ਸ਼ਹੀਦਾਂ ਦੇ ਦੱਸੇ ਮਾਰਗ ਤੇ ਚੱਲ ਕੇ ਕੀਤਾ ਜਾ ਸਕਦਾ ਹੈ ਭਾਰਤ ਦਾ ਵਿਕਾਸ- ਐਸ.ਡੀ.ਐਮ
ਪਠਾਨਕੋਟ, 30 ਜਨਵਰੀ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ, ਸੰਗਰਾਮੀਆਂ ਅਤੇ ਰਾਸ਼ਟਰ
ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਨੂੰ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਯਾਦ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਸ਼ਹੀਦਾਂ ਲਈ ਕਰਵਾਏ ਗਏ ਸ਼ਰਧਾਂਜਲੀ ਸਮਾਰੋਹ ‘ਚ ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ ਧਾਰ ਕਲ੍ਹਾ ਨੇ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਸਭ ਨਿੱਘੀ ਤੇ ਆਜ਼ਾਦ ਫਿਜ਼ਾ ਵਿੱਚ ਵਿਚਰ ਰਹੇ ਹਾਂ ਅਤੇ ਸਾਨੂੰ ਹਮੇਸ਼ਾਂ ਉਨਾਂ ਨੂੰ ਆਪਣੇ ਚੇਤਿਆਂ ‘ਚ ਰੱਖਣਾ ਚਾਹੀਦਾ ਹੈ।ਉਨਾਂ ਕਿਹਾ ਕਿ ਦੇਸ਼ ਦੀ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਸੂਰਬੀਰਾਂ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਅਤੇ ਉਨ੍ਹਾਂ ਵਲੋਂ ਸੰਜੋਏ ਹੋਏ ਸੁਪਨਿਆਂ ਨੂੰ ਸਾਨੂੰ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਪੂਰਾ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਡਾ ਵੀ ਫਰਜ਼ ਬਣਦਾ ਹੈ ਕਿ ਦੇਸ਼ ਦੀ ਖੁਸ਼ਹਾਲੀ ਤੇ ਵਿਕਾਸ ਅਤੇ ਦੇਸ਼ ਅੰਦਰ ਅਮਨ, ਸਾਂਤੀ ਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ‘ਚ ਆਪਣਾ ਯੋਗਦਾਨ ਪਾਈਏ।ਉਨ੍ਹਾਂ ਕਿਹਾ ਕਿ 30 ਜਨਵਰੀ ਦਾ ਦਿਨ ਭਾਰਤ ਦੇ ਇਤਿਹਾਸ ਵਿਚ ਬਹੁਤ ਮਹੱਤਵ ਰੱਖਦਾ ਹੈ ਅਤੇ ਇਸ ਦਿਨ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ।ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਦੇਸ਼ ਦੇ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਤੇ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਸਲਾਮੀ ਦਿੱਤੀ ਗਈ।
ਇਸ ਮੌਕੇ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਸਤੀਸ਼ ਕੁਮਾਰ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Punjab Post Daily Online Newspaper & Print Media