ਵਿਸ਼ੇਸ਼ ਲੋੜਾਂ ਵਾਲੇ ਕਰਮਚਾਰੀ ਵੀ ਚਲਾਉਣਗੇ ਦੋ ਪੋਲਿੰਗ ਬੂਥ – ਜਿਲ੍ਹਾ ਚੋਣ ਅਧਿਕਾਰੀ
ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਅੰਮ੍ਰਿਤਸਰ ਜਿਲੇ ਵਿਚ 13 ਪਿੰਕ ਬੂਥ ਤੇ 137 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ।ਜਿਲ੍ਹਾ ਚੋਣ ਅਫਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪਿੰਕ ਬੂਥਾਂ ਉਪਰ ਕੇਵਲ ਮਹਿਲਾ ਸਟਾਫ ਹੀ ਤਾਇਨਾਤ ਕੀਤਾ ਗਿਆ ਹੈ।ਇਨ੍ਹਾਂ ਬੂਥਾਂ ਨੂੰ ਗੁਲਾਬੀ ਰੰਗ ਵਿਚ ਰੰਗਿਆ ਗਿਆ ਅਤੇ ਸ਼ਮਿਆਨਾ ਵੀ ਇਸੇ ਰੰਗ ਦਾ ਹੈ।ਇਸ ਤੋਂ ਇਲਾਵਾ ਮਾਡਲ ਪੋਲਿੰਗ ਸਟੇਸ਼ਨਾਂ ਅੰਦਰ ਵੋਟਰਾਂ ਦੇ ਸਵਾਗਤ ਲਈ ਪੰਜਾਬ ਵਿਧਾਨ ਸਭਾ ਚੋਣਾਂ ਦੇ ਮਸਕਟ ‘ਸ਼ੇਰਾ’ ਦੇ ਕਟ ਆਊਟ ਲਗਾਉਣ ਤੋਂ ਇਲਾਵਾ ਰੰਗੋਲੀ ਬਣਾਉਣ, ਨਵੇਂ ਵੋਟਰਾਂ ਦਾ ਸਵਾਗਤ ਕਰਨ ਤੇ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ।ਇਸ ਤੋਂ ਇਲਾਵਾ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਉਕਤ ਵਿਅਕਤੀਆਂ ਦੁਆਰਾ ਜੋ ਕਿ ਸਰਕਾਰੀ ਕਰਮਚਾਰੀ ਹਨ ਵਲੋਂ ਦੋ ਪੋਲਿੰਗ ਬੂਥਾਂ ’ਤੇ ਡਿਊਟੀ ਦਿੱਤੀ ਜਾਵੇਗੀ।ਉਨਾਂ ਅੰਮ੍ਰਿਤਸਰ ਜਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ ਆਪਣੇ ਆਪਣੇ ਬੂਥ ‘ਤੇ ਪਹੁੰਚ ਕੇ ਵੋਟਾਂ ਪਾਉਣ, ਜਿਥੇ ਹਰ ਤਰ੍ਹਾਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।ਉਨਾਂ ਕਿਹਾ ਕਿ ਵੋਟਾਂ ਲੋਕਤੰਤਰ ਦਾ ਤਿਓਹਾਰ ਹਨ, ਜਿਸਨੂੰ ਸ਼ਾਂਤੀ ਅਤੇ ਉਤਸ਼ਾਹ ਨਾਲ ਮਨਾਉਂਦੇ ਹੋਏ ਆਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ।
ਖਹਿਰਾ ਨੇ ਦੱਸਿਆ ਕਿ ਵੋਟਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 189 ਸੈਕਟਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।ਉਨਾਂ ਕਿਹਾ ਕਿ ਜਿਨਾਂ ਵੋਟਰਾਂ ਕੋਲ ਵੋਟਰ ਆਈ.ਡੀ ਕਾਰਡ ਨਹੀਂ ਹੈ ਉਹ ਦੂਸਰੇ ਸ਼ਨਾਖਤੀ ਕਾਰਡ ਲਿਜਾ ਕੇ ਵੀ ਆਪਣੀ ਵੋਟ ਪਾ ਸਕਦਾ ਹੈ।ਬਸ਼ਰਤੇ ਕਿ ਉਸਦਾ ਵੋਟਰ ਸੂਚੀ ਵਿੱਚ ਨਾਮ ਹੋਏ।ਉਨਾਂ ਦੱਸਿਆ ਕਿ ਸ਼ਨਾਖਤੀ ਕਰਾਡ ਵਿੱਚ ਪਾਸਪੋਰਟ, ਡਰਾਇਵਿੰਗ ਲਾਇਸੰਸ, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ/ਪਬਲਿਕ ਲਿਮਟਿਡ ਕੰਪਨੀਆਂ ਵਲੋਂ ਕਰਮਚਾਰੀਆਂ ਨੂੰ ਜਾਰੀ ਫੋਟੋਗ੍ਰਾਫ ਵਾਲਾ ਸਰਵਿਸ ਸ਼ਨਾਖਤੀ ਕਾਰਡ, ਬੈਂਕ/ਪੋਸਟ ਆਫਿਸ ਵਲੋਂ ਜਾਰੀ ਫੋਟੋਗ੍ਰਾਫ ਵਾਲੀ ਪਾਸਬੁੱਕ, ਪੈਨ ਕਾਰਡ, ਐਨ.ਪੀ.ਐਰ ਤਹਿਤ ਆਰ.ਜੀ.ਆਈ ਵਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਕਾਰਡ, ਕਿਰਤ ਮੰਤਰਾਲੇ ਵਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋਗ੍ਰਾਫ ਵਾਲਾ ਪੈਨਸ਼ਨ ਦਸਤਾਵੇਜ, ਐਮ.ਪੀ/ਐਮ.ਐਲ.ਏ/ਐਮ.ਐਲ.ਸੀ ਵਲੋਂ ਜਾਰੀ ਅਧਿਕਾਰਤ ਪਛਾਣ ਪੱਤਰ ਅਤੇ ਆਧਾਰ ਕਾਰਡ ਸ਼ਾਮਲ ਹੈ। ਉਨਾਂ ਅੱਗੇ ਦੱਸਿਆ ਕਿ ਐਨ.ਆਰ.ਆਈ ਵੋਟਰਾਂ ਨੂੰ ਪਛਾਣ ਲਈ ਆਪਣਾ ਅਸਲ ਭਾਰਤੀ ਪਾਸਪੋਰਟ ਪੇਸ਼ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਵੋਟਰਾਂ ਦੇ ਨਿਰਵਿਘਨ ਮਤਦਾਨ ਨੂੰ ਯਕੀਨੀ ਬਣਾਉਣ ਲਈ, ਕਮਿਸ਼ਨ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਵੋਟਰ ਫ਼ੋਟੋ ਸ਼ਨਾਖਤੀ ਕਾਰਡ ਦੇ ਮਾਮਲੇ ਵਿੱਚ, ਇੰਦਰਾਜ਼ਾਂ ਵਿੱਚ ਮਾਮੂਲੀ ਅੰਤਰ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ, ਬਸ਼ਰਤੇ ਮਤਦਾਤਾ ਫੋਟੋ ਸ਼ਨਾਖਤੀ ਕਾਰਡ ਦੁਆਰਾ ਵੋਟਰ ਦੀ ਪਛਾਣ ਸਾਬਿਤ ਹੁੰਦੀ ਹੋਵੇ।