Friday, April 17, 2026

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਿੰਚਾਈ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ

ਭੂਮੀ ਰੱਖਿਆ ਵਿਭਾਗ ਨੇ ਲਾਇਆ ਕਿਸਾਨ ਜਾਗਰੂਕਤਾ ਕੈਂਪ

ਕਪੂਰਥਲਾ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਧਰਤੀ ਹੇਠਲਾ ਪਾਣੀ ਬਚਾਉਣ ਅਤੇ ਖੇਤੀ ਦੀ ਹੋਰ ਸਮੱਸਿਆਵਾਂ ਦੇ ਹੱਲ ਲਈ ਭੂਮੀ ਰੱਖਿਆ ਵਿਭਾਗ ਵਲੋਂ ਕੇ.ਵੀ.ਕੇ ਕਪੂਰਥਲਾ ਵਿਖੇ ਮੰਡਲ ਭੂਮੀ ਰੱਖਿਆ ਅਫਸਰ ਜਲ਼ੰਧਰ ਦਿਲਾਵਰ ਸਿੰਘ ਤੇ ਮਨਪ੍ਰੀਤ ਸਿੰਘ, ਉਪ ਮੰਡਲ ਭੂਮੀ ਰੱਖਿਆ ਅਫਸਰ ਵਲੋਂ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿਚ ਕਪੂਰਥਲਾ ਜਿਲੇ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।
                     ਪਾਣੀ ਦੀ ਬੱਚਤ ਲਈ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਸਿੰਘ ਉਪ ਮੰਡਲ ਅਫਸਰ ਨੇ ਦਸਿਆ ਕਿ ਕਿਸਾਨਾਂ ਦੇ ਖੇਤਾਂ ਵਿੱਚ ਸਬਜੀਆਂ ਦੀ ਫਸਲ, ਪਨੀਰੀਆਂ ਤਿਆਰ ਕਰਨ ਲਈ ਬਾਗ, ਮੱਕੀ, ਗੰਨੇ ਆਦਿ ਫਸਲਾਂ ਤੇ ਫੁਆਰਾ/ਡਰਿਪ ਸਿਸਟਮ ਰਾਂਹੀ ਸਿੰਚਾਈ ਲਈ ਕੰਮ ਕਰਵਾਇਆ ਜਾਂਦਾ ਹੈ।ਇਸ ਵਿਧੀ ਰਾਹੀ ਸਿੰਚਾਈ ਕਰਨ ਨਾਲ ਉਚੀਆਂ-ਨੀਵੀਆਂ ਜਮੀਨਾਂ, ਰੇਤਲੀਆਂ ਜ਼ਮੀਨਾਂ ਵਿਚ ਬਹੁਤ ਲਾਭ ਹੁੰਦਾ ਹੈ।ਉਨ੍ਹਾਂ ਕਿਹਾ ਕਿ ਇਸ ਸਿਸਟਮ ਨਾਲ ਜਮੀਨ ਹੇਠਲੇ ਪਾਣੀ ਦੀ 40% ਤੋ 60% ਤੱਕ ਅਤੇ ਖਾਦਾਂ ਦੀ ਬੱਚਤ ਹੁੰਦੀ ਹੈ।
                   ਦਿਲਾਵਰ ਸਿੰਘ ਨੇ ‘ਰੇਨ ਗੰਨ ਇਰੀਗੇਸ਼ਨ ਸਿਸਟਮ’ ਬਾਰੇ ਜਾਣਕਾਰੀ ਦਿੱਤੀ।ਜਿਸ ਤਹਿਤ ਖੇਤਾਂ ਵਿੱਚ ਮੀਂਹ ਵਾਂਗ ਪਾਣੀ ਪੈਂਦਾ ਹੈ।ਜ਼ਿਲਾ ਕਪੂਰਥਲਾ ਅੰਦਰ ਆਉਂਦੇ ਸਾਰੇ ਬਲਾਕਾਂ ਕਪੂਰਥਲਾ, ਸੁਲਤਾਨਪੁਰ ਲੋਧੀ, ਨਡਾਲਾ, ਅਤੇ ਫਗਵਾੜਾ ਦੇ ਕਿਸਾਨ ਇਸ ਦਾ ਲਾਭ ਲੈ ਸਕਦੇ ਹਨ।ਹਾਜ਼ਰ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਹਰ ਤਰਾਂ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ।
                 ਅਗਾਂਹਵਧੂ ਜ਼ਿਮੀਦਾਰ ਅਜੀਤ ਸਿੰਘ ਔਜਲਾ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਕੈਂਪ ਨੂੰ ਕੇ.ਵੀ.ਕੇ ਦੇ ਡਾ. ਗੋਬਿੰਦਰ ਸਿੰਘ ਤੇ ਡਿਪਟੀ ਡਾਇਰੈਕਟਰ ਕੇ.ਵੀ.ਕੇ ਡਾ. ਸਤਬੀਰ ਨੇ ਵੀ ਸੰਬੋਧਨ ਕੀਤਾ।ਭੂਮੀ ਰੱਖਿਆ ਅਫਸਰ ਕਪੂਰਥਲਾ ਸ਼ੁਸ਼ੀਲ ਕੁਮਾਰ ਅਤੇ ਖੇਤੀਬਾੜੀ ਉਪ ਨਿਰੀਖਕ ਕਾਬਲ ਸਿੰਘ, ਸਰਵੇਅਰ ਸੁਖਜਿੰਦਰ ਪਾਲ ਦਾ ਮਹੱਤਵਪੂਰਨ ਯੋਗਦਾਨ ਰਿਹਾ।ਕੈਂਪ ਵਿਚ ਸਿੰਚਾਈ ਨਾਲ ਸਬੰਧਤ ਲੱੱਗਣ ਵਾਲੇ ਸਮਾਨ ਦੀ ਪ੍ਰਦਰਸ਼ਨੀ ਵੀ ਮੌਕੇ ਤੇ ਲਗਾਈ ਗਈ।
ਇਸ ਮੌਕੇ ਅਮੋਲਕ ਸਿੰਘ ਖੁਖਰੈਣ, ਦਲਬੀਰ ਸਿੰਘ ਨਾਨਕਪੁਰ, ਪਰਮਜੀਤ ਸਿੰਘ ਭਗਤਪੁਰ, ਸਾਹਿਬ ਸਿੰਘ ਸੰਗੋਜਲਾ ਮੰਡ, ਗੁਰਮੇਲ ਸਿੰਘ ਧਾਲੀਵਾਲ ਬੇਟ, ਗੁਲਜ਼ਾਰ ਸਿੰਘ ਰਾਮਪੁਰ ਸੁੰਨੜਾ, ਪਰਮਜੀਤ ਸਿੰਘ ਸੰਧਰ ਜਗੀਰ ਆਦਿ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …