Tuesday, February 3, 2026

 ਦਿੱਲੀ ਕਮੇਟੀ ਵਫ਼ਦ ਨੇ ਉਪ ਰਾਜਪਾਲ ਨਾਲ ਕੀਤੀ ਮੁਲਾਕਾਤ

ਪੰਜਾਬੀ ਭਾਸ਼ਾ ਨੂੰ ਸਨਮਾਨ ਦਿਵਾਉਣ ਅਤੇ ਫ਼ਿਲਮ ਚਾਰ ਸਾਹਿਬਜ਼ਾਦੇ ਨੂੰ ਟੈਕਸ ਛੋਟ ਦੀ ਕੀਤੀ ਮੰਗ

PPN1211201406

ਨਵੀਂ ਦਿੱਲੀ, ੧੨ ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਵਫ਼ਦ ਨੇ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਨਾਲ ਮੁਲਾਕਾਤ ਕਰਕੇ ਪੰਜਾਬੀ ਐਨੀਮੇਸ਼ਨ ਫ਼ਿਲਮ ”ਚਾਰ ਸਾਹਿਬਜ਼ਾਦੇ” ਨੂੰ ਦਿੱਲੀ ਵਿਖੇ ਟੈਕਸ ਫ੍ਰੀ ਕਰਨ ਦੀ ਮੰਗ ਕਰਨ ਦੇ ਨਾਲ ਹੀ ਸੁੂਬੇ ਵਿਚ ਪੰਜਾਬੀ ਭਾਸ਼ਾ ਦੀ ਤਰਸਯੋਗ ਹਾਲਤ ਬਾਰੇ ਵਿਚਾਰ ਚਰਚਾ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਅਤੇ ਦਿੱਲੀ ਇਕਾਈ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆਂ ਨੇ ਉਪ ਰਾਜਪਾਲ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਧਰਮ ਪ੍ਰਤਿ ਪਿਆਰ ਨੂੰ ਪ੍ਰਦਰਸ਼ਿਤ ਕਰਦੀ ਫ਼ਿਲਮ ”ਚਾਰ ਸਾਹਿਬਜ਼ਾਦੇ” ਨੂੰ ਮਧਿਆ ਪ੍ਰਦੇਸ਼ ਅਤੇ ਪੰਜਾਬ ਸੂਬੇ ਦੀ ਤਰਜ਼ ਤੇ ਟੈਕਸ ਫ੍ਰੀ ਕਰਨ ਦੀ ਮੰਗ ਕੀਤੀ।
ਵਫ਼ਦ ਨੇ ਦਿੱਲੀ ਵਿਖੇ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਹੋਣ ਦੇ ਬਾਵਜੂਦ ਸਰਕਾਰੀ ਮਹਿਕਮਿਆਂ ਵੱਲੋਂ ਪੰਜਾਬੀ ਭਾਸ਼ਾ ਬਾਰੇ ਵਰਤੀ ਜਾ ਰਹੀ ਉਦਾਸੀਨਤਾ ਤੇ ਵੀ ਚਿੰਤਾ ਜ਼ਾਹਿਰ ਕੀਤੀ। ਦਿੱਲੀ ਵਿਖੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਤੁਰੰਤ ਭਰਣ ਅਤੇ ਕੰਟ੍ਰੇਕਟ ਬੇਸਿਸ ਤੇ ਕਾਰਜ ਕਰ ਰਹੇ ਅਧਿਆਪਕਾਂ ਨੂੰ ਤੁਰੰਤ ਪਕਿਆਂ ਕਰਨ ਦੀ ਵੀ ਵਫ਼ਦ ਨੇ ਮੰਗ ਕੀਤੀ। ਪੰਜਾਬੀ ਭਾਸ਼ਾ ਦੇ ਮਾਹਿਰਾਂ ਦੀ ਅਗੁਵਾਈ ਵਿੱਚ ਦਿੱਲੀ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਜ਼ਰੂਰੀ ਕਦਮ ਚੁੱਕਣ ਵਾਸਤੇ ਪੰਜਾਬੀ ਭਾਸ਼ਾ ਬਾਰੇ ਸੈਮੀਨਾਰ ਕਰਵਾਉਣ ਦੀ ਵੀ ਵਫ਼ਦ ਨੇ ਸਲਾਹ ਦਿੱਤੀ। ਸਥਾਨਿਕ ੲੈਜੰਸੀਆਂ ਵੱਲੋਂ ਰਾਹ ਦੱਸਣ ਵਾਲੇ ਬੋਰਡਾਂ ਤੇ ਗਲਤ ਪੰਜਾਬੀ ਭਾਸ਼ਾ ਲਿੱਖਣ ਬਾਰੇ ਵੀ ਵਫ਼ਦ ਨੇ ਉਪ ਰਾਜਪਾਲ ਨੂੰ ਚੇਤਾ ਕਰਵਾਇਆ।
ਪੰਜਾਬੀ ਅਕੈਡਮੀ ਵਿੱਚ ਖਾਲੀ ਪਏ ਸਕੱਤਰ ਦੇ ਅਹੁਦੇ ਨੂੰ ਵੀ ਛੇਤੀ ਭਰਣ ਅਤੇ ਅਕੈਡਮੀ ਦੇ ਰੋਜ਼ਾਨਾ ਕਾਰਜਾਂ ਵਾਸਤੇ ਜ਼ਰੂਰੀ ਸਟਾਫ ਦੀ ਭਰਤੀ ਦੀ ਵੀ ਵਫ਼ਦ ਨੇ ਮੰਗ ਕੀਤੀ। ਸਿੱਖ ਕੌਮ ਨੂੰ ਘੱਟ ਗਿਣਤੀ ਕੌਮ ਹੋਣ ਦੇ ਕਾਰਣ ਘੱਟ ਗਿਣਤੀ ਕੌਮਾਂ ਲਈ ਸਰਕਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਸਿੱਧਾ ਲਾਭ ਸਿੱਖਾਂ ਤੱਕ ਪਹੁੰਚਾਉਣ ਵਾਸਤੇ ਸਬੰਧਿਤ ਮਹਿਕਮੇ ਨਾਲ ਗਾਇਡੈਂਸ ਸੈਲ ਖੋੋਲਣ ਦੀ ਵੀ ਵਫ਼ਦ ਨੇ ਤਜਵੀਜ਼ ਦਿੱਤੀ। ਦਿੱਲੀ ਕਮੇਟੀ ਵੱਲੋਂ ਜਨਵਰੀ ੨੦੧੫ ਵਿਖੇ ਕਰਵਾਈ ਜਾ ਰਹੀ ”ਵਰਲਡ ਪੰਜਾਬੀ ਕੰਨਫ੍ਰੈਂਸ” ਵਿੱਚ ਆਉਣ ਦਾ ਵੀ ਉਪ ਰਾਜਪਾਲ ਨੂੰ ਵਫ਼ਦ ਵੱਲੋਂ ਸੱਦਾ ਦਿੱਤਾ ਗਿਆ।
ਜੀ.ਕੇ. ਨੇ ਮੁਲਾਕਾਤ ਤੋਂ ਬਾਅਦ ਦਾਅਵਾ ਕੀਤਾ ਕਿ ਉਪ ਰਾਜਪਾਲ ਨੇ ਵਫ਼ਦ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਨਣ ਉਪਰੰਤ ਸਾਰੀਆਂ ਮੰਗਾਂ ਤੇ ਪਹਿਲ ਦੇ ਅਧਾਰ ਤੇ ਕਾਰਵਾਈ ਕਰਨ ਤੇ ਚਾਰ ਸਾਹਿਬਜ਼ਾਦੇ ਫ਼ਿਲਮ ਨੂੰ ਛੇਤੀ ਹੀ ਟੈਕਸ ਛੋਟ ਅਤੇ ਪੰਜਾਬੀ ਭਾਸ਼ਾ ਨੂੰ ਦਿੱਲੀ ਵਿਖੇ ਹੁੰਗਾਰਾ ਦੇਣ ਲਈ ਖਾਲੀ ਪਈਆਂ ਅਸਾਮੀਆਂ ਨੂੰ ਵੀ ਭਰਣ ਦਾ ਉਪ ਰਾਜਪਾਲ ਵੱਲੋਂ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਮੁੱਖੀ ਪਰਮਜੀਤ ਸਿੰਘ ਰਾਣਾ ਮੌਜੂਦ ਸਨ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply