ਇੱਕ ਹਜ਼ਾਰ ਪ੍ਰਾਣੀਆਂ ਨੇ ਕੀਤਾ ਅੰਮ੍ਰਿਤਪਾਨ
ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੀ ਗਈ ‘ਘਰਿ ਘਰਿ ਅੰਦਰਿ ਧਰਮਸਾਲ’ ਲਹਿਰ ਤਹਿਤ ਮਾਝਾ ਜੋਨ ਦਾ ਵਿਸ਼ੇਸ਼ ਗੁਰਮਤਿ ਸਮਾਗਮ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਇਆ ਗਿਆ।ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਰੱਖੇ ਗਏ ਇਕ ਵਿਸ਼ੇਸ਼ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ ਇੱਕ ਹਜ਼ਾਰ ਦੇ ਲਗਭਗ ਸੰਗਤਾਂ ਨੇ ਅੰਮ੍ਰਿਤਪਾਨ ਕੀਤਾ। ਇਸ ਅੰਮ੍ਰਿਤ ਸੰਚਾਰ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ, ਗਿਆਨੀ ਬਲਜੀਤ ਸਿੰਘ ਨੇ ਵੀ ਪੰਜ ਪਿਆਰਿਆਂ ਵਿਚ ਸੇਵਾ ਨਿਭਾਈ। ਅੰਮ੍ਰਿਤ ਸੰਚਾਰ ਸਮਾਗਮ ਮਗਰੋਂ ਸਮੂਹ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੁੱਜੀਆਂ, ਜਿਥੇ ਮਾਤਾ ਸਾਹਿਬ ਕੌਰ ਜੀ ਨੂੰ ਸਮਰਪਿਤ ਸਜਾਏ ਗਏ ਗੁਰਮਤਿ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।ਬੀਬੀ ਜਗੀਰ ਕੌਰ ਨੇ ਆਪਣੇ ਸੰਬੋਧਨ ਦੌਰਾਨ ਅੰਮ੍ਰਿਤਪਾਨ ਕਰਨ ਵਾਲੀਆਂ ਸੰਗਤਾਂ ਨੂੰ ਵਧਾਈ ਦਿੱਤੀ, ਉਥੇ ਹੀ ਧਰਮ ਪ੍ਰਚਾਰ ਲਹਿਰ ਤਹਿਤ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਸਮਾਗਮ ਕਰਨ ਲਈ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਦੀ ਸ਼ਲਾਘਾ ਕੀਤੀ।ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਨੂੰ ਪੂਰੇ ਪੰਜਾਬ ਅੰਦਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹਰ ਜੋਨ ਦਾ ਮੁੱਖ ਸਮਾਗਮ ਅਗਲੇ ਦਿਨਾਂ ਵਿਚ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਮਾਝਾ ਜੋਨ ਦਾ ਅੱਜ ਦਾ ਸਮਾਗਮ ਮਾਤਾ ਸਾਹਿਬ ਕੌਰ ਨੂੰ ਸਮਰਪਿਤ ਕੀਤਾ ਗਿਆ ਸੀ, ਕਿਉਂਕਿ ਅੱਜ ਉਨ੍ਹਾਂ ਦਾ ਜਨਮ ਦਿਹਾੜਾ ਸੀ।ਬੀਬੀ ਜਗੀਰ ਕੌਰ ਨੇ ਇਸ ਮੌਕੇ ਪੰਜ ਪਿਆਰੇ ਸਾਹਿਬਾਨ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ ਸਿਰੋਪਾਓ ਵੀ ਦਿੱਤੇ।
ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਡੋਗਰਾਂਵਾਲਾ, ਗਿਆਨੀ ਮਲਕੀਤ ਸਿੰਘ, ਗਿਆਨੀ ਪ੍ਰੇਮ ਸਿੰਘ, ਮੀਤ ਸਕੱਤਰ ਸਿਮਰਜੀਤ ਸਿੰਘ, ਓ.ਐਸ.ਡੀ ਡਾ. ਅਮਰੀਕ ਸਿੰਘ ਲਤੀਫਪੁਰ, ਮਲਕੀਤ ਸਿੰਘ ਬਹਿੜਵਾਲ ਆਦਿ ਮੌਜ਼ੂਦ ਸਨ।