
ਅੰਮ੍ਰਿਤਸਰ, ੧੩ ਨਵੰਬਰ (ਗੁਰਪ੍ਰੀਤ ਸਿੰਘ) – ਸਮਾਜਿਕ ਨਿਆਂ ਤੇ ਸ਼ਕਤੀਕਰਨ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਆਪਣਾ ਮੰਤਰੀ ਪਦ ਸੰਭਾਲਣ ਉਪਰੰਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਸ਼ੁਕਰਾਨੇ ਦੀ ਅਰਦਾਸ ਕੀਤੀ। ਉਨ੍ਹਾਂ ਨਾਲ ਵਿਧਾਇਕ ਅਤੇ ਲੋਕਲ ਬਾਡੀ ਮੰਤਰੀ ਸ੍ਰੀ ਅਨਿਲ ਜੋਸ਼ੀ, ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸ੍ਰੀ ਤਰੁਣ ਚੁੱਗ, ਡਾ: ਬਲਦੇਵ ਰਾਜ ਚਾਵਲਾ, ਸ੍ਰ: ਰਜਿੰਦਰ ਮੋਹਨ ਸਿੰਘ ਛੀਨਾ ਆਦਿ ਨੇ ਵੀ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਮੱਥਾ ਟੇਕਿਆ।ਸ੍ਰੀ ਵਿਜੇ ਸਾਂਪਲਾ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਮੁੱਖ ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ ਤੇ ਸੂਚਨਾ ਅਧਿਕਾਰੀ ਸ੍ਰ: ਜਸਵਿੰਦਰ ਸਿੰਘ ਜੱਸੀ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ।ਉਪਰੰਤ ਸੂਚਨਾ ਕੇਂਦਰ ਵਿਖੇ ਉਨ੍ਹਾਂ ਨੂੰ ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਗੁਰਬਚਨ ਸਿੰਘ ਮੁੱਖ ਸੂਚਨਾ ਅਧਿਕਾਰੀ ਤੇ ਸੂਚਨਾ ਅਧਿਕਾਰੀ ਸ੍ਰ: ਜਸਵਿੰਦਰ ਸਿੰਘ ਨੇ ਸਾਂਝੇ ਰੂਪ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਸ੍ਰੀ ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ ਨੇ ਆਪਣੀ ਸ਼ਰਧਾ-ਭਾਵਨਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਗੁਰੂਆਂ ਦੀ ਇਸ ਪਵਿੱਤਰ ਧਰਤੀ ‘ਤੇ ਨਤਮਸਤਿਕ ਹੋਣ ਦਾ ਮੈਨੂੰ ਸੁਭਾਗ ਮਿਲਿਆ ਹੈ।ਉਨ੍ਹਾਂ ਕਿਹਾ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਆਇਆ ਹਾਂ।ਉਨ੍ਹਾਂ ਕਿਹਾ ਕਿ ਏਥੇ ਗੁਰਬਾਣੀ ਸਰਵਣ ਕਰਕੇ ਮਨ ਨੂੰ ਸਕੂਨ ਅਤੇ ਆਤਮਿਕ ਸ਼ਾਂਤੀ ਮਿਲਦੀ ਹੈ।
ਇਸ ਮੌਕੇ ਸ. ਸੁਖਰਾਜ ਸਿੰਘ ਵਧੀਕ ਮੈਨੇਜਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’, ਸ੍ਰ: ਹਰਪ੍ਰੀਤ ਸਿੰਘ ਤੇ ਸ੍ਰ: ਅੰਮ੍ਰਿਤਪਾਲ ਸਿੰਘ ਸੂਚਨਾ ਅਧਿਕਾਰੀ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media