ਅਤੇ ਕੁਰਬਾਨੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ।
                   ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵਲੋਂ ਫੰਡਾਂ ਦੀ ਘਾਟ ਸਬੰਧੀ ਜ਼ਾਹਰ ਕੀਤੀ ਗਈ ਚਿੰਤਾ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਜਿਹੀ ਖੋਜ ਲਈ ਗ੍ਰਾਂਟਾਂ ਵਿੱਚ ਵਾਧਾ ਕੀਤਾ ਜਾਵੇਗਾ।ਬਾਜਵਾ ਨੇ ਆਪਣੀ ਸ਼ੁਰੂਆਤੀ ਟਿੱਪਣੀ ‘ਚ ਅਫਸੋਸ ਜਤਾਇਆ ਕਿ ਯੂਨੀਵਰਸਿਟੀਆਂ ਵਿੱਚ ਸਥਾਪਿਤ ਕੀਤੀਆਂ ਜਾਂਦੀਆਂ ਚੇਅਰਾਂ ਫੰਡਾਂ ਦੀ ਘਾਟ ਕਰਨ ਖੁਦ-ਬ-ਖੁਦ ਖ਼ਤਮ ਹੋ ਜਾਂਦੀਆਂ ਹਨ।
                     ਸਿੱਖ ਧਰਮ ਦੇ ਪ੍ਰਸਾਰ ਲਈ ਲੁਬਾਣਾ ਭਾਈਚਾਰੇ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਕਾਲ ਦੌਰਾਨ ਮਹਾਨ ਸ਼ਰਧਾਲੂਆਂ ਮੱਖਣ ਸ਼ਾਹ ਲੁਬਾਣਾ ਅਤੇ ਲੱਖੀ ਸ਼ਾਹ ਵਣਜਾਰਾ ਵਲੋਂ ਨਿਭਾਈ ਗਈ ਅਹਿਮ ਭੂਮਿਕਾ ਪੰਜਾਬੀਆਂ ਨੂੰ ਹਮੇਸ਼ਾਂ ਪ੍ਰੇਰਿਤ ਕਰਦੀ ਰਹੇਗੀ।
                      ਜ਼ਿਕਰਯੋਗ ਹੈ ਕਿ ਸੰਤ ਪ੍ਰੇਮ ਜੀ ਨੇ 1921 ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ, ਲੁਬਾਣਾ ਸਕੂਲ ਦੀ ਸਥਾਪਨਾ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਦੀ ਯਾਦ `ਚ ਇੱਕ ਹੋਰ ਸਕੂਲ ਸਥਾਪਿਤ ਕੀਤਾ ਗਿਆ।ਅੱਜ ਵੀ ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਅਤੇ ਬੇਗੋਵਾਲ ਕਸਬਿਆਂ ਵਿੱਚ ਇਸ ਧਾਰਮਿਕ ਸਮੂਹ ਵਲੋਂ ਕਾਲਜ ਚਲਾਏ ਜਾ ਰਹੇ ਹਨ। ਸੰਤ ਪ੍ਰੇਮ ਜੀ 1937 ਅਤੇ 1945 ਵਿੱਚ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਅਤੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ 1926 ਤੋਂ 1950 ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ।ਭਾਰਤ ਦੀ ਵੰਡ ਤੋਂ ਬਾਅਦ, ਸੰਤ ਜੀ ਬੇਗੋਵਾਲ ਆ ਗਏ ਅਤੇ ਸੰਤ ਬਿਸ਼ਨ ਸਿੰਘ ਦੇ ਨਾਂ ਹੇਠ ਇੱਕ ਧਾਰਮਿਕ ਸਮੂਹ ਦੀ ਸਥਾਪਨਾ ਕੀਤੀ। ਉਹ 2 ਜੂਨ 1950 ਨੂੰ ਅਕਾਲ ਚਲਾਣਾ ਕਰ ਗਏ। ਵਿਧਾਇਕ ਅੰਮ੍ਰਿਤਸਰ (ਪੱਛਮੀ) ਡਾ. ਰਾਜ ਕੁਮਾਰ ਵੇਰਕਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
                 ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਟਾਂਡਾ ਤੋਂ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਅਤੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਚੇਅਰ ਦੇ ਪ੍ਰੋ. ਸਰਬਜਿੰਦਰ ਸਿਘ ਮੌਜ਼ੂਦ ਸਨ।
                        ਮੁੱਖ ਮੰਤਰੀ ਨੇ ਬਾਅਦ ‘ਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਅੰਮ੍ਰਿਤਸਰ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਨੇ ਬੇਸਿਕ ਸਾਇੰਸ ਬਲਾਕ ਅਤੇ ਲੜਕਿਆਂ ਦੇ ਨਵੇਂ ਹੋਸਟਲ ਦਾ ਨੀਂਹ ਪੱਥਰ ਰੱਖਿਆ।ਇਸ ਤੋਂ ਬਾਅਦ ਉਨ੍ਹਾਂ ਨੇ ਚਾਹ ਪੀਣ ਮੌਕੇ ਕੋਰੋਨਾ ਯੋਧਿਆਂ ਨਾਲ ਗੈਰ-ਰਸਮੀ ਗੱਲਬਾਤ ਕੀਤੀ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …