Sunday, November 15, 2026

ਸੁਖਦੇਵ ਸਿੰਘ ਢੀਂਡਸਾ ਨੇ ਸਨਮੁਖ ਸਿੰਘ ਮੋਖਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਸੰਗਰੂਰ, 18 ਫਰਵਰੀ (ਜਗਸੀਰ ਲੌਂਗੋਵਾਲ) – ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁੱਖੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਪਿੰਡ ਦਿਆਲਗੜ ਵਿਖੇ ਸੁਨਾਮ ਹਲਕੇ ਤੋਂ ਸੰਯੁਕਤ ਅਕਾਲੀ ਦਲ ਦੇ ਉਮੀਦਵਾਰ ਸਨਮੁਖ ਸਿੰਘ ਮੋਖਾ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।ਪਿੰਡ ਦਿਆਲਗੜ ਵਿਖੇ ਦਲਿਤ ਧਰਮਸ਼ਾਲਾ ਵਿਖੇ ਪਿੰਡ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਕਿਹਾ ਕਿ ਉਨਾਂ ਨੇ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਭਾਜਪਾ ਨਾਲ ਗਠਜੋੜ ਕੀਤਾ ਹੈ।ਉਹ ਮੁੱਢ ਤੋਂ ਹੀ ਕਿਸਾਨ ਅੰਦੋਲਨ ਦੇ ਹਮਾਇਤੀ ਰਹੇ ਹਨ।ਕਾਲੇ ਕਾਨੂੰਨਾਂ ਦੇ ਵਿਰੋਧ ’ਚ ਸਭ ਤੋਂ ਪਹਿਲਾਂ ਅਵਾਜ਼ ਉਠਾਉਣ ਤੋਂ ਇਲਾਵਾ ਉਨਾਂ ਦੇਸ਼ ਦਾ ਸਰਵੋਤਮ ਪੁਰਸਕਾਰ ਪਦਮ ਭੂਸ਼ਨ ਵੀ ਵਾਪਸ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਬੇਹੱਦ ਨਿਘਰਦੇ ਹਾਲਾਤਾਂ, ਕਰਜ਼ੇ ’ਚ ਡੁੱਬ ਚੁੱਕੇ ਪੰਜਾਬ ਅਤੇ ਕਿਸਾਨੀ, ਉਦਯੋਗਾਂ ਦਾ ਖ਼ਤਮ ਹੋਣਾ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਪਾਣੀਆਂ ਦਾ ਡੂੰਘੇ ਹੋ ਜਾਣਾ ਸਮੇਤ ਪੰਜਾਬ ਦੇ ਅਨੇਕਾਂ ਅਜਿਹੇ ਮੁੱਦੇ ਹਨ ਜਿੰਨਾਂ ਦੇ ਹੱਲ ਲਈ ਦੋਹਰੇ ਇੰਜਣ ਵਾਲੀ ਸਰਕਾਰ ਬਣਾਉਣਾ ਬੇਹੱਦ ਲਾਜ਼ਮੀ ਹੈ।ਇਸ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ, ਕਾਲੀ ਸੂਚੀ ਦਾ ਖ਼ਾਤਮਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਤ ਅਨੇਕਾਂ ਪੰਥਕ ਮੁੱਦੇ ਵੀ ਵਰਿਆਂ ਤੋਂ ਲਟਕਦੇ ਆ ਰਹੇ ਹਨ।ਸੂਬੇ ਦੀ ਭਲਾਈ ਲਈ ਉਨਾਂ ਨੇ ਕੇਂਦਰ ਨੂੰ 11 ਨੁਕਾਤੀ ਪ੍ਰੋਗਰਾਮ ਦਿੱਤਾ ਹੈ ਅਤੇ ਕੇਂਦਰ ਨੇ ਇਸ ਪ੍ਰੋਗਰਾਮ ਨੂੰ ਸੁਹਿਰਦਤਾ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਹੈ।
               ਇਸ ਮੌਕੇ ਸਤਿਗੁਰ ਸਿੰਘ ਨਮੋਲ, ਗੁਰਚਰਨ ਸਿੰਘ ਧਾਲੀਵਾਲ, ਸਰਪੰਚ ਹਰਵਿੰਦਰ ਕੌਰ, ਸਾਬਕਾ ਸਰਪੰਚ ਨਾਜਰ ਸਿੰਘ, ਸਾਬਕਾ ਸਰਪੰਚ ਮੁਖ਼ਤਿਆਰ ਸਿੰਘ, ਸਾਬਕਾ ਪੰਚ ਅਵਤਾਰ ਸਿੰਘ, ਬਿੰਦਰ ਸ਼ਰਮਾ, ਕੁਲਦੀਪ ਸਿੰਘ ਵਿਰਕ, ਗੁਰਪ੍ਰੀਤ ਸਿੰਘ ਸੋਸਾਇਟੀ ਪ੍ਰਧਾਨ, ਜਰਨੈਲ ਸਿੰਘ, ਜਗਦੇਵ ਸਿੰਘ ਅਤੇ ਕਰਮਜੀਤ ਸਿੰਘ ਹਾਜ਼ਰ ਸਨ।

Check Also

‘ਆਪ’ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਰਨੈਲ ਸਿੰਘ ਢੋਟ ਨੇ ਦਿੱਤੀ ਵਧਾਈ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਇੰਚਾਰਜ਼ …