ਕੈਬਨਿਟ ਮੰਤਰੀ ਸੋਨੀ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਵਪਾਰੀਆਂ ਦਾ ਵਫਦ
ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ) – ਅੱਜ ਮੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਨਿਵਾਸ ਸਥਾਨ ‘ਤੇ ਪੁੱਜੇ।ਸੋਨੀ ਦੇ ਅਗਵਾਈ ਵਿੱਚ ਵਪਾਰੀਆਂ, ਰਾਈਸ ਮਿੱਲ ਮਾਲਕਾਂ ਅਤੇ ਅੰਮ੍ਰਿਤਸਰ ਡਾਇੰਗ ਤੇ ਪ੍ਰੋਸੈਸਿੰਗ ਉਦਯੋਗ ਨੇ ਮੁੱਖ ਮੰਤਰੀ ਪੰਜਾਬ ਦੇ ਨਾਲ ਗੱਲਬਾਤ ਕੀਤੀ।ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵਪਾਰੀਆਂ ਦੇ ਮਸਲੇ ਸੁਣਨ ਉਪਰੰਤ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਵਿਚਾਰਿਆ ਜਾਵੇ ਅਤੇ ਇਸ ਬਾਬਤ ਬਣਦੇ ਹੱਲ ਵਿਚਾਰੇ ਜਾਣ। ਉਨਾਂ ਕਿਹਾ ਕਿ ਕਿਸਾਨ ਅਤੇ ਵਪਾਰੀ ਸਾਡੇ ਸੂਬੇ ਦੀ ਰੀਡ ਦੀ ਹੱਡੀ ਹਨ।ਸਾਡੀ ਕੋਸ਼ਿਸ਼ ਹੈ ਕਿ ਰਾਜ ਵਿੱਚ ਖੁਸ਼ਹਾਲੀ ਆਵੇ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ। ਉਨਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਲਦੀ ਹੀ ਵਪਾਰੀਆਂ ਅਤੇ ਸਨਅਤਕਾਰਾਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾਵੇ, ਜਿਥੇ ਬੈਠ ਕੇ ਵਿਸਥਾਰ ਨਾਲ ਸਾਰੇ ਮਸਲੇ ਵਿਚਾਰੇ ਜਾਣ।
ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਧੰਨਵਾਦੀ ਹਨ ਕਿ ਮੁੱਖ ਮੰਤਰੀ ਪੰਜਾਬ ਨੇ ਵਪਾਰੀਆਂ ਦੇ ਮਸਲੇ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਆਸ ਕਰਦਾ ਹਾਂ ਕਿ ਇਹ ਮਸਲੇ ਜਲਦੀ ਹੀ ਹੱਲ ਹੋਣਗੇ।
ਕ੍ਰਿਸ਼ਨ ਕੁਮਾਰ ਕੁੱਕੂ ਪ੍ਰਧਾਨ ਅੰਮ੍ਰਿਤਸਰ ਡਾਇੰਗ ਅਤੇ ਪ੍ਰੋਸੈਸਿੰਗ ਉਦਯੋਗ ਨੇ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਕਿ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਉਦਯੋਗਾਂ ਨੂੰ ਕਾਫ਼ੀ ਵੱਡੀ ਗਿਣਤੀ ਵਿੱਚ ਸਹੂਲਤਾਂ ਮਿਲ ਰਹੀਆਂ ਹਨ।ਸਾਡਾ ਇਲਾਕਾ ਬਾਰਡਰ ਜੋਨ ਹੋਣ ਕਰਕੇ ਸਾਨੂੰ ਬਿਜਲੀ ਸਸਤੀ ਮੁਹੱਈਆ ਕਰਵਾਈ ਜਾਵੇ ਅਤੇ ਗਵਾਂਢੀ ਰਾਜਾਂ ਵਲੋਂ ਸਾਨੂੰ ਦਿੱਤੀ ਜਾ ਰਹੀ ਟੱਕਰ ਦੇ ਯੋਗ ਸਾਨੂੰ ਵੀ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਆਪ ਦੀ ਛੱਤਰ ਛਾਇਆ ਹੇਠ ਸਾਡੀ ਇੰਡਸਟਰੀ ਪਹਿਲਾਂ ਨਾਲੋ ਕਾਫ਼ੀ ਅੱਗੇ ਵਧੀ ਹੈ, ਪਰ ਸਾਨੂੰ ਬਾਕੀ ਰਾਜਾਂ ਵਾਂਗ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਸਾਡੀ ਇੰਡਸਟਰੀ ਹੋਰ ਵਧ-ਫੁਲ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਾਹਾਂਮਾਰੀ ਦੌਰਾਨ ਸਾਡੇ ਉਦਯੋਗਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।ਇਸ ਲਈ ਇਹਨਾਂ ਉਦਯੋਗਾਂ ਨੂੰ ਕੁੱਝ ਰਾਹਤ ਦੇਣ ਦੀ ਖੇਚਲ ਕੀਤੀ ਜਾਵੇ ਜੀ।
ਪੰਜਾਬ ਪ੍ਰਦੇਸ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਨੇ ਮੁੱਖ ਮੰਤਰੀ ਅੱਗੇ ਮੰਗ ਰੱਖੀ ਕਿ ਪ੍ਰਾਪਰਟੀ ਟੈਕਸ ਨੂੰ ਵਾਪਸ ਲਿਆ ਜਾਵੇ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜਿਹੜਾ ਕਿ ਸਰਕਾਰ ਅਤੇ ਵਪਾਰੀਆਂ ਵਿੱਚ ਪੁੱਲ ਦਾ ਕੰਮ ਕਰ ਰਿਹਾ ਹੈ, ਉਸ ਲਈ ਪੰਜਾਬ ਵਪਾਰ ਭਵਨ ਬਣਾ ਕੇ ਦਿੱਤਾ ਜਾਵੇ।ਪਿਆਰਾ ਲਾਲ ਸੇਠ ਨੇ ਕਿਹਾ ਕਿ ਪੰਜਾਬ ਦੇ ਵਪਾਰ ਨੂੰ ਹੁਲਾਰਾ ਦੇਣ ਲਈ ਪੱਟੀ-ਮੱਖੂ ਰੇਲ ਲਾਈਨ ਜਲਦ ਸ਼ੁਰੂ ਕਰਵਾਈ ਜਾਵੇ ਅਤੇ ਅੰਮ੍ਰਿਤਸਰ ਵਪਾਰੀਆਂ ਲਈ ਹਰੇਕ ਸਾਲ ਲੱਗਣ ਵਾਲੇ ਨੁਮਾਇਸ਼ ਲਈ ਕੇਂਦਰ ਦਾ ਨਿਰਮਾਣ ਕਰਵਾਇਆ ਜਾਵੇ।
ਇਸ ਮੌਕੇ ਸੰਜੀਵ ਭੰਡਾਰੀ, ਰਾਜੇਸ਼ ਮਹਿਰਾ, ਵਿਮਲ ਅਰੋੜਾ, ਸੰਜੀਵ ਥੰਦਾਰੀ, ਅਮਰੀਸ਼ ਮਹਾਜਨ, ਪਿਆਰਾ ਲਾਲ ਸੇਠ, ਅਸ਼ਵਨੀ ਪੱਪੂ, ਸਮੀਰ ਜੈਨ ਸਕੱਤਰ ਪੰਜਾਬ ਪ੍ਰਦੇਸ਼ ਵਪਾਰ ਮੰਡਲ, ਰੰਜਨ ਅਗਰਵਾਲ, ਐਸ.ਕੇ ਵਧਵਾ, ਸੁਰਿੰਦਰ ਦੁੱਗਲ ਤੋਂ ਇਲਾਵਾ ਕਈ ਹੋਰ ਵਪਾਰੀ ਵੀ ਹਾਜ਼ਰ ਸਨ।