ਰਾਸ਼ਟਰੀ ਬਿਹਾਰ ਵਿਕਾਸ ਮੰਚ ਤੇ ਉਤਰ ਪ੍ਰਦੇਸ਼ ਕਲਿਆਨ ਪ੍ਰੀਸ਼ਦ ਦੇ ਸਮਾਗਮਾਂ ਚ ਕੀਤੀ ਸ਼ਮੂਲੀਅਤ
ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੋਕਲ ਪੁਆਇੰਟ ਮਹਿਤਾ ਰੋਡ ਵਿਖੇ ਰਾਸ਼ਟਰੀ ਬਿਹਾਰ ਵਿਕਾਸ ਮੰਚ ਅਤੇ ਉਤਰ ਪ੍ਰਦੇਸ਼ ਕਲਿਆਣ ਪ੍ਰੀਸ਼ਦ ਵੱਲੋਂ ਭਗਵਾਨ ਵਿਸ਼ਵਕਰਮਾ ਮਹਾਰਾਜ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ।ਦੋਵੇਂ ਸਮਾਗਮਾਂ ਵਿੱਚ ਸ਼ਾਮਲ ਹੁੰਦਿਆਂ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਮੁੱਖ ਮਹਿਮਾਨ ਨੇ ਭਗਵਾਨ ਵਿਸ਼ਵਕਰਮਾ ਦਿਵਸ ਮੌਕੇ ਕਿਰਤੀ ਵਰਗ ਨੂੰ ਵਧਾਈ ਦਿੱਤੀ।
ਰਾਸ਼ਟਰੀ ਬਿਹਾਰ ਵਿਕਾਸ ਮੰਚ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਪੂਰੇ ਬ੍ਰਹਿਮੰਡ ਦੇ ਸ਼ਿਲਪਕਾਰ ਹੋਏ ਹਨ।ਦੇਸ਼ ਦੀ ਤਰੱਕੀ ਤੇ ਉਦਯੋਗਿਕ ਕ੍ਰਾਂਤੀ ਵਿੱਚ ਵਿਸ਼ਵਕਰਮਾ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ।ਕਿਰਤੀ ਵਰਗ ਦੀ ਭਲਾਈ ਲਈ ਸਰਕਾਰ ਵੱਲੋਂ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ।ਉਨਾਂ ਨੇ ਰਾਸ਼ਟਰੀ ਬਿਹਾਰ ਵਿਕਾਸ ਮੰਚ ਨੂੰ ਮਜ਼ਦੂਰਾਂ ਵਾਸਤੇ ਰੈਨ ਬਸੇਰਾ ਬਣਾਉਨ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਤੋ ਬਾਅਦ ਉਪ ਮੁੱਖ ਮੰਤਰੀ ਪੰਜਾਬ ਸੋਨੀ ਫੋਕਲ ਪੁਆਇੰਟ ਵਿਖੇ ਹੀ ਉਤਰ ਪ੍ਰਦੇਸ਼ ਕਲਿਆਨ ਪ੍ਰੀਸ਼ਦ ਵਲੋਂ ਭਗਵਾਨ ਵਿਸ਼ਵਕਰਮਾ ਜੀ ਦੀ ਯਾਦ ਵਿਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਹੈ ਅਤੇ ਅੱਜ ਭਗਵਾਨ ਵਿਸ਼ਵਕਰਮਾ ਜੀ ਦਾ ਜਨਮ ਦਿਨ ਅਤੇ ਗੋਵਰਧਨ ਪੂਜਾ ਵੀ ਹੈ।ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਸਾਰੇ ਕਿਰਤੀ ਭਾਈਚਾਰੇ ਨੂੰ ਦਿਵਾਲੀ ਦਾ ਤੋਹਫਾ ਦਿੰਦਿਆਂ 3100-3100 ਰੁਪਏ ਦਿੱਤੇ ਹਨ।ਕਾਂਗਰਸ ਸਰਕਾਰ ਨੇ ਹੁਣ ਬਸੇਰਾ ਸਕੀਮ ਤਹਿਤ ਝੋਗੀ ਝੋਪੜੀ ਵਾਲਿਆਂ ਨੂੰ ਪਲਾਟ ਦੇ ਕੇ ਉਸ ਦੇ ਮਾਲਕਾਨਾ ਹੱਕ ਵੀ ਦਿੱਤੇ ਹਨ।ਸਰਕਾਰ ਨੇ 2 ਕਿਲੋਵਾਟ ਤੱਕ ਬਿਜਲੀ ਦੇ ਸਾਰੇ ਬਕਾਏ ਮਾਫ ਕਰ ਦਿੱਤੇ ਹਨ ਅਤੇ ਬਿਜਲੀ ਵੀ 3 ਰੁਪਏ ਯੂਨਿਟ ਸਸਤੀ ਕਰ ਦਿੱਤੀ ਹੈ।ਸੋਨੀ ਨੇ ਕਿਹਾ ਕਿ ਜਿਹੜੇ ਪ੍ਰਵਾਸੀ ਪੰਜਾਬ ਵਿੱਚ ਆ ਕੇ ਵੱਸੇ ਹਨ ਨੂੰ ਵੀ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਉਹ ਭਾਵੇਂ ਸਸਤਾ ਰਾਸ਼ਨ ਹੋਵੇ, ਸਰਬਤ ਸਿਹਤ ਬੀਮਾ ਯੋਜਨਾ ਦਾ ਕਾਰਡ, ਅਸ਼ੀਰਵਾਦ ਸਕੀਮ ਆਦਿ।ਉਨਾਂ੍ਹ ਕਿਹਾ ਕਿ ਸਰਕਾਰ ਨੇ ਬੁਢਾਪਾ ਪੈਨਸ਼ਨ ਅਤੇ ਅਸ਼ੀਰਵਾਦ ਸਕੀਮ ਦੀ ਰਾਸ਼ੀ ਨੂੰ ਵੀ ਦੋਗੁਣਾ ਕਰ ਦਿੱਤਾ ਹੈ।ਸੋਨੀ ਨੇ ਉਤਰ ਪ੍ਰਦੇਸ਼ ਕਲਿਆਣ ਪ੍ਰੀਸ਼ਦ ਦੀ ਸਹਾਇਤਾ ਨਾਲ ਦਿਵਿਆਂਗ ਵਿਅਕਤੀਆਂ ਨੂੰ ਵੈਸਾਖੀਆਂ ਅਤੇ ਟਰਾਈ ਸਾਇਕਲ ਵੀ ਭੇਂਟ ਕੀਤੇ।ਰਾਸ਼ਟਰੀ ਬਿਹਾਰ ਵਿਕਾਸ ਮੰਚ ਅਤੇ ਉਤਰ ਪ੍ਰਦੇਸ ਕਲਿਆਨ ਪ੍ਰੀਸ਼ਦ ਵੱਲੋਂ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਗੁਰਜੀਤ ਸਿੰਘ ਔਜਲਾ ਸੰਸਦ ਮੈਬਰ, ਸੁਨੀਲ ਦੱਤੀ ਹਲਕਾ ਵਿਧਾਇਕ ਉਤਰੀ, ਜੁਗਲ ਕਿਸ਼ੋਰ ਸ਼ਰਮਾ ਸਾਬਕਾ ਵਿਧਾਇਕ, ਅਸਵਨੀ ਪੱਪੂ, ਅਰਜੁਨ ਯਾਦਵ, ਸੰਜੇ ਪਾਂਡੇ, ਕਮਲ ਯਾਦਵ, ਮੈਡਮ ਕਮਲਾ, ਉਤਰ ਪ੍ਰਦੇਸ਼ ਕਲਿਆਨ ਪ੍ਰੀਸ਼ਦ ਦੇ ਸੁਗਰੀਵ ਸਿੰਘ, ਚੇਅਰਮੈਨ ਰਾਮ ਮਾਸਟਰ, ਦਲੀਪ, ਉਪ ਪ੍ਰਧਾਨ ਧਰਮਿੰਦਰ ਸਿੰਘ, ਰਾਮ ਮੋਹਨ ਗੋਸਵਾਮੀ, ਸੰਤੋਸ਼ ਗਾਂਧੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਰਤੀ ਵਰਗ ਹਾਜ਼ਰ ਸਨ।