ਅੰਮ੍ਰਿਤਸਰ, 5 ਨਵੰਬਰ (ਖੁਰਮਣੀਆਂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਟੀਮ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੀ ਟੀਮ ਨੂੰ ਹਰਾਉਦੇ ਹੋਏ ਮੇਜ਼ਬਾਨ ਖ਼ਾਲਸਾ ਕਾਲਜ ਦੀਵਾਲੀ ਟੂਰਨਾਮੈਂਟ ਦੀ ਟਰਾਫ਼ੀ ’ਤੇ ਆਪਣਾ ਕਬਜ਼ਾ ਜਮਾਇਆ।ਕਾਲਜ ਦੇ ਮੈਦਾਨ ’ਚ ਖੇਡੇ ਗਏ ਰੌਚਕ ਫਾਈਨਲ ਮੁਕਾਬਲੇ ’ਚ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੀ ਟੀਮ ਨੂੰ 1-0 ਦੇ ਫ਼ਰਕ ਨਾਲ ਸ਼ਿਕਸਤ ਦਿੱਤੀ।ਜਦਕਿ ਜੰਮੂ-11 ਦੀ ਟੀਮ ਤੀਸਰੇ ਸਥਾਨ ’ਤੇ ਰਹੀ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਟਰਾਫੀ ਅਤੇ ਇਨਾਮ ਵੰਡਣ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਸ ਟੂਰਨਾਮੈਂਟ ਦਾ ਆਯੋਜਨ ਹੋਰ ਵੱਡੇ ਪੱਧਰ ’ਤੇ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਪ੍ਰਸਿੱਧ ਟੂਰਨਾਮੈਂਟ ਦੇਸ਼ ਦੀ ਵੰਡ ਤੋਂ ਪਹਿਲਾਂ ਤੋਂ ਕਰਵਾਇਆ ਜਾਂਦਾ ਰਿਹਾ ਹੈ, ਜਿਸ ’ਚ ਪਾਕਿਸਤਾਨ ਦੀਆਂ ਟੀਮਾਂ ਵੀ ਭਾਗ ਲੈਂਦੀਆਂ ਰਹੀਆਂ ਹਨ।ਉਨ੍ਹਾਂ ਐਲਾਨ ਕੀਤਾ ਕਿ ਅਸੀਂ ਇਸ ਟੂਰਨਾਮੈਂਟ ਨੂੰ ਵੱਡੇ ਪੱਧਰ ’ਤੇ ਆਯੋਜਿਤ ਕਰਨਾ ਚਾਹੁੰਦੇ ਹਾਂ ਤਾਂ ਕਿ ਵੱਧ ਤੋਂ ਵੱਧ ਟੀਮਾਂ ਇਸ ’ਚ ਭਾਗ ਲੈਣ।
ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥੀਆਂ ’ਚ ਚੰਗੇ ਖਿਡਾਰੀਆਂ ਵਾਲੀ ਭਾਵਨਾ ਪੈਦਾ ਕਰਦੇ ਹਨ ਅਤੇ ਇਹ ਟੂਰਨਾਮੈਂਟ ਹਰ ਸਾਲ ਕਰਵਾਇਆ ਜਾਣਾ ਚਾਹੀਦਾ ਹੈ।ਛੀਨਾ ਨੇ ਸਟਾਫ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜ ਸੰਸਥਾਵਾਂ ਦੇਸ਼ ਨੂੰ ਵੱਖ-ਵੱਖ ਖੇਡਾਂ ਦੀਆਂ ਸਰਵੋਤਮ ਪ੍ਰਤੀਭਾਵਾਂ ਪ੍ਰਦਾਨ ਕਰਨ ’ਚ ਹਮੇਸ਼ਾਂ ਮੋਹਰੀ ਰਹੀਆਂ ਹਨ।ਉਨ੍ਹਾਂ ਕਿਹਾ ਕਿ ਮੈਨੇਜਮੈਂਟ ਕੌਂਸਲ ਅਧੀਨ ਆਉਦੇ ਆਪਣੇ ਅਦਾਰਿਆਂ ਦੇ ਖਿਡਾਰੀਆਂ ਨੂੰ ਖੇਡਾਂ ’ਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਹਰ ਪ੍ਰਕਾਰ ਦੇ ਮੌਕੇ ਪ੍ਰਦਾਨ ਕਰਨ ਲਈ ਉਤਸੁਕ ਹੈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਨੇ ਖੇਡ ਮੁਕਾਬਲਿਆਂ ਨੂੰ ਸਫਲਤਾਪੂਰਵਕ ਸੰਪਨ ਕਰਵਾਉਣ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ।
ਡਾ. ਮਹਿਲ ਸਿੰਘ ਨੇ ਕਾਲਜ ਵਲੋਂ ਖੇਡਾਂ ਦੇ ਖੇਤਰ ’ਚ ਹਾਸਲ ਕੀਤੀਆਂ ਉਪਲੱਬਧੀਆਂ ਦੀ ਸਲਾਨਾ ਰਿਪੋਰਟ ਪੜ੍ਹੀ ਅਤੇ ਹਾਜ਼ਰ ਸਮੂਹ ਖ਼ਾਲਸਾ ਸੰਸਥਾਵਾਂ ਦੇ ਪ੍ਰਿੰਸੀਪਲ ਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ।ਕਾਲਜ ਦੇ ਖੇਡਾਂ ਦੇ ਇੰਚਾਰਜ਼ ਦਲਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਮੱਦੇਨਜਰ ਜਦਕਿ ਨੌਜਵਾਨ ਪੀੜੀ ਗੈਰ-ਖੇਡ ਗਤੀਵਿਧੀਆਂ ’ਚ ਲਿਪਤ ਹੋ ਰਹੀ ਹੈ, ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੀ ਬਹੁਤ ਜਿਆਦਾ ਲੋੜ ਹੈ।
ਇਸ ਮੌਕੇ ਖ਼ਾਲਸਾ ਕਾਲਜ ਫ਼ਿਜੀਕਲ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਸੁਰਿੰਦਰ ਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਕਮਲਜੀਤ ਕੌਰ, ਪ੍ਰੋ: ਸੁਖਮਨ ਬੇਦੀ, ਨਵੀਨ ਬਾਵਾ, ਦਵਿੰਦਰ ਸਿੰਘ, ਡਾ: ਆਤਮ ਸਿੰਘ ਰੰਧਾਵਾ, ਡਾ: ਪਰਮਿੰਦਰ ਸਿੰਘ ਅਤੇ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਵੀ ਮੌਜ਼ਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …