ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਜ਼ਿਲ੍ਹਿਆਂ ਦੀ ਜਿੰਮੇਵਾਰੀ
ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) – ਰਾਜ ਭਰ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਸਾਂਭ-ਸੰਭਾਲ ਅਤੇ ਠੀਕ ਇਲਾਜ਼ ਸਾਡੀ ਪਹਿਲੀ ਜਿੰਮੇਵਾਰੀ ਹੈ ਅਤੇ ਇਸ
ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਪ ਮੁੱਖ ਮੰਤਰੀ ਓ.ਪੀ ਸੋਨੀ ਨੇ ਅਧਿਕਾਰੀਆਂ ਨੂੰ ਇਹ ਸੁਨੇਹਾ ਦਿੰਦੇ ਹੋਏ ਰਾਜ ਭਰ ਵਿੱਚ ਹਸਪਤਾਲਾਂ ਦੀ ਜਾਂਚ-ਪੜਤਾਲ ਕਰਨ ਅਤੇ ਮਰੀਜ਼ਾਂ ਦਾ ਹਾਲ-ਚਾਲ ਜਾਣਨ ਲਈ ਵਿਸ਼ੇਸ਼ ਟੀਮਾਂ ਗਠਿਤ ਕਰ ਦਿੱਤੀਆਂ ਹਨ।ਦੱਸਣਯੋਗ ਹੈ ਕਿ ਉਪ ਮੁੱਖ ਮੰਤਰੀ ਨੇ ਬੀਤੇ ਦਿਨ ਖੁੱਦ ਸਿਵਲ ਹਸਪਤਾਲ ਅੰਮ੍ਰਿਤਸਰ ਦੀ ਅਚਨਚੇਤੀ ਚੈਕਿੰਗ ਕੀਤੀ ਸੀ ਅਤੇ ਡੇਂਗੂ ਵਾਰਡ ਵਿਚ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਸੀ।
ਅੱਜ ਉਸੇ ਤਰਜ਼ ’ਤੇ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਚੱਲ ਰਹੇ ਡੇਂਗੂ ਦੇ ਇਲਾਜ਼ ਦੀ ਮੌਜ਼ੂਦਾ ਹਾਲਤ ਜਾਨਣ ਅਤੇ ਮਰੀਜ਼ਾਂ ਦਾ ਹਾਲ ਪੁੱਛਣ ਲਈ ਸਿਹਤ ਵਿਭਾਗ ਦੇ ਅਮੈ.ਡੀ, ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਦੀ ਡਿਊਟੀ ਉਪ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਲਗਾਈ ਗਈ ਹੈ।ਜਾਰੀ ਪੱਤਰ ਅਨੁਸਾਰ ਐਮ.ਡੀ ਨੈਸ਼ਨਲ ਹੈਲਥ ਮਿਸ਼ਨ ਕੁਮਾਰ ਰਾਹੁਲ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਰੋਪੜ ਅਤੇ ਸ਼ਹੀਦ ਭਗਤ ਸਿੰਘ ਦੇ ਸਾਰੇ ਹਸਪਤਾਲਾਂ ਦੀ ਜਿੰਮੇਵਾਰੀ ਦਿੱਤੀ ਗਈ ਹੈ।ਇਸੇ ਤਰ੍ਹਾਂ ਐਮ.ਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਮਿਤ ਕੁਮਾਰ ਨੂੰ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਨਸਾ ਦੇ ਸਰਕਾਰੀ ਹਸਪਤਾਲਾਂ ਵਿਚ ਹੋ ਰਹੇ ਡੇਂਗੂ ਦੇ ਇਲਾਜ਼ ਦਾ ਪਤਾ ਲਗਾਉਣ ਲਈ ਤਾਇਨਾਤ ਕੀਤਾ ਗਿਆ ਹੈ।
ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਲਈ ਡਾਇਰੈਕਟਰ ਸ੍ਰੀਮਤੀ ਅੰਦੇਸ਼ ਕੰਗ ਨੂੰ ਲਗਾਇਆ ਗਿਆ ਹੈ।ਡਾਇਰੈਕਟਰ ਪਰਿਵਾਰ ਕਲਿਆਣ ਓ.ਪੀ ਗੁਜ਼ਰਾਂ ਨੂੰ ਲੁਧਿਆਣਾ, ਮੋਗਾ, ਫਰੀਦਕੋਟ, ਬਠਿੰਡਾ ਅਤੇ ਮਲੇਰਕੋਟਲਾ ਦੀ ਜਿੰਮੇਵਾਰੀ ਦਿੱਤੀ ਹੈ ਅਤੇ ਡਾ. ਜੀ.ਬੀ ਸਿੰਘ ਨੂੰ ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ ਅਤੇ ਜਲੰਧਰ ਜਿਲ੍ਹਿਆਂ ਦੀ ਜਿੰਮੇਵਾਰੀ ਦਿੰਦੇ ਤੁਰੰਤ ਫੀਲਡ ਵਿੱਚ ਜਾਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।ਸੋਨੀ ਨੇ ਕਿਹਾ ਕਿ ਸਾਰੇ ਅਧਿਕਾਰੀ ਚਾਰ ਦਿਨਾਂ ਵਿਚ ਸਾਰੀ ਸਥਿਤੀ ਦੀ ਸਮੀਖਿਆ ਕਰਕੇ ਰਿਪੋਰਟ ਦੇਣਗੇ ਜਿਸ ਅਧਾਰ ‘ਤੇ ਹੋਰ ਉਚੇਚੇ ਕਦਮ ਚੁੱਕੇ ਜਾਣਗੇ।
Punjab Post Daily Online Newspaper & Print Media