
ਅੰਮ੍ਰਿਤਸਰ, 15 ਨਵੰਬਰ (ਗੁਰਪ੍ਰੀਤ ਸਿੰਘ) – ਸਾਊਥ ਕੈਰੋਲਾਈਨਾ (ਅਮਰੀਕਾ) ਦੀ ਗਵਰਨਰ ਮਿਸਿਜ਼ ਨਿਕੀ ਹੈਲੇ ਰੰਧਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਈ। ਮਿਸਿਜ਼ ਹੈਲੇ ਨਾਲ ਉਨ੍ਹਾਂ ਦੇ ਪਤੀ ਮਿਸਟਰ ਮਾਈਕਲ ਹੈਲੇ, ਮਿਸਿਜ਼ ਕੈਥਰੀਨਾ ਵੈਲਡਰਨ, ਮਿਸਟਰ ਰੋਬ ਗੋਡ ਫਰੇ, ਮਿਸਿਜ਼ ਭਾਵਨਾ ਵਾਸੂਦੇਵਾ ਕਲਚਰਲ ਹੈਡ, ਮਿਸਟਰ ਸਿਡਨੀ ਰੇਨਵੈਫਰ ਸੀਨੀਅਰ ਅਧਿਕਾਰੀ, ਮਿਸਟਰ ਬਰਿਜੈਟ ਵਾਇਨੈਟ ਤੇ ਉਨ੍ਹਾਂ ਦੀ ਨਿਜੀ ਸਹਾਇਕ ਮਿਸਿਜ਼ ਜੈਰੀਮੀ ਵੇਜ਼, ਸ. ਕੇ.ਜੇ.ਐਸ ਚੀਮਾ ਪ੍ਰਿੰਸੀਪਲ ਸੱਕਤਰ, ਮੁੱਖ ਮੰਤਰੀ ਪੰਜਾਬ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਮਿਸਿਜ਼ ਨਿਕੀ ਹੈਲੇ ਨੇ ਬੜੀ ਸ਼ਰਧਾ-ਭਾਵਨਾ ਨਾਲ ਅਰਦਾਸ ਤੇ ਹੁਕਮਨਾਮਾ ਸੁਣਿਆਂ। ਪਰਿਕਰਮਾ ਕਰਦੇ ਸਮੇਂ ਮੁੱਖ ਸੂਚਨਾ ਅਧਿਕਾਰੀ ਸ੍ਰ: ਗੁਰਬਚਨ ਸਿੰਘ ਤੋਂ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਹੋਏ ਹਮਲੇ ਦੀ ਦਾਸਤਾਨ ਸੁਣਦਿਆਂ ਉਹ ਭਾਵਕ ਹੋ ਉੱਠੇ ਅਤੇ ਉਨ੍ਹਾਂ ਦੀਆਂ ਅੱਖਾਂ ‘ਚ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸੁਣਦਿਆਂ ਅੱਥਰੂ ਵਹਿ ਤੁਰੇ। ਉਹ ਸੂਚਨਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਵਾਰ ਫੇਰ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਮੈਂ ਪਹਿਲੀ ਵਾਰੀ ਚੌਣ ਨਹੀਂ ਸੀ ਜਿੱਤ ਸਕੀ, ਪਰ ਦੁਬਾਰਾ ਚੌਣ ਲੜ ਕੇ ਗਵਰਨਰ ਬਨਣ ਤੇ ਮੈਂ ਇਸ ਮੁਕੱਦਸ ਅਸਥਾਨ ਤੇ ਸੀਸ ਨਿਵਾਉਣ ਅਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਲਈ ਆਈ ਹਾਂ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਪਵਿੱਤਰ ਅਸਥਾਨ ਰੂਹਾਨੀਅਤ ਦਾ ਕੇਂਦਰ ਹੈ। ਏਥੇ ਆ ਕੇ ਗੁਰਬਾਣੀ ਜੱਸ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਸੂਚਨਾ ਕੇਂਦਰ ਵਿਖੇ ਵਿਜ਼ਿਟਰ ਬੁੱਕ ਤੇ ਲਿਖਿਆ ਕਿ ਉਨ੍ਹਾਂ ਨੂੰ ਏਥੇ ਆ ਕੇ ਅਧਿਆਤਮਕ ਤੇ ਭਾਵਕ ਤਜਰਬਾ ਹੋਇਆ ਹੈ।
ਸ਼ੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਮਿਸਿਜ਼ ਨਿਕੀ ਹੈਲੇ ਨੂੰ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰ: ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ੍ਰ: ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਪ੍ਰਤਾਪ ਸਿੰਘ ਮੈਨੇਜਰ, ਸ੍ਰ: ਗੁਰਬਚਨ ਸਿੰਘ ਮੁੱਖ ਸੂਚਨਾ ਅਧਿਕਾਰੀ ਅਤੇ ਸ੍ਰ: ਜਸਵਿੰਦਰ ਸਿੰਘ ਸੂਚਨਾ ਅਧਿਕਾਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰ: ਲਖਬੀਰ ਸਿੰਘ ਮੀਤ ਮੈਨੇਜਰ ਅਤੇ ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media