ਉਸ ਤਰ੍ਹਾਂ ਭਾਵੇਂ ਰੁੱਤਾਂ ਚਾਰ ਹੀ ਹੁੰਦੀਆਂ ਹਨ, ਪਰ ਸਾਡੇ ਦੇਸ਼ ਵਿੱਚ ਪੌਣੇ ਕੁ ਪੰਜ ਸਾਲ ਬਾਅਦ ਇੱਕ ਪੰਜਵੀਂ ਰੁੱਤ ਅਜਿਹੀ ਵੀ ਆਉਂਦੀ ਹੈ, ਜਦੋਂ ਨਰੈਣ ਕੀੜੀਆਂ ਦੇ ਘਰਾਂ ਵੱਲ ਨੂੰ ਵਹੀਰਾਂ ਘੱਤਦੇ ਹਨ।ਇਸ ਰੁੱਤ ਵਿੱਚ ਵੱਡੇ ਵੱਡੇ ਰੈਸਟੋਰੈਂਟਾਂ ਵਿੱਚ ਲੱਖਾਂ ਰੁਪਇਆਂ ਦਾ ਖਾਣਾ ਖਾਣ ਵਾਲੇ ਲੀਡਰ ਆਮ ਰੇਹੜੀ ਤੋਂ 30-35 ਰੁਪਏ ਵਾਲੇ ਭੱਲੇ-ਟਿਕੀਆਂ ਖਾਂਦੇ, ਖੇਤਾਂ ਵਿੱਚ ਵਾਣ ਦੇ ਮੰਜ਼ੇ ‘ਤੇ ਬਹਿ ਕੇ ਕਿਸਾਨਾਂ-ਮਜ਼ਦੂਰਾਂ ਨਾਲ ਬਾਟੀਆਂ ਵਿੱਚ ਚਾਹਾਂ ਪੀਂਦੇ ਵੇਖੇ ਜਾ ਸਕਦੇ ਹਨ।ਇਨ੍ਹਾਂ ਦਿਨਾਂ ਦੌਰਾਨ ਸੋਸ਼ਲ ਮੀਡੀਆ ‘ਤੇ ਖੇਤਾਂ, ਸੜਕਾਂ ਅਤੇ ਬਾਜ਼ਾਰਾਂ ਵਿੱਚ ਅਜਿਹੇ ਸੀਨ ਆਮ ਵੇਖਣ ਨੂੰ ਮਿਲਦੇ ਹਨ।ਇਸ ਰੁਤ ਦਾ ਕਮਾਲ ਤਾਂ ਇਹ ਹੈ ਕਿ ਆਮ ਬੰਦੇ ਦੀ ਪਹੁੰਚ ਤੋਂ ਦੂਰ ਰਹਿਣ ਵਾਲੇ, ਘੜੱਮ ਚੋਧਰੀਆਂ ਨੂੰ ਵੀ ਘੰਟਿਆਂ, ਦਿਨਾਂ ਦੀ ਉਡੀਕ ਤੋਂ ਬਾਅਦ ਮਿਲਣ ਵਾਲੇ ਲੀਡਰ ਇਸ ਰੁੱਤ ਵਿੱਚ ਕਿਸੇ ਵੀ ਮਾਤੜ ਬੰਦੇ ਦੇ ਘਰ ਚਾਹ-ਪਾਣੀ ਛਕਣ ਆ ਧਮਕਦੇ ਹਨ ਅਤੇ ਛੋਟਾ ਭਰਾ, ਵੱਡਾ ਭਰਾ ਆਦਿ ਦਾ ਖਿਤਾਬ ਆਮ ਵੰਡਦੇ ਦਿਖਾਈ ਦਿੰਦੇ ਹਨ। ਮਾਤੜ ਬੰਦਾ ਵੀ ਇਸ ਗੱਲ ਦੀ ਫੂਕ ਛੱਕ ਜਾਂਦਾ ਹੈ ਕਿ ਐਡਾ ਵੱਡਾ ਬੰਦਾ ਮੇਰੇ ਘਰ ਆ ਗਿਆ।ਫਿਰ ਕੀ ਫੋਟੋਗਰਾਫਰ ਤੋਂ ਨੇਤਾ ਜੀ ਨਾਲ ਖਿਚਵਾਈ ਫੋਟੋ ਵੱਡੇ ਸਾਰੇ ਫਰੇਮ ਵਿੱਚ ਜੜਵਾ ਕੇ ਬਾਹਰਲੀ ਬੈਠਕ ਦੀ ਕੰਧ ‘ਤੇ ਲਮਕਾ ਦਿੰਦਾ ਹੈ ਅਤੇ ਸਾਰੇ ਲਾਣੇ ਦੀਆਂ ਵੋਟਾਂ ਪੱਕੀਆਂ ਕਰਨ ਵਿੱਚ ਰੁੱਝ ਜਾਂਦਾ ਹੈ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਜ਼ਾਬਤਾ ਲੱਗਦਿਆਂ ਹੀ ਇਹ ਵਰਤਾਰਾ ਆਮ ਵੇਖਣ ਨੂੰ ਮਿਲਦਾ ਹੈ।ਨੇਤਾ ਆਮ ਲੋਕਾਂ ਨੂੰ ਇਸ ਤਰ੍ਹਾਂ ਮਿਲ ਰਹੇ ਹਨ ਜਿਵੇਂ ਕਿ ਉਹ ਉਨ੍ਹਾਂ ਦੀ ਸੇਵਾ ਲਈ ਹੀ ਸਮਰਪਿਤ ਹਨ। ਕਾਸ਼! ਇਹ ਰੁੱਤ ਹਮੇਸ਼ਾ ਰਹੇ ਅਤੇ ਆਮ ਬੰਦੇ ਦੀ ਸੁਣਵਾਈ ਇਸ ਤਰ੍ਹਾਂ ਹੁੰਦੀ ਹੋਵੇ।ਇਥੇ ਆਮ ਲੋਕਾਂ ਨੂੰ ਵੀ ਇਸ ਰੁੱਤ ਵਿੱਚ ਸੋਚ ਵਿਚਾਰ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਕਿਸੇ ਨੇਤਾ ਦੀਆਂ ਲੁਭਾਉਣੀਆਂ ਗੱਲਾਂ ਵਿੱਚ ਨਾ ਆ ਕੇ ਬਿਨਾਂ ਕਿਸੇ ਦਬਾਅ ਜਾਂ ਲਾਲਚ ਦੇ ਅਜਿਹੇ ਨੇਤਾ ਨੂੰ ਹੀ ਵੋਟ ਦੇਣੀ ਚਾਹੀਦੀ ਹੈ, ਜੋ ਸਿਰਫ਼ ਵੋਟਾਂ ਸਮੇਂ ਹੀ ਨਹੀਂ ਹਮੇਸ਼ਾਂ ਲਈ ਨਾਲ ਖੜਣ ਦੀ ਯੋਗਤਾ ਰੱਖਦਾ ਹੋਵੇ।19022022
ਚਾਨਣ ਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)
ਸੰਪਰਕ – 9876888177