ਅੰਮ੍ਰਿਤਸਰ ਜ਼ਿਲੇ ਦੇ ਕਾਲਜਾਂ ਦੀਆਂ ਟੀਮਾਂ ਲੈਣਗੀਆਂ ਹਿੱਸਾ
ਅੰਮ੍ਰਿਤਸਰ, 27 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਜੋਸ਼ ਅਤੇ ਢੋਲ ਦੀ ਥਾਪ `ਤੇ ਨੱਚਦਾ `ਏ` ਜ਼ੋਨ ਜ਼ੋਨਲ ਯੁਵਕ ਮੇਲਾ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸ਼ੁਰੂ ਹੋ ਗਿਆ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ‘ਏ ਜੋਨ’ ਦੇ ਯੁਵਕ ਮੇਲੇ ਵਿਚ ਵੱਖ-ਵੱਖ ਕਾਲਜਾਂ ਦੇ ਕਲਾਕਾਰ ਵਿਦਿਆਰਥੀ 36 ਤੋਂ ਵੱਧ ਵੱਖ-ਵੱਖ ਆਈਟਮਾਂ ਵਿਚ ਆਪਣੀ ਕਲਾ ਦੇ ਜ਼ੋਹਰ ਵਿਖਾਉਣਗੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਪ੍ਰੋ. ਬੀ.ਐਸ ਚੱਢਾ ਨੇ ਯੁਵਕ ਮੇਲਿਆਂ ਦੀ ਵਿਦਿਆਰਥੀ ਜੀਵਨ ਵਿਚ ਭੂਮਿਕਾ ਬਾਰੇ ਦੱਸਦਿਆਂ ਕਿਹਾ ਕਿ ਕੋਈ ਵਰਗ ਆਪਣੇ ਸਭਿਆਚਾਰਕ ਅਤੇ ਵਿਰਾਸਤੀ ਕਦਰਾਂ ਕੀਮਤਾਂ ਨੂੰ ਵਿਸਾਰ ਕੇ ਜਿਉਂਦਾ ਨਹੀਂ ਰਹਿ ਸਕਦਾ ਅਤੇ ਇਨ੍ਹਾਂ ਕਦਰਾਂ ਕੀਮਤਾਂ ਅਤੇ ਭਵਿੱਖਤ ਸਮੇਂ ਦੀ ਤੋਰ ਅਨੁਸਾਰ ਆਪਣੀ ਸਭਿਅਤਾ ਦਾ ਨਿਰਮਾਣ ਕਰਦਾ ਹੈ।ਉਨ੍ਹਾਂ ਕਿਹਾ ਕਿ ਸਿਖਿਆ ਅਦਾਰਿਆਂ ਵਿਚ ਹੋਣ ਵਾਲੇ ਇਹ ਯੁਵਕ ਮੇਲਿਆਂ ਦੀ ਸਭਿਆਚਾਰਤਾ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ।
ਇਸ ਤੋਂ ਪਹਿਲਾਂ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਿੱਘਾ ‘ਜੀ ਆਇਆਂ’ ਆਖਿਆ।ਯੁਵਕ ਭਲਾਈ ਵਿਭਾਗ ਵਲੋਂ ਡਾ. ਚੱਢ੍ਹਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ ਗਿਆ।ਸ਼ਮਾ ਰੋਸ਼ਨ ਕਰਨ ਦੀ ਰਸਮ ਸਮੇਂ ਉਹਨਾਂ ਨਾਲ ਡਾ. ਅਨੀਸ਼ ਦੂਆ ਅਤੇ ਯੁਵਕ ਭਲਾਈ ਵਿਭਾਗ ਦੇ ਸਲਾਹਕਾਰ ਬਲਜੀਤ ਸਿੰਘ ਸੇਖੋਂ ਵੀ ਹਾਜ਼ਰ ਸਨ।
