ਸਮਾਗਮ ‘ਚ ਸ: ਛੀਨਾ ਨੇ ਵਿੱਦਿਆ ਦੇ ਨਾਲ ਸਮਾਜ ਸੇਵਾ ‘ਚ ਨਿਪੁੰਨਤਾ ਲਈ ਵਿਦਿਆਰਥੀਆਂ ਨੂੰ ਕੀਤਾ ਉਤਸ਼ਾਹਿਤ
ਅੰਮ੍ਰਿਤਸਰ, 15 ਨਵੰਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ਵਿੱਦਿਅਕ ਸੈਸ਼ਨ ਦੇ ਆਰੰਭ ਹੋਣ ਦੀ ਖੁਸ਼ੀ ‘ਚ ਅਕਾਲ ਪੁਰਖ ਤੋਂ ਬੇਅੰਤ ਅਸੀਸਾਂ ਲੈਣ ਲਈ ‘ਆਰੰਭਿਕ ਅਰਦਾਸ ਦਿਵਸ’ ਮਨਾਇਆ ਗਿਆ। ਇਸ ਮੌਕੇ ‘ਤੇ ਕਾਲਜ ‘ਚ 4 ਨਵੰਬਰ ਤੋਂ ਆਰੰਭ ਹੋਏ ਸ੍ਰੀ ਸਹਿਜ ਪਾਠ ਦੇ ਭੋਗ ਅੱਜ ਪੈਣ ਉਪਰੰਤ ਵਿਦਿਆਰਥਣਾਂ ਅਤੇ ਸਟਾਫ਼ ਦੁਆਰਾ ਸ਼ਬਦ ਕੀਰਤਨ ਗਾਇਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਵਾਉਣ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਿੱਦਿਆ ਦੇ ਖ਼ੇਤਰ ‘ਚ ਭ੍ਰਿਸ਼ਟਾਚਾਰ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਅਜਿਹੇ ਸਕੂਲ, ਕਾਲਜ ਹਨ ਜਿੱਥੇ ਸਿਰਫ਼ ਪ੍ਰਬੰਧਕਾਂ ਨੂੰ ਬੇਸ਼ੁਮਾਰ ਗਿਣਤੀ ‘ਚ ਲੜਕੇ-ਲੜਕੀਆਂ ਕੋਲੋਂ ਵੱਡੀਆਂ-ਵੱਡੀਆਂ ਰਕਮਾਂ ਲੈ ਕੇ ਦਾਖਲੇ ਕਰ ਲਏ ਜਾਂਦੇ ਹਨ ਅਤੇ ਪ੍ਰੀਖਿਆ ‘ਚ ਅੰਕਾਂ ਦੀ ਗਿਣਤੀ ਜਿਆਦਾ ਪਰ ਵਿੱਦਿਅਕ ਤੇ ਲਿਆਕਤ ਪੱਖੋਂ ਕਮਜ਼ੋਰ ਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਆਫ਼ ਨਰਸਿੰਗ ਜਿੱਥੇ ਸ਼ਹਿਰੋਂ ਬਾਹਰ ਤੋਂ ਆਉਂਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਬਲੀਅਤ ‘ਤੇ ਚੋਣ ਕਰਦੀ ਹੈ, ਉਥੇ ਇਹ ਸਰਹੱਦੀ ਖ਼ੇਤਰ ਦੇ ਵਿਦਿਆਰਥੀਆਂ ਦੀਆਂ ਹਰੇਕ ਸਹੂਲਤਾਂ ਦੀ ਧਿਆਨ ਰੱਖਦੀ ਹੈ।
ਸ: ਛੀਨਾ ਨੇ ਇਕ ਮੌਕੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਕਿੱਤੇ ਪ੍ਰਤੀ ਸਮਾਜ ਦੀ ਸੇਵਾ ਦੀ ਭਾਵਨਾ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਡਾਕਟਰ ਮਰੀਜ ਦਾ ਇਲਾਜ ਕਰਕੇ ਆਪਣਾ ਫ਼ਰਜ ਪੂਰਾ ਕਰਦਾ ਹੈ, ਉਥੇ ਮਰੀਜਾਂ ਦੀ ਦੇਖਭਾਲ ਤੇ ਉਨ੍ਹਾਂ ਦੀ ਤੰਦਰੁਸਤੀ ‘ਚ ਉਨ੍ਹਾਂ ਦਾ ਵੱਡਾ ਸਹਿਯੋਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਅਧੀਨ ਚਲ ਰਹੀਆਂ ਵਿੱਦਿਅਕ ਸੰਸਥਾਵਾਂ ਦੀ ਪ੍ਰੰਪਰਾ ਮੁਤਾਬਕ ਹਰੇਕ ਅਦਾਰੇ ‘ਚ ਕਾਲਜ, ਸਕੂਲ ਅਤੇ ਵਿਦਿਆਰਥੀਆਂ ਦੀ ਉੱਨਤੀ ਅਤੇ ਚੜ੍ਹਦੀ ਕਲਾ ਲਈ ‘ਆਰੰਭਿਕ ਅਰਦਾਸ ਦਿਵਸ’ ਕਰਵਾਏ ਜਾਂਦੇ ਹਨ ਤਾਂ ਕਿ ਵਿਦਿਆਰਥੀ ਰਵਾਇਤੀ ਵਿੱਦਿਆ ਤੋਂ ਇਲਾਵਾ ਧਾਰਮਿਕ ਪੜ੍ਹਾਈ ਨਾਲ ਵੀ ਜੁੜ ਸਕੇ।
ਕਾਲਜ ਪ੍ਰਿੰਸੀਪਲ ਡਾ. ਨੀਲਮ ਹੰਸ ਨੇ ਮੁੱਖ ਅਤੇ ਹੋਰ ਮਹਿਮਾਨਾਂ ਦਾ ਕਾਲਜ ਦੇ ਵਿਹੜੇ ‘ਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਕੀਰਤਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸ: ਛੀਨਾ ਨੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਤੋਂ ਇਲਾਵਾ ਮੈਡਮ ਸੁਧਾ, ਜਸਪ੍ਰੀਤ ਸਿੰਘ, ਪ੍ਰੋ: ਮੋਨਿਕਾ ਸਮੇਤ ਅਧਿਆਪਕ ਸਟਾਫ਼ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਮੌਜ਼ੂਦ ਸਨ।