
ਬਟਾਲਾ, 14 ਨਵੰਬਰ (ਨਰਿੰਦਰ ਬਰਨਾਲ) – ਜ਼ਿਲ੍ਹਾ ਟਰਾਂਸਪੋਰਟ ਅਫਸਰ ਗੁਰਦਾਸਪੁਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਪ੍ਰਿਸੀਪਲਾਂ ਅਤੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਕੂਲਾਂ ‘ਚ ਵਿਦਿਆਰਥੀਆਂ ਨੂੰ ਲਿਜਾਣ ਲਈ ਟਰਾਂਸਪੋਰਟ ਦੇ ਪੁਖਤਾ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਕੂਲਾਂ ਦੇ ਵਾਹਨ ਸਹੀ ਹਾਲਤ ‘ਚ ਹੋਣ ਅਤੇ ਉਹ ਮੋਟਰ ਵਹੀਕਲ ਨਿਯਮਾਂ ‘ਤੇ ਖਰੇ ਉਤਰਦੇ ਹੋਣ। ਸ. ਗਰੇਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਤੀ ਪੂਰੀ ਤਰਾਂ ਗੰਭੀਰ ਹੈ ਅਤੇ ਇਸ ਸਬੰਧੀ ਕੋਈ ਵੀ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ. ਗਰੇਵਾਲ ਨੇ ਕਿਹਾ ਕਿ ਹਰ ਸਕੂਲੀ ਵਾਹਨ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਅਤੇ ਵਾਹਨ ਦੇ ਪੂਰੇ ਕਾਗਜ਼ਾਤ ਤੇ ਡਰਾਇਵਰ ਕੋਲ ਲਾਇਸੰਸ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਬੱਚਿਆਂ ਨੂੰ ਬੱਸ ‘ਚੋਂ ਉਤਾਰਨ ਚੜ੍ਹਾਉਣ ਲਈ ਇੱਕ ਕੰਡਕਟਰ ਹੋਣਾ ਵੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਕੂਲੀ ਵਾਹਨ ‘ਚ ਲੋੜ ਤੋਂ ਵੱਧ ਬੱਚਿਆਂ ਨੂੰ ਬਿਠਾਇਆ ਗਿਆ ਤਾਂ ਅਜਿਹੀ ਸਕੂਲੀ ਬੱਸ ਦਾ ਤੁਰੰਤ ਚਲਾਨ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਕੂਲ ਪ੍ਰਿਸੀਪਲ ਤੇ ਪ੍ਰਬੰਧਕ ਵੀ ਬਰਾਬਰ ਦੇ ਜਿੰਮੇਵਾਰ ਹੋਣਗੇ।
ਡੀ.ਟੀ.ਓ. ਗੁਰਦਾਸਪੁਰ ਨੇ ਟਰੈਫਿਕ ਪੁਲਿਸ ਨੂੰ ਵੀ ਹਦਾਇਤ ਕੀਤੀ ਕਿ ਉਹ ਸਕੂਲੀ ਵਾਹਨਾਂ ‘ਤੇ ਖਾਸ ਨਜ਼ਰ ਰੱਖਣ ਅਤੇ ਜੇਕਰ ਕੋਈ ਵਾਹਨ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਦਾ ਹੈ ਤਾਂ ਉਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਪਿਕਨਕ ਜਾਂ ਕਿਸੇ ਖੇਡ ਮੁਕਾਬਲੇ ਵਿੱਚ ਲਿਜਾਣ ਲਈ ਵੀ ਬੱਸਾਂ ਆਦਿ ਦੀ ਹੀ ਵਰਤੋਂ ਕੀਤੀ ਜਾਵੇ ਅਤੇ ਭਾਰ ਢੋਣ ਵਾਲੇ ਟਰੱਕਾਂ ਜਾਂ ਹੋਰ ਵਪਾਰਕ ਵਾਹਨਾਂ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ। ਸ. ਗਰੇਵਾਲ ਨੇ ਸਮੂਹ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਬੱਚਿਆਂ ਦੀ ਸੁਰੱਖਿਆ ਹਰ ਹੀਲੇ ਯਕੀਨੀ ਬਣਾਉਣ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media