ਸੁਖਬੀਰ ਬਾਦਲ ਵਲੋਂ ਪੁਰਾਣੇ ਸ਼ਹਿਰੀ ਖੇਤਰ ਨੁੰ ਵਿਰਾਸਤੀ ਮਾਰਗ ਦੀ ਤਰਜ਼ `ਤੇ ਵਿਕਸਤ ਕਰਨ ਦਾ ਐਲਾਨ
ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਅੰਮ੍ਰਿਤਸਰ ਪੂਰਬੀ ‘ਚ ਵੱਡਾ ਹੁਲਾਰਾ ਮਿਲਿਆ ਜਦੋਂ ਕਾਂਗਰਸ ਦੇ ਤਿੰਨ ਮੌਜ਼ੂਦਾ
ਕੌਂਸਲਰ ਅਤੇ ਹੋਰ ਇਲਾਕਿਆਂ ਦੇ ਆਗੂ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਬਿਕਰਮ ਸਿੰਘ ਮਜੀਠੀਆ ਦੇ ਨਾਲ ਦਰਸ਼ਕਾਂ ਦੀ ਭੀੜ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤਿੰਨ ਨੇ ਕੌਂਸਲਰਾਂ ਰਾਜੇਸ਼ ਮਦਾਨ, ਰਾਜਿੰਦਰ ਸੈਣੀ ਤੇ ਲੱਡੂ ਪਹਿਲਵਾਨ ਦਾ ਪਾਰਟੀ ਵਿੱਚ ਸ਼ਾਮਲ ਹੋਣ `ਤੇ ਨਿੱਘਾ ਸਵਾਗਤ ਕੀਤਾ।ਸਾਬਕਾ ਬਲਾਕ ਸੰਮਤੀ ਮੈਂਬਰ ਬਲਵਿੰਦਰਪਾਲ ਸ਼ਰਮਾ, ਸਾਬਕਾ ਕੌਂਸਲਰ ਰਛਪਾਲ ਕੌਰ ਬਾਜਵਾ ਤੇ ਜਗਤਾਰ ਸਿੰਘ ਵੇਰਕਾ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਏ।
ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਦੇ ਵੀ ਅੰਮ੍ਰਿਤਸਰ ਲਈ ਕੁੱਝ ਨਹੀਂ ਕੀਤਾ।ਉਸ ਨੇ ਪਿਛਲੇ ਪੰਜ਼ ਸਾਲਾਂ ਦੌਰਾਨ ਅੰਮ੍ਰਿਤਸਰ ਪੂਰਬੀ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ।ਪਹਿਲਾਂ ਉਸ ਨੇ ਸਥਾਨਕ ਸਰਕਾਰ ਮੰਤਰੀ ਹੁੰਦਿਆਂ ਸ੍ਰੀ ਦਰਬਾਰ ਸਾਹਿਬ ਨੁੰ ਜਾਂਦੇ ਵਿਰਾਸਤੀ ਮਾਰਗ ਦਾ ਰੱਖ ਰਖਾਅ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਬਾਦਲ ਨੇ ਕਿਹਾ ਕਿ ਉਹ ਭਰੋਸਾ ਦੁਆਉਂਦੇ ਹਨ ਕਿ ਅੰਮ੍ਰਿਤਸਰ ਪੂਰਬੀ ਦੇ ਸਾਰੇ ਵਿਕਾਸ ਕਾਰਜ਼ ਤਰਜ਼ੀਹ ਦੇ ਆਧਾਰ `ਤੇ ਮੁਕੰਮਲ ਕੀਤੇ ਜਾਣਗੇ।ਟਰਾਂਸਪੋਰਟ ਨਗਰ ਨੁੰ ਤਬਦੀਲ ਕਰਕੇ ਇਥੇ ਵਪਾਰ ਮੁੜ ਸਥਾਪਿਤ ਕੀਤਾ ਜਾਵੇਗਾ।ਆਧੁਨਿਕ ਸਹੂਲਤਾਂ ਵਾਲੀ ਸਬਜ਼ੀ ਮੰਡੀ ਬਣਾ ਕੇ ਫੋਕਲ ਪੁਆਇੰਟ ਨੂੰ ਨਵੇਂ ਸਿਰੇ ਤੋਂ ਸੰਵਾਰਿਆ ਜਾਵੇਗਾ।ਪੁਰਾਣੇ ਅੰਮ੍ਰਿਤਸਰ ਸ਼ਹਿਰੀ ਖੇਤਰ ਨੁੰ ਵਿਰਾਸਤੀ ਮਾਰਗ ਦੀ ਤਰਜ਼ `ਤੇ ਵਿਕਸਤ ਕੀਤਾ ਜਾਵੇਗਾ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਰਿਕਾਰਡ ਫਰਕ ਨਾਲ ਜਿੱਤਣਗੇ।ਉਹਨਾਂ ਕਿਹਾ ਕਿ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਿੱਧੂ ਦੇ ਹੰਕਾਰੀ ਰਵੱਈਏ ਤੋਂ ਤੰਗ ਆ ਗਏ ਹਨ।ਇਸੇ ਲਈ ਉਹ ਧੜਾਧੜ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮਜੀਠੀਆ ਦੇ ਖਿਲਾਫ ਬੇਸਿਰ ਪੈਰ ਦੇ ਦੋਸ਼ ਲਗਾ ਦਿੱਤੇ ਗਏ ਹਨ।ਮਜੀਠੀਆ ਤੇ ਉਹਨਾਂ ਦਾ ਪਰਿਵਾਰ ਨਾ ਸਿਰਫ ਧਾਰਮਿਕ ਤੇ ਰੱਬ ਤੋਂ ਡਰਨ ਵਾਲਾ ਹੈ, ਬਲਕਿ ਉਹਨਾਂ ਦਾ ਸਮਾਜ ਤੇ ਸਿਆਸੀ ਸੇਵਾ ਦਾ ਇਕ ਸਰਵੋਤਮ ਰਿਕਾਰਡ ਹੈ। ਉਹਨਾਂ ਕਿਹਾ ਕਿ ਉਹਨਾਂ ਪਹਿਲਾਂ ਹੀ ਇਹ ਕਿਹਾ ਹੈ ਕਿ ਮਜੀਠੀਆ ਖਿਲਾਫ ਨਸ਼ੇ ਦੇ ਕੇਸ ਵਿਚ ਕੋਈ ਵੀ ਸਬੂਤ ਪੇਸ਼ ਕਰ ਦੇਵੇ ਤਾਂ ਉਹ ਰਾਜਨੀਤੀ ਹਮੇਸ਼ਾਂ ਲਈ ਛੱਡ ਦੇਣਗੇ।
ਮਜੀਠੀਆ ਨੇ ਕਾਂਗਰਸੀ ਕੌਂਸਲਰਾਂ ਅਤੇ ਹੋਰ ਆਗੂਆਂ ਦਾ ਉਹਨਾਂ `ਤੇ ਵਿਸ਼ਵਾਸ ਪ੍ਰਗਟ ਕਰਨ ਲਈ ਧੰਨਵਾਦ ਕੀਤਾ।
Punjab Post Daily Online Newspaper & Print Media