ਇਸ ਸਮੇਂ 29 ਨਵੰਬਰ ਤੱਕ ਚੱਲਣ ਵਾਲੇ ਵੱਖ-ਵੱਖ 36 ਦੇ ਕਰੀਬ ਮੁਕਾਬਲਿਆਂ ਦੀ ਜਾਣਕਾਰੀ ਦੇਂਦਿਆਂ ਡਾ. ਅਨੀਸ਼ ਦੂਆ ਨੇ ਦੱਸਿਆ ਕਿ ਚੰਗੇ ਸਮਾਜ ਦੀ ਸਿਰਜਣਾ ਵਿਚ ਕਲਾਸ ਰੂਮ ਦੀ ਇਕ ਮਹੱਤਵਪੂਰਨ ਭੂਮਿਕਾ ਹੁੰਦੀ ਹੈ।ਜ਼ਿੰਦਗੀ ਵਿਚ ਅਨੁਸ਼ਾਸਨ, ਵਿਵਹਾਰਕ ਗਿਆਨ, ਬਹੁਗੁਣੀ ਸਖਸ਼ੀਅਤ ਹੋਣਾ ਅਤੇ ਮਿਹਨਤ ਸਫਲਤਾ ਦੇ ਰਾਹ ਪਾਉਂਦੀਆਂ ਹਨ।
ਅੱਜ ਦੇ ਯੁਵਕ ਮੇਲੇ ਦੀ ਸ਼ੁਰੂਆਤ ਭੰਗੜਿਆਂ ਦੀ ਧਮਾਲ ਨਾਲ ਹੋਈ ਜਿਸ ਵਿਚ ਵੱਖ-ਵੱਖ ਕਾਲਜਾਂ ਦੀਆਂ ਭੰਗੜਾਂ ਟੀਮਾਂ ਨੇ ਲੁੱਡੀ, ਮਿਰਜਾਂ, ਧਮਾਲ, ਪਠਾਣੀਆਂ, ਸਿਆਲਕੋਟੀ, ਫੂੰਮਣੀਆਂ, ਲਹਿਰੀਆਂ, ਚਾਲਾ ਨਾਲ ਭੰਗੜੇ ਦੇ ਅਜਿਹੇ ਐਕਸ਼ਨ ਢੋਲ ਦੀ ਤਾਲ ਨਾਲ ਲਗਾਏ ਜਿਸ ਨਾਲ ਮੁੱਖ ਮਹਿਮਾਨ ਤੋਂ ਇਲਾਵਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਰਵਾਇਤੀ ਪੰਜਾਬੀ ਪਹਿਰਾਵੇ ਵਿਚ ਕੁੜਤੇ-ਚਾਦਰੇ ਵਿਚ ਸ਼ਮਲੇ ਵਾਲੀਆਂ ਪੱਗਾਂ ਨਾਲ ਸੱਜੇ-ਫੱਬੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਪਹਿਲੇ ਦਿਨ ਯਾਦਗਾਰੀ ਹੋ ਗਿਆ।ਕੈਂਠਿਆਂ, ਤਾਬੀਤੀਆਂ, ਗਾਨੀ, ਮੁੰਦਰਾਂ, ਸੱਪ, ਕਾਟੋਂ, ਅਲਗੋਜਾਂ, ਬੁਘਚੂ ਅਤੇ ਖੂੰਡੇ ਦੀ ਵਰਤੋਂ ਨਾਲ ਢੁੱਕਦੀਆਂ ਬੋਲੀਆਂ ਅਤੇ ਲੋਕ ਗੀਤਾਂ ਦੀ ਕਮਾਲ ਦੀ ਪੇਸ਼ਕਾਰੀ ਨਾਲ ਦਰਸ਼ਕ ਤਾੜੀਆਂ ਵਜਾਉਂਦੇ ਨਹੀਂ ਥੱਕ ਰਹੇ ਸਨ।
ਪਹਿਲੇ ਦਿਨ ਦਸਮੇਸ਼ ਆਡੀਟੋਰੀਅਮ ਦੀ ਸਟੇਜ `ਤੇ ਹੋਏ ਮੁਕਾਬਲਿਆਂ ਵਿਚ ਭੰਗੜਾ, ਸਮੂਹ ਸ਼ਬਦ/ਭਜਨ, ਸਮੂਹ ਗਾਇਨ ਭਾਰਤੀ, ਲੋਕ ਸਾਜ਼ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸੇ ਤਰ੍ਹਾਂ ਗੁਰੂ ਨਾਨਕ ਭਵਨ ਆਡੀਟੋਰੀਅਮ ਦੀ ਦੂਜੀ ਸਟੇਜ਼ `ਤੇ ਕਲਾਸੀਕਲ ਇੰਸਟਰੂਮੈਂਟਲ ਪਰਕਸ਼ਨ, ਕਲਾਸੀਕਲ ਇੰਸਟਰੂਮੈਂਟਲ ਨਾਨ-ਪਰਕਸ਼ਨ, ਕਲਾਸੀਕਲ ਵੋਕਲ, ਵਾਰ ਗਾਇਨ ਤੇ ਕਵਿਸ਼ਰੀ ਦੀਆਂ ਆਈਟਮਾਂ ਵਿਚ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਨੇ ਬਾਖੂਬੀ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕੀਤਾ।