ਸਰਬਤ ਦਾ ਭਲਾ ਟਰੱਸਟ ਪੀੜਤ ਪਰਿਵਾਰ ਦੇ ਬੱਚਿਆਂ ਲਈ ਦੇਵੇਗਾ ਮਾਸਿਕ ਪੈਨਸ਼ਨ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੰਮ੍ਰਿਤਸਰ ਜ਼ਿਲ੍ਹੇ ਦੀ ਸਰਹੱਦੀ ਤਹਿਸੀਲ ਅਜਨਾਲਾ ਨਾਲ ਸਬੰਧਿਤ 37 ਸਾਲਾ ਨੌਜਵਾਨ ਰਣਜੀਤ ਸਿੰਘ ਦਾ ਮ੍ਰਿਤਕ ਸਰੀਰ ਮੁਲਕ ਪੁੱਜ ਗਿਆ।ਰਣਜੀਤ ਸਿੰਘ ਪੁੱਤਰ ਅਮਰ ਸਿੰਘ ਦਾ ਉਸ ਦੇ ਜੱਦੀ ਪਿੰਡ ਮੋਹਨ ਭੰਡਾਰੀਆਂ ਵਿਖੇ ਅੱਜ ਅੰਤਿਮ ਸਸਕਾਰ ਕੀਤਾ ਗਿਆ।
ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਰਣਜੀਤ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ `ਚ ਕੁੱਝ ਵਰ੍ਹੇ ਪਹਿਲਾਂ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ।ਜਿਥੇ ਉਹ ਇਕ ਕੰਪਨੀ `ਚ ਬਤੌਰ ਡਰਾਈਵਰ ਕੰਮ ਕਰਦਾ ਸੀ।ਪਰ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ `ਚ ਉਸ ਦੀ ਕੰਪਨੀ ਨੇ ਉਸ ਨੂੰ ਕੰਮ ਤੋਂ ਜੁਆਬ ਦੇ ਦਿੱਤਾ ਸੀ।ਜਿਸ ਕਾਰਨ ਉਸ ਨੇ ਵਾਪਸ ਪੰਜਾਬ ਆਪਣੇ ਘਰ ਆਉਣ ਲਈ ਬੀਤੀ 18 ਜਨਵਰੀ ਦੀ ਟਿਕਟ ਵੀ ਖਰੀਦ ਲਈ ਸੀ।ਪਰ ਕੰਮ ਖੁੱਸਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਰਣਜੀਤ ਸਿੰਘ 16 ਜਨਵਰੀ ਨੂੰ ਅਚਾਨਕ ਚੱਕਰ ਖਾ ਕੇ ਜ਼ਮੀਨ ਤੇ ਡਿੱਗ ਪਿਆ ਅਤੇ 17 ਜਨਵਰੀ ਨੂੰ ਹਸਪਤਾਲ `ਚ ਦਿਮਾਗ ਦੀ ਨਾੜੀ ਫਟਣ ਕਾਰਨ ਉਸ ਮੌਤ ਹੋ ਗਈ ਸੀ।ਇਸ ਘਟਨਾ ਬਾਰੇ ਰਣਜੀਤ ਦੇ ਸਬੰਧੀਆਂ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਪੀੜਤ ਪਰਿਵਾਰ ਦੀ ਪਤਲੀ ਆਰਥਿਕ ਹਾਲਤ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਪਹੁੰਚਾਉਣ `ਚ ਸਹਿਯੋਗ ਕਰਨ ਲਈ ਕਿਹਾ ਸੀ।ਜਿਸ ‘ਤੇ ਉਨ੍ਹਾਂ ਦੁਬਈ ਵਿੱਚਲੇ ਭਾਰਤੀ ਦੂਤਾਵਾਸ ਦੇ ਸਹਿਯੋਗ ਸਦਕਾ ਰਣਜੀਤ ਸਿੰਘ ਦੇ ਮ੍ਰਿਤਕ ਸਰੀਰ ਨੂੰ ਦੁਬਈ ਤੋਂ ਭਾਰਤ ਭੇਜਿਆ ਗਿਆ ਹੈ।ਇਸ ਸਮੁੱਚੀ ਕਾਰਵਾਈ ਦੌਰਾਨ ਡਾ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਵੀ ਭੂਮਿਕਾ ਅਹਿਮ ਰਹੀ।
ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੇ ਸੀਨੀਅਰ ਅਹੁੱਦੇਦਾਰ ਡਾ. ਸਤਨਾਮ ਸਿੰਘ ਨਿੱਝਰ, ਮਨਪ੍ਰੀਤ ਸਿੰਘ ਸੰਧੂ ਚਮਿਆਰੀ ਤੇ ਨਵਜੀਤ ਸਿੰਘ ਘਈ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਵੇਖਦਿਆਂ ਟਰੱਸਟ ਮੁਖੀ ਡਾ. ਓਬਰਾਏ ਵਲੋਂ ਮ੍ਰਿਤਕ ਦੀ ਪਤਨੀ ਨੂੰ 2500 ਰੁਪਏ ਜਦ ਕਿ ਉਸ ਦੀ ਬਜ਼ੁਰਗ ਮਾਤਾ ਨੂੰ 1000 ਰੁਪਏ ਮਹੀਨਾਵਾਰ ਪੈਨਸ਼ਨ ਦੇਣ ਦਾ ਫੈਸਲਾ ਲਿਆ ਹੈ।ਜਿਸ ਦਾ ਪਹਿਲਾ ਚੈਕ ਅੱਜ ਹੀ ਪੀੜ਼ਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 289 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਗਏ ਹਨ।
ਇਸੇ ਦੌਰਾਨ ਮ੍ਰਿਤਕ ਰਣਜੀਤ ਸਿੰਘ ਦੀ ਬਜ਼ੁੱਰਗ ਵਿਧਵਾ ਮਾਂ ਨਰਿੰਦਰ ਕੌਰ, ਪਤਨੀ ਮਨਪ੍ਰੀਤ ਕੌਰ, ਤਾਇਆ ਸੂਬਾ ਸਿੰਘ, ਚਾਚਾ ਗੁਰਮੀਤ ਸਿੰਘ, ਭਰਾ ਬਿਕਰਮਜੀਤ ਸਿੰਘ, ਜਸਬੀਰ ਸਿੰਘ, ਰਾਜਬੀਰ ਸਿੰਘ ਹੈਪੀ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਅਤੇ ਹੋਰਨਾਂ ਇਲਾਕਾ ਨਿਵਾਸੀਆਂ ਨੇ ਉਸ ਦੀ ਮ੍ਰਿਤਕ ਦੇਹ ਲੈ ਕੇ ਆਉਣ ਲਈ ਵੱਡਾ ਸਹਿਯੋਗ ਕਰਨ `ਤੇ ਡਾ. ਐਸ.ਪੀ ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਕਿ ਡਾ. ਓਬਰਾਏ ਦੀ ਬਦੌਲਤ ਹੀ ਉਨ੍ਹਾਂ ਨੂੰ ਰਣਜੀਤ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਡਾ. ਓਬਰਾਏ ਵਲੋਂ ਪਰਿਵਾਰ ਨੂੰ ਮਾਸਿਕ ਪੈਨਸ਼ਨ ਦੇ ਰੂਪ `ਚ ਦਿੱਤੀ ਜਾਣ ਵਾਲੀ ਆਰਥਿਕ ਮਦਦ ਨਾਲ ਮ੍ਰਿਤਕ ਰਣਜੀਤ ਸਿੰਘ ਦੇ ਛੋਟੇ-ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇਗਾ।