ਕਿਸਾਨ ਹੁਣ ਵੱਡੇ ਸੰਘਰਸ਼ ਲਈ ਤਿਆਰ ਹਨ, ਅਜੇ ਵੀ ਟਰਾਲੀਆਂ ‘ਚੋਂ ਨਹੀਂ ਲਾਹਿਆ ਸਮਾਨ – ਬਿੱਕਰ ਮਾਨ ਕੋਟਲਾ
ਸਮਰਾਲਾ, 6 ਮਾਰਚ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਚੰਡੀਗੜ੍ਹ
ਰੋਡ ਸਮਰਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਬਲਾਕ ਪ੍ਰਧਾਨ ਮਾਛੀਵਾੜਾ ਦੀ ਅਗਵਾਈ ਹੇਠ ਹੋਈ।
ਮੀਟਿੰਗ ਦੌਰਾਨ ਬੀਤੇ ਦਿਨੀਂ ਕੇਂਦਰ ਸਰਕਾਰ ਦੁਆਰਾ ਭਾਖੜਾ ਬਿਆਸ ਮੈਨੇਜਮੈਂਟ ਵਿੱਚ ਪੰਜਾਬ ਅਤੇ ਹਰਿਆਣਾ ਦੀ ਨੁਮਾਇੰਦਿਗੀ ਖਤਮ ਕਰਕੇ ਆਪਣੇ ਹੱਥਾਂ ਵਿੱਚ ਲੈਣ, ਚੰਡੀਗੜ੍ਹ ਬਿਜਲੀ ਬੋਰਡ ਜੋ ਮੁਨਾਫੇ ਵਿੱਚ ਹੋਣ ਦੇ ਬਾਵਜ਼ੂਦ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਮੁੱਦੇ ਵਿਚਾਰੇ ਗਏ।ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੁਣ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲ ਵਾਪਸ ਲੈਣ ਉੁਪਰੰਤ ਆਪਣੀ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਲਈ ਪੰਜਾਬ ਦੇ ਸਾਰੇ ਅਧਿਕਾਰ ਖੋਹ ਕੇ ਬਰਬਾਦ ਕਰਨ ਤੇ ਤੁਲੀ ਹੋਈ ਹੈ।ਪ੍ਰੰਤੂ ਪੰਜਾਬ ਦੇ ਲੋਕ ਅਜਿਹਾ ਕਦੇ ਵੀ ਨਹੀਂ ਹੋਣ ਦੇਣਗੇ। ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ ਨਾ ਆਈ ਤਾਂ ਪੰਜਾਬ ਦੇ ਕਿਸਾਨ ਅਜੇ ਵੀ ਵੱਡੇ ਸੰਘਰਸ਼ ਲਈ ਤਿਆਰ ਖੜ੍ਹੇ ਹਨ, ਉਨ੍ਹਾਂ ਨੇ ਅਜੇ ਵੀ ਆਪਣੀਆਂ ਟਰਾਲੀਆਂ ਵਿੱਚੋਂ ਸਮਾਨ ਨਹੀਂ ਲਾਹਿਆ ਹੈ।
ਬਲਵੀਰ ਸਿੰਘ ਖੀਰਨੀਆਂ ਨੇ ਕਿਹਾ ਕਿ ਕੇਂਦਰ ਵਾਰ ਵਾਰ ਪੰਜਾਬ ਦੀ ਅਣਖ ਨੂੰ ਵੰਗਾਰ ਰਿਹਾ ਹੈ।ਪੰਜਾਬ ਭਾਰਤ ਦਾ ਹਿੱਸਾ ਹੈ ਅਤੇ ਸਦਾ ਰਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੁਣ ਪਤਨ ਸ਼ੁਰੂ ਹੋ ਗਿਆ ਹੈ।ਇਸ ਲਈ ਉਹ ਮਾੜੇ ਹੱਥਕੰਡੇ ਅਪਣਾ ਰਿਹਾ ਹੈ।ਉਨ੍ਹਾਂ ਕਿਹਾ ਪੰਜਾਬ ਦੇ ਲੋਕ ਸਿਆਸੀ ਲੋਕਾਂ ਦਾ ਖਹਿੜਾ ਛੱਡ ਇੱਕਜੁੱਟ ਹੋਣ ਦਾ ਸਬੂਤ ਦੇਣ।
ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਜਨ: ਸਕੱਤਰ, ਦਰਬਾਰਾ ਸਿੰਘ, ਕਰਮਜੀਤ ਸਿੰਘ ਕੋਟਲਾ ਸਮਸ਼ਪੁਰ, ਬਹਾਦਰ ਸਿੰਘ ਮੰਜਾਲੀਆਂ, ਗੁਰਮੇਲ ਸਿੰਘ ਮੰਜਾਲੀਆਂ, ਬਲਜੀਤ ਸਿੰਘ ਕਟਾਣਾ ਸਾਹਿਬ, ਬਲਵੀਰ ਸਿੰਘ ਕਟਾਣਾ ਸਾਹਿਬ, ਸੁਖਰਾਜ ਸਿੰਘ ਕਟਾਣਾ ਸਾਹਿਬ, ਹਰਮੀਤ ਸਿੰਘ ਮੱਲ ਮਾਜ਼ਰਾ, ਦਵਿੰਦਰ ਸਿੰਘ ਮੱਲ ਮਾਜ਼ਰਾ, ਕੁਲਦੀਪ ਸਿੰਘ ਮੱਲ ਮਾਜ਼ਰਾ, ਜੀਵਨ ਸਿੰਘ ਮੱਲ ਮਾਜ਼ਰਾ, ਗੁਰਦੇਵ ਸਿੰਘ ਕਟਾਣਾ ਸਾਹਿਬ, ਨਵਜੀਵ ਮਾਂਗਟ ਕਟਾਣਾ ਸਾਹਿਬ ਆਦਿ ਹਾਜ਼ਰ ਸਨ।
Punjab Post Daily Online Newspaper & Print Media