ਤੀਸਰੀ ਸਟਜ਼ ਆਰਕੀਟੈਕਚਰ ਵਿਭਾਗ ਵਿਚ ਲੱਗੀ ਸੀ। ਜਿਸ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਪੇਂਟਿੰਗ ਆਨ ਦ ਸਪੋਟ, ਕਾਰਟੂਨਿੰਗ, ਪੋਸਟਰ ਮੇਕਿੰਗ, ਆਨ ਦ ਸਪੌਟ ਫੋਟੋਗਰਾਫੀ, ਕਲੇਅ ਮਾਡਲਿੰਗ, ਕੋਲਾਜ਼, ਇੰਨਸਟਾਲੇਸ਼ਨ ਦੇ ਮੁਕਾਬਲੇ ਸਨ ਦੇ ਵਿਚ ਬਹੁਤ ਉਤਸ਼ਾਹ ਨਾਲ ਹਿ ਸਾ ਲਿਆ ਗਿਆ ।
27 ਨਵੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਹੋਣ ਵਾਲੇ ਮੁਕਾਬਲਿਆਂ ਦੇ ਵਿਚ ਪਹਿਰਾਵਾ ਪਰੇਡ, ਸਕਿੱਟ, ਮਮਿਕਰੀ, ਮਾਈਮ ਅਤੇ ਇਕਾਂਗੀ ਦੇ ਮੁਕਾਬਲੇ ਹੋਣਗੇ ਜਦੋਂ ਕਿ ਗੁਰੂ ਨਾਨਕ ਭਵਨ ਆਡੀਟੋਰੀਅਮ ਦੇ ਵਿਚ ਗੀਤ/ਗਜ਼ਲ ਅਤੇ ਲੋਕ ਗੀਤ ਦੇ ਮੁਕਾਬਲੇ ਹੋਣਗੇ।ਆਰਕੀਟੈਕਚਰ ਵਿਭਾਗ ਵਿਚ ਪੋਇਟੀਕਲ ਸਿੰਪੋਜ਼ੀਅਮ, ਐਲਕਿਊਸ਼ਨ, ਡੀਬੇਟ ਤੇ ਕੁਇਜ਼ ਦੇ ਮੁਕਾਬਲਿਆਂ ਵਿਚ ਵਿਦਿਆਰਥੀ ਆਪਣੀਆਂ ਕਲਾਵਾਂ ਨੂੰਂ ਕਲਾਤਮਕ ਛੂਹਾਂ ਦੇਣਗੇ।ਆਰਕੀਟੈਕਚਰ ਵਿਭਾਗ ਦੀ ਸਟੇਜ `ਤੇ ਰੰਗੋਲੀ, ਫੁਲਕਾਰੀ ਅਤੇ ਮਹਿੰਦੀ ਦੇ ਮੁਕਾਬਲੇ ਹੋਣਗੇ।
28 ਨਵੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਪੰਜਾਬ ਦਾ ਲੋਕ ਨਾਚ ਗਿੱਧਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਜਿਸ ਵਿਚ 6 ਕਾਲਜਾਂ ਦੀਆਂ ਮੰਨੀਆਂ ਪ੍ਰਮੰਨੀਆਂ ਗਿੱਧਾ ਟੀਮਾਂ ਵਿਚ ਸਖਤ ਮੁਕਾਬਲਾ ਹੋਵੇਗਾ ਅਤੇ ਇਸੇ ਸਟੇਜ `ਤੇ ਹੀ ਕਲਾਸਲੀਕਲ ਡਾਂਸ, ਜਨਰਲ ਡਾਂਸ ਹੋਣੇਗ।ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਪੱਛਮੀ ਵੋਕਲ ਸੋਲੋ, ਪੱਛਮੀ ਇੰਸਟਰੂਮੈਂਟਲ, ਪੱਛਮੀ ਸਮੂਹ ਗੀਤ ਦੇ ਮੁਕਾਬਲੇ ਹੋਣਗੇ।ਇਸੇ ਦਿਨ 28 ਨਵੰਬਰ ਨੂੰ ਮੁਕਾਬਲਿਆਂ ਤੋਂ ਬਾਅਦ ਜੇਤੂ ਰਹਿਣ ਵਾਲੇ ਕਾਲਜਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …