ਦੇਸ਼ ਭਰ ਤੋਂ 310 ਕਲਾਕਾਰਾਂ ਦੀਆਂ 357 ਕਲਾਕ੍ਰਿਤੀਆਂ ਪ੍ਰਦਰਸ਼ਿਤ

ਅੰਮ੍ਰਿਤਸਰ, 14 ਨਵੰਬਰ (ਪ੍ਰੀਤਮ ਸਿੰਘ) – ਅੱਜ ਸਥਾਨਕ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ (ਆਰਟ ਗੈਲਰੀ) ਵਿਖੇ ਦੇਸ਼ ਭਰ ਤੋਂ 310 ਉੱਘੇ ਕਲਾਕਾਰਾਂ ਦੀਆਂ 357 ਦਿਲਕਸ਼ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ’80ਵੀਂ ਰਾਸ਼ਟਰੀ ਕਲਾ ਪ੍ਰਦਰਸ਼ਨੀ-2014′ ਦਾ ਉਦਘਾਟਨ ਲਲਿਤ ਕਲਾ ਅਕੈਡਮੀ, ਦਿੱਲੀ ਦੇ ਚੇਅਰਮੈਨ ਡਾ. ਕਲਿਆਣ ਕੁਮਾਰ ਚੱਕਰਵਰਤੀ ਨੇ ਕੀਤਾ। ਇਨ੍ਹਾਂ ਕਲਾਕ੍ਰਿਤੀਆਂ ‘ਚ ਚਿੱਤਰਕਲਾਵਾਂ, ਡਰਾਇੰਗ, ਬੁੱਤਸਾਜੀ, ਫੋਟੋਗ੍ਰਾਫ਼ਰੀ ਅਤੇ ਗ੍ਰਾਫ਼ਿਕਸ ਨਾਲ ਸਬੰਧਿਤ ਕਲਾ ਦੇ ਨਮੂਨੇ ਇਕ ਹਫ਼ਤੇ ਤੱਕ ਲੋਕਾਂ ਦੇ ਵੇਖਣ ਲਈ ਲਗਾਏ ਜਾਣਗੇ।
ਸ੍ਰੀ ਚੱਕਰਵਰਤੀ ਨੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆ ਕਿਹਾ ਕਿ ਸੁਹਿਰਦ ਤੇ ਚੰਗੇ ਸਮਾਜ ਦੇ ਨਿਰਮਾਣ ‘ਚ ਕਲਾਕਾਰਾਂ ਦੇ ਅਹਿਮ ਭੂਮਿਕਾ ‘ਤੇ ਜ਼ੋਰ ਦਿੰਦਿਆ ਕਲਾਕਾਰਾਂ ਨੂੰ ਸਮਾਜ ਦੀ ਖਾਸ ਕੜੀ ਦੱਸਿਆ। ਇਹ ਪ੍ਰਦਰਸ਼ਨੀ ਪੂਰਾ ਇਕ ਮਹੀਨਾ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਰਹੇਗੀ। ਉਨ੍ਹਾਂ ਨੇ ਇਸ ਮੌਕੇ ਚੰਡੀਗੜ੍ਹ ਤੋਂ ਪੁੱਜੇ ਕਲਾਕਾਰ ਸੰਤੋਸ਼ ਕੁਮਾਰ ਨੂੰ ‘ਐੱਸ. ਜੀ. ਠਾਕਰ ਸਿੰਘ ਮੈਮੋਰੀਅਲ’ ਅਤੇ ਹਿਸਾਰ ਤੋਂ ਆਏ ਕਲਾਕਾਰ ਰਾਜਕੁਮਾਰ ਨੂੰ ‘ਸ: ਧਰਮ ਸਿੰਘ ਇੰਜੀਨੀਅਰ ਮੈਮੋਰੀਅਲ’ ਐਵਾਰਡ ਦੇ ਕੇ ਸਨਮਾਨਿਤ ਕੀਤਾ।
ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਮੌਕੇ ਕਿਹਾ ਕਿ ਇਹ ਰਾਸ਼ਟਰੀ ਪ੍ਰਦਰਸ਼ਨੀ ਸੰਨ 1932 ਤੋਂ ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਈ ਜਾ ਰਹੀ ਹੈ। ਜਿਸ ਦੌਰਾਨ ਪ੍ਰਦਰਸ਼ਨੀਆਂ, ਵਰਕਸ਼ਾਪਾਂ, ਮੂਰਤੀ ਕਲਾਂ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾਂਦਾ ਹੈ। ਸ: ਛੀਨਾ ਨੇ ਕਿਹਾ ਕਿ ਦੇਸ਼ ਭਰ ਤੋਂ ੩੧੦ ਕਲਾਕਾਰਾਂ ਦੀਆਂ ਦਿਲ ਮੋਹਣ ਵਾਲੀਆਂ ਕਲਾਕ੍ਰਿਤੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ‘ਚੋਂ 22 ਉੱਘੇ ਕਲਾਕਾਰਾਂ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਹਰ ਸਾਲ ਉਹ ਕਲਾਕਾਰਾਂ ਤੋਂ ਉਨ੍ਹਾਂ ਦੀ ਕਲਾ ਦੇ ਨਮੂਨੇ ਮੰਗਵਾਉਂਦੇ ਹਨ, ਜਿਨ੍ਹਾਂ ਦੀ ਚੋਣ ਇਕ ਉੱਚ ਪੱਧਰੀ ਕਮੇਟੀ ਦੁਆਰਾ ਕਰਕੇ ਆਰਟ ਗੈਲਰੀ ਵਿਖੇ ਆਮ ਲੋਕਾਂ ਲਈ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਥੇ ਪਹੁੰਚ ਕੇ ਇਹ ਕਲਾਕ੍ਰਿਤੀਆਂ ਵੇਖਣ ਅਤੇ ਕਲਾਕਾਰਾਂ ਦੀ ਹੌਂਸਲਾ ਅਫ਼ਜਾਈ ਕਰਨ। ਇਸ ਮੌਕੇ ਸ: ਛੀਨਾ ਨੇ ਮੁੱਖ ਮਹਿਮਾਨ ਨਾਲ ਮਿਲਕੇ ਅੰਮ੍ਰਿਤਸਰ ਦੇ ਕਲਾਕਾਰਾਂ ਸੁਰਿੰਦਰ ਸਿੰਘ ਅਤੇ ਪਟਿਆਲਾ ਤੋਂ ਪਹੁੰਚੇ ਸ: ਬਲਰਾਜ ਸਿੰਘ ਸੈਣੀ ਜਿੰਦਗੀ ਭਰ ਕਲਾ ਪ੍ਰਤੀ ਸ਼ਾਨਦਾਰ ਸੇਵਾਵਾਂ ਨਿਭਾਉਣ ‘ਤੇ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਸ: ਛੀਨਾ ਨੇ ਗੈਲਰੀ ਦੇ ਅਹੁੱਦੇਦਾਰਾਂ ਜਿਨ੍ਹਾਂ ‘ਚ ਸ: ਮਹਿੰਦਰਜੀਤ ਸਿੰਘ ਚੇਅਰਮੈਨ ਆਰਟ ਗੈਲਰੀ, ਸ: ਅਰਵਿੰਦਰ ਸਿੰਘ ਚਮਕ ਵਿੱਤ ਸਕੱਤਰ, ਡਾ. ਪੀ. ਐਸ ਗਰੋਵਰ ਆਨਰੇਰੀ ਜਨਰਲ ਸਕੱਤਰ ਸ਼ਾਮਿਲ ਸਨ, ਨਾਲ ਮਿਲਕੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ।
Punjab Post Daily Online Newspaper & Print Media