Tuesday, March 3, 2026

ਅਕਾਲੀ-ਬਸਪਾ ਗਠਜੋੜ ਦੀ ਮਜ਼ਬੂਤ ਪਕੜ੍ਹ ਵੇਖ ਕੇ ਬੁਖਲਾਇਆ ਸਿਆਸੀ ਪਿੱਚ ਦਾ ਅਸਫ਼ਲ ਖਿਡਾਰੀ ਸਿੱਧੂ -ਮਜੀਠੀਆ

ਤਲਬੀਰ ਗਿੱਲ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ, ਕਾਂਗਰਸੀ ਪਰਿਵਾਰਾਂ ਨੇ ਫੜੀ ਤੱਕੜੀ

ਅੰਮ੍ਰਿਤਸਰ, 30 ਜਨਵਰੀ (ਸੁਖਬੀਰ ਸਿੰਘ) – ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਾਰਡ ਨੰਬਰ 41 ਵਿਖੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਚੋਣ ਮੁਹਿੰਮ ਨੂੰ ਭਰਵਾ ਹੁੰਗਾਰਾ ਦਿੰਦਿਆਂ ਵੱਡੀ ਗਿਣਤੀ ’ਚ ਕੱਟੜ ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ ਕਰਵਾਏ।ਜਿੰਨਾਂ ਵਿੱਚ ਗੁਰਪ੍ਰੀਤ ਸਿੰਘ, ਮੋਨੂੰ ਸ਼ਰਮਾ, ਸ਼ੰਮੀ ਸ਼ਰਮਾ, ਰਾਜ ਸਿੰਘ ਰਾਜੂ, ਪਰਮਜੀਤ ਸਿੰਘ ਪੰਮਾ, ਕੰਵਲਜੀਤ ਸਿੰਘ ਹਨੀ, ਨਰਿੰਦਰ ਸਿੰਘ, ਗੁਰਮੀਤ ਸਿੰਘ ਵਿੱਕੀ, ਪਰਮਜੀਤ ਸਿੰਘ ਰਾਜੂ, ਬਿੱਟੂ, ਹਰਮੀਤ ਸਿੰਘ ਰਾਜਾ, ਲਖਵੀਰ ਸਿੰਘ, ਮਲਕੀਤ ਸਿੰਘ, ਦਿਲਬਾਗ ਸਿੰਘ, ਪ੍ਰੀਤ ਸਿੰਘ, ਰਜਿੰਦਰ ਸਿੰਘ ਰਾਜੂ, ਰੋਜ਼ਰ ਭਾਟੀਆ ਆਦਿ ਸ਼ਾਮਿਲ ਹਨ।
                ਮਜੀਠੀਆ ਨੇ ਹਲਕਾ ਦੱਖਣੀ ਦੇ ਵਸਨੀਕਾਂ ਨੂੰ ਅਕਾਲੀ ਬਸਪਾ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਉਨਾਂ ਦਾ ਛੋਟਾ ਵੀਰ ਹੈ ਅਤੇ ਬਹੁਤ ਹੀ ਮਿਹਨਤੀ ਇਨਸਾਨ ਹੈ, ਜੋ ਉਨਾਂ ਦੀ ਸੇਵਾ ਲਈ ਹਾਜ਼ਰ ਹੈ ਅਤੇ ਹਮੇਸ਼ਾਂ ਹੀ ਹਾਜ਼ਰ ਰਹੇਗਾ।
                  ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬ-ਸੱਚੇ ਪਾਤਸ਼ਾਹ ਜੀ ਅੱਗੇ ਉਹ ਅਰਦਾਸ-ਬੇਨਤੀ ਕਰਕੇ ਆਏ ਹਨਹਾਂ, ਹੁਕਮਨਾਮਾ ਲਿਆ ਤੇ ਗੁਰੂ ਸਾਹਿਬ ਵਲੋਂ ਹੁਕਮਨਾਮਾ ਵੀ ‘ਚੜ੍ਹਦੀ ਕਲਾ’ ਦਾ ਆਇਆ ਅਤੇ ਜੋ ਸੰਗਤ ਦਾ ਹੁਕਮ ਹੈ, ਉਹ ਕਬੂਲ ਕਰਦੇ ਹੋਏ ਉਹ ਜੋ ਲੜ੍ਹਾਈ ਲੜ੍ਹਣ ਨੂੰ ਕਹਿਣ ਉਹ ਲੜ੍ਹਣ ਨੂੰ ਤਿਆਰ ਹਨ।ਉਨਾਂ ਕਿਹਾ ਕਿ ਇਸ ਹਲਕੇ ’ਚ ਲੋਕ ਚਾਹੁੰਦੇ ਸਨ ਕਿ ਉਨਾਂ ਨੂੰ ਵਕੀਲ ਚੰਗਾ ਚਾਹੀਦਾ ਹੈ ਅਤੇ ‘ਉਹ ਉਨਾਂ ਦੇ ਵਕੀਲ’ ਹਨ ਅਤੇ ਸੇਵਾ ਲਈ ਹਾਜ਼ਰ ਹਨ ਹੁਣ ਭਾਵੇਂ ਰੱਖ ਲਿਓ ਭਾਵੇਂ ਮਾਰ ਦਿਓ।ਮਜੀਠੀਆ ਨੇ ਕਿਹਾ ਕਿ ਉਨਾਂ ਦਾ ਮਾਡਲ ਬੜ੍ਹਾ ਸਿੱਧਾ ਹੈ, ਜਾ ਕੇ ਮਜੀਠੇ ਵੇਖਿਓ, ਕੰਮ ਕਰਵਾਇਆ ਹੈੈ।ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਕਿ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕਿਆ ਹਮੇਸ਼ਾਂ ਹੀ ਬਿਨ੍ਹਾਂ ਸੋਚੇ ਸਮਝੇ ਆਪਣੀ ਬੇਤੁਕੀ ਬਿਆਨਬਾਜ਼ੀ ਦੇ ਕਾਰਨ ਚਰਚਾ ’ਚ ਰਿਹਾ ਹੈ।ਹੁਣ ਵੀ ਸਿੱਧੂ ਆਪਣੀ ਹਾਰ ਨੂੰ ਵੇਖਦਾ ਹੋਇਆ ਬੁਖਲਾਹਟ ’ਚ ਆ ਗਿਆ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਰੱਖ ਰਿਹਾ ਹੈ ਜੇਕਰ ਖ਼ੁਦ ਦਾ ਨਾਂਅ ਆ ਗਿਆ ਤਾਂ ਠੀਕ ਹੈ, ਨਹੀਂ ਤਾਂ ਪਾਰਟੀ ਨਾਲ ਬਗਾਵਤ ਕਰੂ।ਮਜੀਠੀਆ ਨੇ ਕਿਹਾ ਕਿ ਸਿੱਧੂ ਜੋ ਕਿ ਰਾਜਨੀਤਿਕ ਪਿੱਚ ’ਤੇ ਇਕ ਅਸਫ਼ਲ ਕ੍ਰਿਕਟਰ ਸਾਬਿਤ ਹੋਏ, ਉਸ ਨੂੰ ਚਾਹੀਦਾ ਹੈ ਕਿ ਉਹ ‘ਟੀ.ਵੀ ਚੈਨਲਾਂ ’ਤੇ ਕੁਮੈਂਟਰੀ ਦੌਰਾਨ ‘ਠੋਕੋ ਤਾਲੀ’ ਹੀ ਕਰਨ ਜੋ ਉਨ੍ਹਾਂ ਨੂੰ ਸ਼ੋਭਾ ਦਿੰਦਾ ਹੈ।
             ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਗਠਜੋੜ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਗਠਜੋੜ ਵਲੋਂ ਵਿੱਢੀ ਗਈ ਮੁਹਿੰਮ ‘ਜੋ ਕਿਹਾ, ਉਹ ਕੀਤਾ, ਜੋ ਕਹਾਂਗੇ, ਉਹ ਕਰਾਂਗੇ’ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਹੈ।ਇਸ ਲਈ 20 ਤਰੀਕ ਨੂੰ ਤਕੜੀ ਦਾ ਬਟਨ ਦਬਾ ਕੇ ਵੱਡੀ ਜਿੱਤ ਨਾਲ ਗਠਜੋੜ ਨੂੰ ਸੱਤਾ ’ਚ ਲਿਆਓ।
               ਗਿੱਲ ਨੇ ਮਜੀਠੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਦੱਖਣੀ ਦੇ ਵਸਨੀਕਾਂ ਦੇ ਭਲੇ ਲਈ ਹਮੇਸ਼ਾਂ ਹੀ ਸ਼੍ਰੋਮਣੀ ਅਕਾਲੀ ਦਲ ਤੱਤਪਰ ਰਿਹਾ ਹੈ ਅਤੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਜਾਣਾ ਹੀ ਪਾਰਟੀ ਦੀ ਸੋਚ ਰਹੀ ਹੈ।
                ਉਨ੍ਹਾਂ ਨਾਲ ਗੁਰਪ੍ਰਤਾਪ ਸਿੰਘ ਟਿੱਕਾ, ਰਿੰਕੂ ਨਰੂਲਾ, ਅਮਰਬੀਰ ਸਿੰਘ ਢੋਟ, ਨਰਿੰਦਰ ਸਿੰਘ ਬਿੱਟੂ ਐਮ.ਆਰ, ਮਾਮਾ ਸਿਕੰਦਰ, ਭੁਪਿੰਦਰ ਸਿੰਘ ਬਿੱਟੂ ਕੇਬਲ ਵਾਲੇ ਸਮੇਤ ਹੋਰ ਅਕਾਲੀ ਵਰਕਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …