Saturday, July 27, 2024

ਬੰਦੀ ਸਿੱਖ ਨੌਜੁਆਨਾਂ ਦੀ ਰਿਹਾਈ ਲਈ ਭਾਰਤ ਸਰਕਾਰ ’ਤੇ ਕੌਮੀ ਪੱਧਰ ਦੇ ਦਬਾਅ ਦੀ ਜ਼ਰੂਰਤ- ਜਥੇਦਾਰ ਗਿ. ਹਰਪ੍ਰੀਤ ਸਿੰਘ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਦੇ ਇਸ ਮਹਾਨ ਦਿਹਾੜੇ ’ਤੇ ਸਾਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਸੀ ਕੈਦੀਆਂ ਨੂੰ ਰਿਹਾਅ ਕਰਵਾ ਕੇ ਬਖ਼ਸ਼ੇ ਬੰਦੀ ਛੋੜ ਸਿਧਾਂਤ ਤੋਂ ਸੇਧ ਲੈਣ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਅੱਜ ਸਾਡੇ ਸਿੱਖ ਨੌਜੁਆਨ ਜਿਹੜੇ ਲੰਮੇ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜ਼ੇਲ੍ਹਾਂ ਵਿਚ ਬੰਦ ਹਨ ਅਤੇ ਅਦਾਲਤਾਂ ਵੱਲੋਂ ਨਿਰਧਾਰਤ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਪਰ ਭਾਰਤ ਸਰਕਾਰ ਉਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀ।
                    ਸਿੱਖ ਕੌਮ ਦੀਆਂ ਕੌਮੀ ਸੰਸਥਾਵਾਂ ਨੂੰ ਸੰਜੀਦਾ ਹੋ ਕੇ ਬੰਦੀ ਸਿੱਖ ਨੌਜੁਆਨਾਂ ਦੀ ਰਿਹਾਈ ਲਈ ਭਾਰਤ ਸਰਕਾਰ ’ਤੇ ਕੌਮੀ ਪੱਧਰ ਦਾ ਦਬਾਅ ਬਨਾਉਣ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਅੱਜ ਕੁਝ ਲੋਕ ਜ਼ਬਰਦਸਤੀ ਲਾਲਚ ਜਾਂ ਗੁੰਮਰਾਹ ਕਰਕੇ ਲੋਕਾਂ ਦਾ ਧਰਮ ਪਰਵਰਤਨ ਕਰਵਾ ਰਹੇ ਹਨ, ਜਿਸ ਲਈ ਕੌਮ ਨੂੰ ਸਾਵਧਾਨ ਹੋਣ ਦੀ ਲੋੜ ਹੈ।ਇਸ ਕਾਰਜ਼ ਲਈ ਸਿੱਖ ਸੰਸਥਾਵਾਂ ਅਜਿਹੇ ਪ੍ਰੋਗਰਾਮ ਉਲੀਕਣ ਜਿਨ੍ਹਾਂ ਸਦਕਾ ਸਮੁੱਚਾ ਸਿੱਖ ਸਮਾਜ ਗੁਰਬਤ, ਅਨਪੜ੍ਹਤਾ, ਬਿਮਾਰੀ ਅਤੇ ਲਾਚਾਰੀ ਤੋਂ ਬੰਦੀ ਮੁਕਤ ਹੋ ਸਕੇ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਲੋਕ ਆਰਥਿਕ ਤੇ ਮਾਨਸਿਕ ਤੌਰ ’ਤੇ ਪੀੜਤ ਹੋਏ ਹਨ, ਹੁਣ ਮਾਹੌਲ ਠੀਕ ਹੋਣ ਸਮੇਂ ਇਸ ਤਰਾਸਦੀ ਤੋਂ ਉਭਰਣ ਲਈ ਇਕ ਸਿੱਖ ਦਾ ਦੂਜੇ ਸਿੱਖ ਨਾਲ ਸਹਿਯੋਗ ਕਰਨਾ ਅਤਿ ਲਾਜ਼ਮੀ ਹੈ।
                ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਜਾਤ-ਪਾਤ, ਵਰਣ-ਵੰਡ ਦੀਆਂ ਮਾਨਤਾਵਾਂ ਨੂੰ ਖ਼ਤਮ ਕਰਕੇ ਸੰਸਾਰ ਭਰ ਵਿਚ ਸਭਨਾਂ ਲਈ ਸਮਝਦਾਰੀ ਅਤੇ ਵਿਕਾਸ ਵਿਸਥਾਰ ਦਾ ਨਵਾਂ ਦੌਰ ਲਿਆਉਣ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ।ਸੰਸਾਰ ਵਿਚ ਸਿੱਖਾਂ ਸਮੇਤ ਸਮੂਹ ਘਟਗਿਣਤੀ ਕੌਮਾਂ, ਪੱਛੜੇ ਵਰਗਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਜ਼ਿੰਦਗੀ ਸੁਖਦ ਬਨਾਉਣ ਲਈ ਸਸਤੀ ਤੇ ਚੰਗੀ ਵਿੱਦਿਆ, ਸਿਹਤ ਸੇਵਾਵਾਂ, ਨਿਆਂ, ਰੁਜ਼ਗਾਰ ਦੇ ਮੌਕੇ ਦੇਣ ਦੇ ਨਾਲ-ਨਾਲ ਨਫ਼ਰਤ ਭਰੀ ਵਿਤਕਰੇਬਾਜ਼ੀ ਬੰਦ ਹੋਵੇ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਰਗੀਆਂ ਘਟਨਾਵਾਂ ਨੇ ਅਨਿਆਂ ਅਤੇ ਕੁਸ਼ਾਸਨ ਦੀਆਂ ਹੱਦਾਂ ਪਾਰ ਕੀਤੀਆਂ, ਜਿਨ੍ਹਾਂ ਨੂੰ ਸੁਧਾਰਨ ਸਰਕਾਰ ਅਤੇ ਦੇਸ਼ ਲਈ ਅਤਿ ਜ਼ਰੂਰੀ ਮੁੱਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਛੋੜ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਵਧਾਈ ਵੀ ਦਿੱਤੀ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …